ਜ਼ਿਲਾ ਵਾਸੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖੋ-ਵੱਖ ਰੱਖਣ ਤੇ ਸਫਾਈ ਮੁਹਿੰਮ ’ਚ ਸਹਿਯੋਗ ਦਾ ਸੱਦਾ
ਬਰਨਾਲਾ, 11 ਅਗਸਤ 2021
ਸਵੱਛ ਭਾਰਤ ਮਿਸ਼ਨ ਤਹਿਤ ਸੁੱਕੇ ਅਤੇ ਗਿੱਲੇ ਕੂੜੇ ਦਾ ਸੁਚੱਜਾ ਪ੍ਰਬੰਧਨ ਕੀਤਾ ਜਾਵੇ ਅਤੇ ਵਿਆਪਕ ਸਫਾਈ ਉਪਰਾਲੇ ਵਿੱਢੇ ਜਾਣ ਤਾਂ ਜੋ ਕੌਮੀ ਪੱਧਰ ’ਤੇ ਸ਼ਹਿਰ ਨੂੰ ਬਿਹਤਰੀਨ ਰੈਂਕਿੰਗ ਮਿਲ ਸਕੇ। ਇਹ ਪ੍ਰਗਟਾਵਾ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਨਗਰ ਕੌਂਸਲਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸਵੱਛ ਭਾਰਤ ਮਿਸ਼ਨ ਦੇ ਪੰਜਾਬ ਦੇ ਪ੍ਰਾਜੈਕਟ ਡਾਇਰੈਕਟਰ ਪੂਰਨ ਸਿੰਘ ਵੱਲੋਂ ਕੀਤਾ ਗਿਆ।ਉਨਾਂ ਆਖਿਆ ਕਿ ਭਾਵੇਂ ਸ਼ਹਿਰਾਂ ਵਿਚ ਗਿੱਲੇ ਅਤੇ ਸੁੱਕੇ ਕੂੜੇ ਦੇ ਵੱਖੋ ਵੱਖ ਅਤੇ ਸੁਚੱਜੇ ਪ੍ਰਬੰਧਨ ਦੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਇਸ ਵਿਚ ਆਮ ਲੋਕਾਂ ਦੇ ਸਹਿਯੋਗ ਦੀ ਵੱਡੀ ਜ਼ਰੂਰਤ ਹੈ। ਉਨਾਂ ਆਖਿਆ ਕਿ ਸ਼ਹਿਰ ਵਾਸੀਆਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ 100 ਫੀਸਦੀ ਵੱਖੋ ਵੱਖ ਰੱਖਣ ਬਾਰੇ ਜਾਗਰੂਕ ਕੀਤਾ ਜਾਵੇ। ਉਨਾਂ ਕਿਹਾ ਕਿ ਲੋਕਾਂ ਦੀ ਭਾਗੀਦਾਰੀ ਨਾਲ ਹੀ ਅਸੀਂ ਕੂੜੇ ਨੂੰ ਸਹੀ ਵਰਤੋਂ ਵਿੱਚ ਲਿਆ ਸਕਦੇ ਹਾਂ।
ਉਨਾਂ ਆਖਿਆ ਕਿ ਪਲਾਸਟਿਕ ਦੇ ਲਿਫਾਫੇ ਵਰਤੋਂ ਵਿੱਚ ਨਹੀਂ ਲਿਆਉਣੇ ਚਾਹੀਦੇ, ਇਸ ਵਾਸਤੇ ਵੀ ਉਪਰਾਲੇ ਕੀਤੇ ਜਾਣ। ਇਸ ਤੋਂ ਇਲਾਵਾ ਸਕੂਲਾਂ ਵਿੱਚ ਵੀ ਸਵੱਛਤਾ ਦੀ ਮੁਹਿੰਮ ਨੂੰ ਲੈ ਕੇ ਬੱਚਿਆਂ ਨੂੰ ਵੀ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ ਨੇ ਵਿਸ਼ਵਾਸ ਦਿਵਾਇਆ ਕਿ ਜ਼ਿਲੇ ਵਿਚ ਖਾਸ ਕਰ ਕੇ ਸ਼ਹਿਰਾਂ ਵਿਚ ਸਫਾਈ ਉਪਰਾਲਿਆਂ ਵਿਆਪਕ ਪੱਧਰ ’ਤੇ ਲਿਆਂਦਾ ਜਾਵੇਗਾ। ਉਨਾਂ ਆਮ ਲੋਕਾਂ ਨੂੰ ਨਗਰ ਕੌਂਸਲਾਂ ਦੇ ਅਮਲੇ ਤੇ ਸਫਾਈ ਕਾਮਿਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਮਿਉਸਿਪਲ ਕੌਂਸਲ ਅਧਿਕਾਰੀਆਂ ਵੱਲੋਂ ਪ੍ਰਾਜੈਕਟ ਡਾਇਰੈਕਟਰ ਅਤੇ ਵਧੀਕ ਡਿਪਟੀ ਕਮਿਸ਼ਨਰ ਦਾ ਪੌਦਿਆਂ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਕਾਰਜਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਸ੍ਰੀ ਮੋਹਿਤ ਕੁਮਾਰ, ਕਾਰਜਸਾਧਕ ਅਫਸਰ ਨਗਰ ਕੌਂਸਲ ਧਨੌਲਾ ਅਤੇ ਨਗਰ ਪੰਚਾਇਤ ਹੰਡਿਆਇਆ ਸ. ਮਨਪ੍ਰੀਤ ਸਿੰਘ ਸਿੱਧੂ, ਕਾਰਜਸਾਧਕ ਅਫਸਰ ਤਪਾ ਅਤੇ ਭਦੌੜ ਸ੍ਰੀ ਬਾਲ ਕਿਸ਼ਨ, ਸੁਪਰਡੈਂਟ ਸੈਨੀਟੇਸ਼ਨ, ਸੈਨੇਟਰੀ ਇੰਸਪੈਕਟਰ, ਕਮਿਊਨਿਟੀ ਫੈਸਿਲੀਟੇਟਰ ਤੇ ਹੋਰ ਸਟਾਫ ਹਾਜ਼ਰ ਸੀ।