ਪਿਛਲੇ ਸਾਲਾ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਭਵਿੱਖ ਦੀ ਬਣਾਈ ਜਾਵੇਗੀ ਰਣਨੀਤੀ : ਸਾਕਸ਼ੀ ਸਾਹਨੀ
ਨਸ਼ਿਆਂ ਦੀ ਦਲਦਲ ‘ਚ ਫਸੇ ਨੌਜਵਾਨਾਂ ਨੂੰ ਮੁੱਖ ਧਾਰਾ ‘ਚ ਲਿਆਉਣ ਲਈ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਚਲਾਏਗਾ ਸਾਂਝੀ ਮੁਹਿੰਮ : ਐਸ.ਐਸ.ਪੀ
ਨਸ਼ਾ ਮੁਕਤ ਭਾਰਤ ਮੁਹਿੰਮ ਸੰਬੰਧੀ ਜ਼ਿਲਾ ਪੱਧਰੀ ਮੀਟਿੰਗ ਦਾ ਆਯੋਜਨ
ਪਟਿਆਲਾ, 27 ਅਪ੍ਰੈਲ 2022
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚੋਂ ਨਸ਼ੇ ਦੀ ਸਮੱਸਿਆ ਨੂੰ ਪੂਰੀ ਤਰਾਂ ਖ਼ਤਮ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਨਸ਼ਾ ਮੁਕਤ ਭਾਰਤ ਮੁਹਿੰਮ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਕਸ਼ੀ ਸਾਹਨੀ ਨੇ ਕਿਹਾ ਕਿ ਪਿਛਲੇ ਸਾਲਾਂ ‘ਚ ਨਸ਼ਾ ਛਡਾਊ ਕੇਂਦਰ ‘ਚ ਇਲਾਜ ਕਰਵਾਉਣ ਵਾਲੇ ਵਿਅਕਤੀਆਂ ਦਾ ਡਾਟਾ ਇਕੱਤਰ ਕਰਕੇ ਉਸਦਾ ਵਿਸ਼ਲੇਸ਼ਣ ਕਰਕੇ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਕ ਹਫ਼ਤੇ ਦੇ ਅੰਦਰ ਪੁਰਾਣੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਐਸ.ਐਸ.ਪੀ. ਡਾ. ਨਾਨਕ ਸਿੰਘ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੌਤਮ ਜੈਨ ਵੀ ਮੌਜੂਦ ਸਨ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਅਗਾਂਹਵਧੂ ਕਿਸਾਨਾਂ ਦਾ ਸਨਮਾਨ
ਸਾਕਸ਼ੀ ਸਾਹਨੀ ਨੇ ਐਸ.ਡੀ.ਐਮਜ਼ ਨੂੰ ਅਜਿਹੇ ਸਥਾਨਾਂ ਦੀ ਪਹਿਚਾਣ ਕਰਨ ਲਈ ਕਿਹਾ ਜਿਥੇ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਜ਼ਿਆਦਾ ਹੈ, ਤਾਂ ਜੋ ਉਨ੍ਹਾਂ ਖੇਤਰਾਂ ‘ਤੇ ਧਿਆਨ ਕੇਂਦਰਿਤ ਕਰਕੇ ਨਸ਼ੇ ਦੀ ਅਲਾਮਤ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ‘ਚ ਖੇਡ ਭਾਵਨਾ ਉਤਸ਼ਾਹਤ ਕਰਨ ਲਈ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਵੀ ਵਿਕਸਤ ਕੀਤਾ ਜਾਵੇਗਾ ਤਾਂ ਜੋ ਬੱਚੇ ਅਤੇ ਨੌਜਵਾਨ ਆਪਣੀ ਊਰਜਾ ਨੂੰ ਸਹੀ ਪਾਸੇ ਲਗਾ ਸਕਣ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਪੰਚਾਂ ਨੂੰ ਵੀ ਇਸ ਨਸ਼ਾ ਮੁਕਤ ਭਾਰਤ ਮੁਹਿੰਮ ‘ਚ ਸ਼ਾਮਲ ਕਰਦੇ ਹੋਏ, ਉਨ੍ਹਾਂ ਦੀ ਟਰੇਨਿੰਗ ਕਰਵਾਈ ਜਾਵੇ, ਤਾਂ ਕਿ ਉਹ ਇਸ ਮੁਹਿੰਮ ‘ਚ ਅਹਿਮ ਭੂਮਿਕਾ ਨਿਭਾਅ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਾ ਛੱਡਣ ਦੇ ਇੱਛੁਕ ਵਿਅਕਤੀਆਂ ਦਾ ਮਾਰਗਦਰਸ਼ਨ ਕਰਨ ਲਈ ਇਕ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਜਾਵੇਗਾ, ਜਿਥੇ ਉਹ ਆਪਣੀ ਜਾਣਕਾਰੀ ਕਿਸੇ ਵੀ ਤਰ੍ਹਾਂ ਦੇ ਡਰ ਤੋਂ ਬਿਨ੍ਹਾਂ ਦੇ ਸਕਣਗੇ। ਉਨ੍ਹਾਂ ਡਿਪਟੀ ਮੈਡੀਕਲ ਕਮਿਸ਼ਨਰ ਨੂੰ ਅਜਿਹੀ ਡਾਕੂਮੈਂਟਰੀ ਬਣਾਉਣ ਲਈ ਕਿਹਾ ਜਿਸ ‘ਚ ਨਸ਼ਾ ਛਡਾਊ ਕੇਂਦਰ ਤੇ ਓਟ ਕਲੀਨਿਕ ਦੀ ਪੂਰੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਹੋਵੇ ਤਾਂ ਜੋ ਨਸ਼ਾ ਛੱਡਣ ਦੇ ਇੱਛੁਕ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਨ ਦੇ ਸ਼ੰਕੇ ਦੂਰ ਹੋ ਸਕਣ।
ਮੀਟਿੰਗ ਦੌਰਾਨ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਨਸ਼ਿਆਂ ਖਿਲਾਫ਼ ਪੁਲਿਸ ਤੇ ਜ਼ਿਲ੍ਹਾ ਪ੍ਰਸਾਸ਼ਨ ਸਾਂਝੀ ਮੁਹਿੰਮ ਚਲਾਏਗਾ ਤਾਂ ਜੋ ਨਸ਼ਿਆਂ ਦੀ ਇਸ ਅਲਾਮਤ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਕ ਬੇਸਿਕ ਡਾਟਾ ਸ਼ੀਟ ਤਿਆਰ ਕੀਤੀ ਜਾਵੇ, ਜਿਸ ਵਿੱਚ ਜ਼ਰੂਰੀ ਫੋਨ ਨੰਬਰ ਹੋਣ ਤੇ ਹਰੇਕ ਸਬੰਧਤ ਅਧਿਕਾਰੀ ਨੂੰ ਉਹ ਡਾਟਾ ਸ਼ੀਟ ਦਿੱਤੀ ਜਾਵੇ, ਤਾਂ ਕਿ ਜ਼ਰੂਰਤ ਸਮੇਂ ਉਹ ਸਬੰਧਤ ਅਧਿਕਾਰੀ ਨਾਲ ਤਾਲਮੇਲ ਕਰ ਸਕੇ।
ਮੀਟਿੰਗ ‘ਚ ਐਸ.ਡੀ.ਐਮ ਸਮਾਣਾ ਟੀ ਬੈਨਿਥ, ਐਸ.ਡੀ.ਐਮ. ਪਾਤੜਾਂ ਅੰਕੁਰਜੀਤ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ) ਚੰਦਰ ਜੋਤੀ ਸਿੰਘ, ਐਸ.ਡੀ.ਐਮ ਪਟਿਆਲਾ ਚਰਨਜੀਤ ਸਿੰਘ, ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ, ਐਸ.ਡੀ.ਐਮ. ਨਾਭਾ ਕੰਨੂੰ ਗਰਗ, ਸਹਾਇਕ ਕਮਿਸ਼ਨਰ (ਜ) ਕਿਰਨ ਸ਼ਰਮਾ, ਸਿਵਲ ਸਰਜਨ ਡਾ. ਰਾਜੂ ਧੀਰ, ਡੀ.ਐਸ.ਐਸ.ਓ ਵਰਿੰਦਰ ਸਿੰਘ ਟਿਵਾਣਾ, ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਐਸ.ਐਸ.ਪੀ ਡਾ. ਨਾਨਕ ਸਿੰਘ ਨਸ਼ਾ ਮੁਕਤ ਭਾਰਤ ਮੁਹਿੰਮ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।