ਐਸ.ਏ.ਐਸ. ਨਗਰ 14 ਦਸੰਬਰ 2021
ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਸਨਮੁੱਖ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ, ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕੋਵਿਡ-19 ਮਹਾਂਮਾਰੀ ਕਾਰਨ ਮਰ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਣੀ ਹੈ ।
ਇਹ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਈਸ਼ਾ ਕਾਲੀਆ ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਨੇ ਦੱਸਿਆ ਕਿ ਪ੍ਰਭਾਵਿਤ ਪਰਿਵਾਰ 50,000 ਰੁਪਏ ਦੀ ਇਹ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਸਬੰਧਤ ਉਪਮੰਡਲ ਮੈਜਿਸਟਰੇਟ ਦੇ ਦਫਤਰ ਵਿਖੇ ਆਪਣੀਆਂ ਪ੍ਰਤੀਬੇਨਤੀਆਂ ਨਿਰਧਾਰਤ ਪ੍ਰੋਫਾਰਮੇ ਮੁਤਾਬਿਕ ਜਲਦ ਤੋਂ ਜਲਦ ਜਮ੍ਹਾਂ ਕਰਵਾ ਸਕਦੇ ਹਨ l ਉਨ੍ਹਾਂ ਦੱਸਿਆ ਕਿ ਇਹ ਪ੍ਰਫਾਰਮੇ ਅਤੇ ਨਾਲ ਨੱਥੀ ਹੋਣ ਵਾਲੇ ਦਸਤਾਵੇਜ਼ਾਂ ਦੀ ਲਿਸਟ ਇਨ੍ਹਾਂ ਦਫਤਰਾਂ ਵਿਖੇ ਉਪਲੱਬਧ ਹੈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਕਸ ਗ੍ਰੇਸ਼ੀਆ ਗਰਾਂਟ ਲੈਣ ਵਾਸਤੇ ਜ਼ਰੂਰੀ ਸ਼ਰਤ ਇਹ ਹੈ ਕਿ ਸਬੰਧਤ ਵਿਅਕਤੀ ਦੀ ਮੌਤ ਕੋਵਿਡ ਕਾਰਨ ਹੋਈ ਹੋਵੇ ਅਤੇ ਇਸ ਸਬੰਧੀ ਉਨ੍ਹਾਂ ਕੋਲ ਲੋੜੀਂਦਾ ਸਰਟੀਫਿਕੇਟ ਵੀ ਹੋਵੇ l
ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਮਰ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਪ੍ਰਾਪਤ ਕਰਨ ਸਬੰਧੀ ਜੇਕਰ ਕਿਸੇ ਵਿਅਕਤੀ ਨੂੰ ਕੋਈ ਇਤਰਾਜ ਜਾਂ ਮੁਸ਼ਕਿਲ ਪੇਸ਼ ਆਉਂਦੀ ਹੋਵੇ ਤਾਂ ਉਹ ਇਸ ਸਬੰਧੀ ਜਿਲ੍ਹਾ ਪੱਧਰ ਤੇ ਗਠਿਤ ਕੀਤੀ ਸ਼ਿਕਾਇਤ ਨਿਵਾਰਣ ਕਮੇਟੀ (Grievance Redressal Committees) ਪਾਸ ਆਪਣੀ ਸ਼ਿਕਾਇਤ ਕਰ ਸਕਦਾ ਹੈ ।