ਸੀ-ਵਿਜ਼ਲ ਨਾਗਰਿਕ ਐਪ
ਜ਼ਿਲ੍ਹਾ ਵਾਸੀ ਚੋਣ ਜ਼ਾਬਤੇ ਦੀ ਉਲੰਘਣਾ, ਸ਼ਰਾਰਤੀ ਅਨਸਰਾਂ ਸਮੇਤ ਵੋਟਾਂ ਖਰੀਦਣ ਲਈ ਸ਼ਰਾਬ, ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦੀ ਸ਼ਿਕਾਇਤ ਸੀ- ਵਿਜ਼ਲ ਐਪ ’ਤੇ ਕਰਨ
ਗੁਰਦਾਸਪੁਰ, 17 ਜਨਵਰੀ 2022
ਵਿਧਾਨ ਸਭਾ ਚੋਣਾਂ-2022 ਲਈ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਸੀ-ਵਿਜ਼ਲ ਨਾਗਰਿਕ ਐਪ ਤਿਆਰ ਕੀਤੀ ਗਈ ਹੈ, ਜਿਸ ਰਾਹੀ 100 ਮਿੰਟ ਦੇ ਅੰਦਰ-ਅੰਦਰ ਹੀ ਕਾਰਵਾਈ ਕੀਤੀ ਜਾਂਦੀ ਹੈ। ਗੁਰਦਾਸਪੁਰ ਜ਼ਿਲੇ ਅੰਦਰ (16 ਜਨਵਰੀ ਤਕ) 24 ਸ਼ਿਕਾਇਤਾਂ ਮਿਲੀਆਂ ਸਨ, ਜਿਨਾਂ ਦਾ 100 ਮਿੰਟ ਦੇ ਅੰਦਰ-ਅੰਦਰ ਹੀ ਨਿਪਟਾਰਾ ਕਰ ਦਿੱਤਾ ਗਿਆ।
ਹੋਰ ਪੜ੍ਹੋ :-ਜ਼ਿਲ੍ਹੇ ‘ਚ 21 ਜਨਵਰੀ ਨੂੰ ਸਰਕਾਰੀ ਸਕੂਲਾਂ ਵਿਚ ਕਰਵਾਇਆ ਜਾਵੇਗਾ ਗਣਿਤ ਓਲੰਪੀਆਡ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ –ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਸੀ- ਵਿਜਲ ਰਾਹੀਂ 15 ਜਨਵਰੀ ਨੂੰ 4 ਸ਼ਿਕਾਇਤਾਂ ਮਿਲੀਆਂ ਸਨ। ਜਿਸ ਤਹਿਤ ਫਤਿਹਗੜ੍ਹ ਚੂੜੀਆਂ ਹਲਕੇ ਤੋਂ ਗਲੀ ਦੇ ਵਿਕਾਸ ਕੰਮ ਕਰਨ ਸਬੰਧੀ 3 ਵੱਜ ਕੇ 26 ਮਿੰਟ ਵਿਚ ਸ਼ਿਕਾਇਤ ਮਿਲੀ, ਜਿਸਨੂੰ 90 ਮਿੰਟ ਵਿਚ ਨਿਪਟਾਇਆ ਗਿਆ। ਇਸੇ ਹਲਕੇ ਤੋਂ 3 ਵੱਜ ਕੇ 56 ਮਿੰਟ ’ਤੇ ਸ਼ਿਕਾਇਤ ਮਿਲੀ ਕਿ ਰਾਜਨੀਤਿਕ ਰੈਲੀ ਕੀਤੀ ਜਾ ਰਹੀ ਹੈ, ਪਰ ਟੀਮ ਨੇ ਜਾ ਕੇ ਵੇਖਿਆ ਤਾਂ ਅਜਿਹਾ ਨਹੀਂ ਸੀ. ਇਹ ਸ਼ਿਕਾਇਤ 95 ਮਿੰਟ ਵਿਚ ਨਿਪਟਾਈ ਗਈ। ਹਲਕੇ ਵਿਧਾਨ ਸਭਾ ਗੁਰਦਾਸਪੁਰ ਤੋਂ 6 ਵੱਜ ਕੇ 50 ਮਿੰਟ ਵਿਚ ਸ਼ਿਕਾਇਤ ਮਿਲੀ ਕਿ ਲੋਕਾਂ ਨੂੰ ਕੰਬਲ ਵੰਡੇ ਜਾ ਰਹੇ ਹਨ। ਇਹ ਸ਼ਿਕਾਇਤ 56 ਮਿੰਟ ਵਿਚ ਨਿਪਟਾਈ ਗਈ। ਡੇਰਾ ਬਾਬਾ ਨਾਨਕ ਹਲਕੇ ਤੋਂ ਸ਼ਾਮ 4 ਵੱਜ ਕੇ 32 ਮਿਟ ’ਤੇ ਸ਼ਿਕਾਇਤ ਮਿਲੀ ਕਿ ਰਾਜਨੀਤਿਕ ਪਾਰਟੀ ਦਾ ਪੋਸਟਰ ਲੱਗਿਆ ਹੋਇਆ ਹੈ, ਜਿਸ ਨੂੰ 29 ਮਿੰਟ ਦੇ ਅੰਦਰ ਉਤਾਰਿਆ ਗਿਆ।
ਇਸੇ ਤਰਾਂ 16 ਜਨਵਰੀ ਨੂੰ 05 ਸ਼ਿਕਾਇਤਾਂ ਮਿਲੀਆਂ। ਜਿਸ ਤਹਿਤ ਹਲਕਾ ਫਤਹਿਗੜ੍ਹ ਚੂੜੀਆਂ ਵਿਖੇ 02 ਸ਼ਿਕਾਇਤਾਂ ਰਾਜਨੀਤਿਕ ਪਾਰਟੀਆਂ ਦੇ ਪੋਸਟਰ ਲੱਗੇ ਹੋਣ ਦੀ ਮਿਲੀ, ਜਿਸ ’ਤੇ ਕਾਰਵਾਈ ਕਰਦਿਆਂ ਇੱਕ ਸ਼ਿਕਾਇਤ 32 ਮਿੰਟ ਵਿਚ ਅਤੇ ਦੂਜੀ ਸ਼ਿਕਾਇਤ 41 ਮਿੰਟ ’ਤੇ ਨਿਪਟਾ ਦਿੱਤੀ ਗਈ। ਹਲਕਾ ਡੇਰਾ ਬਾਬਾ ਨਾਨਕ ਤੋਂ ਸ਼ਿਕਾਇਤ ਮਿਲੀ ਕਿ ਵਿਕਾਸ ਕੰਮ ਸ਼ੁਰੂ ਕੀਤਾ ਗਿਆ ਹੈ ਪਰ ਟੀਮ ਨੇ ਜਾ ਕੇ ਵੇਖਿਆ, ਅਜਿਹਾ ਨਹੀਂ ਸੀ। ਇਹ ਸ਼ਿਕਾਇਤ 68 ਮਿੰਟ ਵਿਚ ਨਿਪਟਾਈ ਗਈ। ਬਟਾਲਾ ਵਿਖੇ ਦਾਣਾ ਮੰਡੀ ਦੇ ਨੇੜੇ 4 ਵੱਜ ਕੇ 17 ਮਿੰਟ ’ਤੇ ਰਾਜਨੀਤਿਕ ਪਾਰਟੀ ਦਾ ਪੋਸਟਰ ਲੱਗਣ ਦੀ ਸ਼ਿਕਾਇਤ ਮਿਲੀ , ਜਿਸ ਨੂੰ 41 ਮਿੰਟ ਵਿਚ ਉਤਾਰ ਦਿੱਤਾ ਗਿਆ ਤੇ ਧਾਰੀਵਾਲ ਪੁਰਾਣੇ ਬੱਸ ਅੱਡੇ ’ਤੇ ਪੋਸਟਰ ਲੱਗਣ ਦੀ ਸ਼ਿਕਾਇਤ 7 ਵੱਜ ਕੇ 19 ਮਿੰਟ ’ਤੇ ਮਿਲੀ , ਜਿਸ ਨੂੰ 61 ਮਿੰਟ ਵਿਚ ਨਿਪਟਾ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੀ-ਵਿਜ਼ਲ ਉੱਤੇ 15 ਸ਼ਿਕਾਇਤਾਂ ਮਿਲੀਆਂ ਸਨ, ਜਿਨਾਂ ਦਾ 100 ਮਿੰਟ ਦੇ ਅੰਦਰ-ਅੰਦਰ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ ਤਰਾਂ ਜ਼ਿਲੇ ਅੰਦਰ ਹੁਣ ਤਕ ਸੀ-ਵਿਜ਼ਲ ਉੱਤੇ ਕੁਲ 24 ਸ਼ਿਕਾਇਤਾਂ ਮਿਲੀਆਂ ਸਨ, ਜਿਸ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਫੋਨ ਵਿਚ ਸੀ-ਵਿਜ਼ਲ ਐਪ ਡਾਊਨਲੋਡ ਕਰਨ ਅਤੇ ਕਿਸੇ ਵੀ ਤਰਾਂ ਦੀ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਇਸ ਐਪ ਰਾਹੀਂ ਕਰ ਸਕਦੇ ਹਨ। ਇਸ ਐਪ ’ਤੇ ਸ਼ਰਾਰਤੀ ਅਨਸਰਾਂ ਸਮੇਤ ਵੋਟਾਂ ਖਰੀਦਣ ਲਈ ਸ਼ਰਾਬ, ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ। ਉਨਾਂ ਅੱਗੇ ਦੱਸਿਆ ਕਿ ਹੈਲਪਲਾਈਨ ਨੰਬਰ 1950 ਉੱਤੇ ਵੀ ਸ਼ਿਕਾਇਤ ਜਾਂ ਵੋਟਾਂ ਸਬੰਧੀ ਸਹਾਇਤਾ ਲਈ ਸੰਪਰਕ ਕੀਤਾ ਜਾ ਸਕਦਾ ਹੈ।