20 ਜੁਲਾਈ ਨੂੰ ਹੋਣ ਵਾਲੀ ਜਿਲ੍ਹਾ ਪੱਧਰੀ ਰੋਸ ਰੈਲੀ ਬਾਰੇ ਕੀਤੀ ਵਿਚਾਰ ਚਰਚਾ
ਫ਼ਿਰੋਜ਼ਪੁਰ 17 ਅਗਸਤ 2021 ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਫਿਰੋਜ਼ਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਨਵੀਨਰ ਰਾਮ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਾਂਝਾ ਫਰੰਟ ਵਿੱਚ ਸ਼ਾਮਲ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ ਆਉਣ ਵਾਲੇ ਸੰਘਰਸ਼ ਤੇ ਵਿਚਾਰ ਚਰਚਾ ਕੀਤੀ । ਮੀਟਿੰਗ ਵਿੱਚ 20 ਅਗਸਤ ਨੂੰ ਫਿਰੋਜ਼ਪੁਰ ਵਿਖੇ ਹੋਣ ਵਾਲੀ ਜਿਲ੍ਹਾ ਪੱਧਰੀ ਰੈਲੀ ਬਾਰੇ ਵਿਚਾਰ ਚਰਚਾ ਕੀਤੀ।
ਇਸ ਮੌਕੇ ਕਨਵੀਨਰਜ਼ ਅਜਮੇਰ ਸਿੰਘ, ਕ੍ਰਿਸ਼ਨ ਚੰਦ ਜਾਗੋਵਾਲੀਆ, ਮਨੋਹਰ ਲਾਲ, ਰਵਿੰਦਰ ਕੁਮਾਰ ਲੂਥਰਾ, ਰਾਕੇਸ ਕੁਮਾਰ ਸ਼ਰਮਾ, ਕੇ.ਐਲ ਗਾਬਾ ਤੋ ਇਲਾਵਾ ਪ੍ਰਵੀਨ ਕੁਮਾਰ ਪੰਜਾਬ ਸੁਬਾਰਡੀਨੇਟ ਦੇ ਜਨਰਲ ਸਕੱਤਰ, ਅਜੀਤ ਸਿੰਘ ਸੋਢੀ ਜਨਰਲ ਸਕੱਤਰ ਪੈਨਸ਼ਨਰ ਯੂਨੀਅਨ, ਨਛੱਤਰ ਸਿੰਘ, ਸ, ਮੁਖਤਿਆਰ ਸਿੰਘ ਪੀਐਸਪੀਸੀਐਲ ਮੰਡਲ ਜੀਰਾ, ਹਕੂਮਤ ਰਾਏ ਪ੍ਰਧਾਨ ਪੀਐਸਟੀਪੀਸੀਐਲ, ਹਰਭਗਵਾਨ ਕੰਬੋਜ, ਬਲਵੰਤ ਸਿੰਘ, ਬੂਟਾ ਸਿੰਘ, ਬਲਵੀਰ ਸਿੰਘ,ਰਾਜ ਕੁਮਾਰ, ਰਮਨ ਅੱਤਰੀ ਸਿਹਤ ਵਿਭਾਗ ਤੋਂ, ਕਨਵੀਨਰ ਐਕਸਰੇ ਵਿਭਾਗ ਤੋਂ ਸੁਤੰਤਰ ਸਿੰਘ, ਸੰਦੀਪ ਸਿੰਘ ਸਿੱਧੂ, ਸੁਖਵਿੰਦਰ ਸਿੰਘ ਪੀਐਸਈਬੀ ਆਦਿ ਬੁਲਾਰਿਆ ਨੇ ਦੱਸਿਆ ਕਿ ਕੈਪਟਨ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀਆਂ ਅਤੇ 6ਵੇਂ ਤਨਖਾਹ ਕਮਿਸ਼ਨ ਦੀਆਂ ਅੱਤ ਦੋਖੀ ਸਿਫਾਰਸ਼ਾਂ/ਮੰਤਰੀ ਮੰਡਲ ਦੇ ਮਾਰੂ ਫੈਸਲਿਆਂ ਵਿਰੁੱਧ ਵੱਡੇ ਸ਼ੰਘਰਸ ਕਰਨ ਦੇ ਫੈਸਲੇ ਕੀਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਨਹੀ ਦੇ ਰਹੀ ਜਿਸ ਕਾਰਨ ਮੁਲਾਜ਼ਮ ਵਰਗ ਵਿਚ ਰੋਸ ਦੀ ਲਹਿਰ ਦੋੜ ਗਈ ਹੈ ਅਤੇ ਹਰ ਮੁਲਾਜ਼ਮ ਸੜਕਾਂ ਤੇ ਰੁਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਜਿਲ੍ਹੇ ਵਿਚ 20 ਅਗਸਤ ਨੂੰ ਹੋਣ ਵਾਲੇ ਧਰਨੇ ਵਿਚ ਵੱਡਾ ਇਕੱਠ ਕਰਕੇ ਪੰਜਾਬ ਸਰਕਾਰ ਨੂੰ ਦੱਸਿਆ ਜਾਵੇਗਾ ਕਿ 2022 ਇਲੈਕਸ਼ਨ ਵਿਚ ਉਨ੍ਹਾਂ ਦਾ ਮੁਲਾਜ਼ਮ ਵਰਗ ਵੱਲੋਂ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਸਮੂਹ ਮਲੁਜ਼ਮ ਵਰਗ ਨੂੰ ਇਕੱਠ ਹੋ ਕੇ 20 ਅਗਸਤ ਨੂੰ ਹੋਣ ਵਾਲੀ ਰੈਲੀ ਨੂੰ ਸਫਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਰੈਲੀ ਨੂੰ ਸਫਲ ਬਣਾਉਣ ਲਈ ਸਮੂਹ ਵਿਭਾਗਾਂ ਵਿਚ ਜਾ ਕੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ 20 ਨੂੰ ਹੋਣ ਵਾਲੀ ਰੈਲੀ ਦੇ ਪ੍ਰਬੰਧਾਂ ਸਬੰਧੀ ਜਥੇਬੰਦੀਆਂ ਦੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆ ਹਨ। ਉਨ੍ਹਾਂ ਕਿਹਾ ਕਿ ਰੈਲੀ ਵਿਚ ਆਉਣ ਵਾਲੇ ਮੁਲਾਜ਼ਮਾਂ ਲਈ ਪੀਣ ਵਾਲੇ ਪਾਣੀ, ਪੱਖੇ, ਅਤੇ ਦਰੀਆਂ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀ ਮੰਨਦੀ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਪਟਿਆਲਾ ਨਾਲੋ ਵੀ ਵੱਡੀ ਰੈਲੀ ਮੋਹਾਲੀ ਸ਼ਹਿਰ ਵਿਖੇ ਕੀਤੀ ਜਾਵੇਗੀ ਜਿਸ ਵਿਚ ਲੱਖਾ ਮੁਲਾਜ਼ਮ ਪੈਨਸ਼ਨਰ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਕਿ ਪੇ-ਕਮਿਸ਼ਨ ਵਿਚ ਸੋਧ ਕਰਕੇ ਰਲੀਜ ਕਰਨਾ, ਡੀਏ ਦੀਆਂ ਕਿਸ਼ਤਾਂ ਰਲੀਜ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਮੈਡੀਕਲ ਭੱਤਾ 2 ਹਜ਼ਾਰ ਰੁਪਏ ਮਹੀਨਾ ਕਰਨ ਆਦਿ ਮੰਗਾਂ ਨੂੰ ਜਲਦੀ ਪੂਰੀਆਂ ਕੀਤੀਆ ਜਾਣ। ਅੰਤ ਵਿਚ ਉਨ੍ਹਾਂ ਸਮੂਹ ਮੁਲਾਜ਼ਮ ਵਰਗ ਨੂੰ ਅਪੀਲ ਕੀਤੀ ਕਿ 20 ਅਗਸਤ ਨੂੰ ਹੋਣ ਵਾਲੀ ਰੈਲੀ ਸਵੇਰੇ 11:00 ਵਜੇ ਸ਼ੁਰੂ ਹੋ ਜਾਵੇਗੀ ਸਾਰੇ ਮੁਲਾਜ਼ਮ ਸਮੇ ਸਿਰ ਹਾਜਰ ਹੋ ਕੇ ਵੱਡਾ ਇਕੱਠ ਕੀਤਾ ਜਾਵੇ।