ਐਸ ਏ ਐਸ ਨਗਰ 9 ਅਗਸਤ :
ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਵਿਖੇ ਅਜ ਸੁਧਾ ਜੈਨ ‘ਸੁਦੀਪ’ ਦੀ ਬਾਲ ਇਕਾਂਗੀ ‘ਭਾਰਤ ਦੇ ਰਾਸ਼ਟਰੀ ਪ੍ਰਤੀਕ’ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਹੋਈ। ਸਮਾਗਮ ਦੀ ਪ੍ਰਧਾਨਗੀ ਡਾ. ਵੀਰਪਾਲ ਕੌਰ (ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ) ਵੱਲੋਂ ਕੀਤੀ ਗਈ। ਸ਼੍ਰੀ ਜੰਗ ਬਹਾਦਰ ਗੋਇਲ (ਰਿਟਾ. ਆਈ.ਏ.ਐੱਸ. ਅਤੇ ਪ੍ਰਸਿੱਧ ਲੇਖਕ) ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਪੰਜਾਬ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਸ਼ਿਰਕਤ ਕਰਨ ਲਈ ਪਹੁੰਚੇ ਮੁੱਖ ਮਹਿਮਾਨਾਂ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਹਨਾਂ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਦੀ ਰੂਪਰੇਖਾ ਸਾਂਝੀ ਕਰਕੇ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ ਅਤੇ ਵਿਚਾਰ ਚਰਚਾ ਦਾ ਆਗਾਜ਼ ਕੀਤਾ ਗਿਆ।
ਸਾਹਿਤ ਕਲਾ ਸੱਭਿਆਚਾਰ ਮੰਚ ਮੋਹਾਲੀ ਦੇ ਪ੍ਰਧਾਨ ਸ਼੍ਰੀ ਬਾਬੂ ਰਾਮ ਦੀਵਾਨਾ ਵੱਲੋਂ ਸੁਧਾ ਜੈਨ ‘ਸੁਦੀਪ’ ਦੀ ਬਾਲ ਇਕਾਂਗੀ ‘ਭਾਰਤ ਦੇ ਰਾਸ਼ਟਰੀ ਪ੍ਰਤੀਕ’ ਬਾਰੇ ਸੰਖੇਪ ਜਾਣ-ਪਛਾਣ ਕਰਾਈ ਗਈ। ਸ਼੍ਰੋਮਣੀ ਬਾਲ ਸਾਹਿਤਕਾਰ ਸ਼੍ਰੀ ਮਨਮੋਹਨ ਸਿੰਘ ਦਾਊਂ ਵੱਲੋਂ ਹੱਥਲੀ ਬਾਲ ਇਕਾਂਗੀ ਸਬੰਧੀ ਖੋਜ ਭਰਪੂਰ ਪਰਚਾ ਪੜ੍ਹਦੇ ਹੋਏ ਸਮੁੱਚੇ ਰਾਸ਼ਟਰੀ ਪ੍ਰਤੀਕਾਂ ਦੀ ਇੱਕੋ ਪੁਸਤਕ ਵਿੱਚ ਇਕੱਤਰਤਾ ਸਦਕਾ ਇਸ ਨੂੰ ਇੱਕ ਇਤਿਹਾਸਕ ਦਸਤਾਵੇਜ਼ ਦਾ ਲਕਬ ਦਿੱਤਾ ਗਿਆ। ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਰਮਾ ਰਤਨ ਵੱਲੋਂ ਪੁਸਤਕ ਬਾਰੇ ਬੋਲਦਿਆਂ ਕਿਹਾ ਗਿਆ ਕਿ ਬਾਲ ਸਾਹਿਤ ਦੇ ਖੇਤਰ ਵਿੱਚ ‘ਭਾਰਤ ਦੇ ਰਾਸ਼ਟਰੀ ਪ੍ਰਤੀਕ’ ਬਾਲਕਾਂ ਦੇ ਸਮਾਨਾਂਤਰ ਬਾਲਗਾਂ ਲਈ ਵੀ ਲਾਹੇਵੰਦ ਹੈ। ਸ਼੍ਰੋਮਣੀ ਬਾਲ ਸਾਹਿਤਕਾਰ ਕਰਨਲ ਜਸਬੀਰ ਸਿੰਘ ਭੁੱਲਰ ਜੀ ਨੇ ਇਸ ਬਾਲ ਇਕਾਂਗੀ ਬਾਰੇ ਆਪਣੇ ਵਿਚਾਰ ਰੱਖਦਿਆਂ ਪੰਜਾਬੀ ਬਾਲ ਸਾਹਿਤ ਲਈ ਇਸ ਨੂੰ ਇੱਕ ਸ਼ੁਭ ਸੰਕੇਤ ਆਖਿਆ। ਸ਼੍ਰੀ ਬਲਕਾਰ ਸਿੰਘ ਸਿੱਧੂ (ਸਾਬਕਾ ਸਹਾ. ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ) ਨੇ ਕਿਹਾ ਕਿ ਇਹ ਪੁਸਤਕ ਨਿਸ਼ਚਿਤ ਹੀ ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗੀ। ਲੇਖਿਕਾ ਸੁਧਾ ਜੈਨ ‘ਸੁਦੀਪ’ ਨੇ ਬੱਚਿਆਂ ਪ੍ਰਤੀ ਪਿਆਰ ਨੂੰ ਇਸ ਪੁਸਤਕ ਲਈ ਪ੍ਰੇਰਨਾਸ੍ਰੋਤ ਦੱਸਿਆ।
ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਜੰਗ ਬਹਾਦਰ ਗੋਇਲ (ਰਿਟਾ. ਆਈ.ਏ.ਐੱਸ. ਅਤੇ ਪ੍ਰਸਿੱਧ ਲੇਖਕ) ਜੀ ਨੇ ‘ਭਾਰਤ ਦੇ ਰਾਸ਼ਟਰੀ ਪ੍ਰਤੀਕ’ ਪੁਸਤਕ ਨੂੰ ਬਾਲਾਂ ਨੂੰ ਸਾਹਿਤ ਦੀ ਚੇਟਕ ਲਾਉਣ ਲਈ ਮਦਦਗਾਰ ਮੰਨਦਿਆਂ ਖੁਸ਼ਾਮਦੀਦ ਕਿਹਾ। ਡਾ. ਵੀਰਪਾਲ ਕੌਰ (ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ) ਵੱਲੋਂ ਇਸ ਬਾਲ ਇਕਾਂਗੀ ਨਾਲ ਸਬੰਧਿਤ ਸਮੁੱਚੀ ਵਿਚਾਰ ਚਰਚਾ ਉਪਰੰਤ ਟਿੱਪਣੀ ਕਰਦਿਆਂ ਜਿੱਥੇ ਇਸ ਪੁਸਤਕ ‘ਨੂੰ ਜੀ ਆਇਆਂ ਨੂੰ’ ਆਖਿਆ ਗਿਆ ਉੱਥੇ ਵਿਦਵਾਨਾਂ ਵੱਲੋਂ ਕੀਤੀਆਂ ਟਿੱਪਣੀਆਂ ਦੇ ਮੱਦੇਨਜ਼ਰ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਸੁਝਾਵਾਂ ਤਹਿਤ ਭਵਿੱਖ ਵਿੱਚ ਲੇਖਿਕਾ ਤੋਂ ਹੋਰ ਚੰਗੀਆਂ ਕਿਤਾਬਾਂ ਦੀ ਉਮੀਦ ਜਤਾਈ ਗਈ।
ਇਹਨਾਂ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਮੌਜੂਦ ਸ੍ਰੋਤਿਆਂ ਜਿਵੇਂ ਸ਼੍ਰੀ ਸਰਦਾਰਾ ਸਿੰਘ ਚੀਮਾ, ਸ਼੍ਰੀ ਭਗਤ ਰਾਮ ਰੰਗਾੜਾ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਨਿਆਮੀਆਂ ਵੱਲੋਂ ਵੀ ਯੋਗਦਾਨ ਪਾਇਆ ਗਿਆ। ਇਸ ਸਮਾਗਮ ਵਿੱਚ ਅਨੇਕ ਨਾਮਵਰ ਸ਼ਖਸੀਅਤਾਂ ਜਿਵੇਂ ਸ੍ਰੀਮਤੀ ਕੰਚਨ ਸ਼ਰਮਾ (ਡਿਪਟੀ ਡੀ.ਈ.ਓ (ਸੈ.ਸਿੱ.), ਡਾ. ਨੀਲਮ ਗੋਇਲ, ਸ਼੍ਰੀ ਜਸਪਾਲ ਸਿੰਘ ਦੇਸੂਵੀ, ਊਦੈ ਜੈਨ, ਗੁੰਜਨ ਜੈਨ, ਸ਼੍ਰੀ ਜਸਵੀਰ ਸਿੰਘ ਗੋਸਲ, ਸ਼੍ਰੀ ਗੁਰਚਰਨ ਸਿੰਘ, ਸ਼੍ਰੀ ਮਨਜੀਤਪਾਲ ਸਿੰਘ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਸ੍ਰੀਮਤੀ ਅਮਰਇੰਦਰ ਕੌਰ, ਸੁਰਜੀਤ ਬੈਂਸ, ਅਮਰਜੀਤ ਕੌਰ, ਸ਼ਿਆਮ ਕਲਾ, ਸ਼੍ਰੀ ਹਰਿੰਦਰ ਸਿੰਘ, ਸ਼੍ਰੀ ਹਰਨੇਕ ਸਿੰਘ, ਸ਼੍ਰੀ ਗੁਰਬਚਨ ਸਿੰਘ, ਸ਼੍ਰੀਮਤੀ ਵਿਮਲਾ ਗੁਗਲਾਨੀ, ਡਾ. ਪ੍ਰਗਿਆ ਸ਼ਾਰਦਾ, ਸ਼੍ਰੀ ਸੰਜੀਵ ਭੂਸ਼ਣ, ਸ਼੍ਰੀ ਸੰਜੀਵਨ ਸਿੰਘ, ਪ੍ਰਭਜੋਤ ਕੌਰ, ਸ਼੍ਰੀਮਤੀ ਸ਼ੁਸ਼ਮਾ ਜੈਨ, ਸ਼੍ਰੀ ਦੀਪਕ ਜੈਨ, ਸ਼੍ਰੀ ਘਨਸ਼ਾਮ ਜੈਨ ਆਦਿ ਵੱਲੋਂ ਵੀ ਸ਼ਿਰਕਤ ਕੀਤੀ ਗਈ। ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਜ਼ਿਲ੍ਹਾ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।