ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਸ ਪੜ੍ਹਨ ਮੁਹਿੰਮ ਲਈ ਦਿਖਾਇਆ ਜਾ ਰਿਹਾ ਵਿਸ਼ੇਸ਼ ਉਤਸ਼ਾਹ
ਗੁਰਦਾਸਪੁਰ 2 ਫਰਵਰੀ 2022
ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਭਾਸ਼ਾ ਵਿੱਚ ਨਿਪੁੰਨਤਾ ਲਈ ਚਲਾਈ ਜਾ ਰਹੀ 100 ਦਿਨਾਂ ਪੜ੍ਹਨ ਮੁਹਿੰਮ ਦੇ ਪੰਜਵੇਂ ਹਫ਼ਤੇ ਦੀ ਸ਼ੁਰੂਆਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਈ.ਓ. ਐਲੀ: ਮਦਨ ਲਾਲ ਸ਼ਰਮਾ ਤੇ ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰਾਜੈਕਟ ਅਧੀਨ ਵਿਦਿਆਰਥੀਆਂ ਦੇ ਭਾਸ਼ਾ ਕੌਸ਼ਲ ਦੇ ਵਿਕਾਸ ਲਈ ਚਲਾਈ ਜਾ ਰਹੀ ‘100 ਦਿਨਾਂ ਪੜ੍ਹਨ ਮੁਹਿੰਮ’ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੁਹਿੰਮ ਦੇ ਹੁਣ ਤੱਕ ਚਾਰ ਹਫ਼ਤੇ ਸਮਾਪਤ ਹੋ ਚੁੱਕੇ ਹਨ।
ਹੋਰ ਪੜ੍ਹੋ :-ਕੋਵਿਡ ਪਾਬੰਦੀਆਂ ਵਿਚ 8 ਫਰਵਰੀ ਤੱਕ ਦਾ ਵਾਧਾ-ਜਿ਼ਲ੍ਹਾ ਮੈਜਿਸਟੇ੍ਰਟ
ਉਨ੍ਹਾਂ ਦੇ ਅਨੁਸਾਰ ਇਸ ਮੁਹਿੰਮ ਦੇ ਪੰਜਵੇਂ ਹਫ਼ਤੇ ਅਧੀਨ ਵਿਦਿਆਰਥੀਆਂ ਤੋਂ ਪ੍ਰੀ- ਪ੍ਰਾਇਮਰੀ ਤੋਂ ਦੂਜੀ ਜਮਾਤ ਅਤੇ ਤੀਜੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ‘ਕਹਾਣੀ ਮੇਰੀ ਜ਼ੁਬਾਨੀ’ ਗਤੀਵਿਧੀ ਕਰਵਾਈ ਜਾਣੀ ਹੈ। ਇਸ ਗਤੀਵਿਧੀ ਤਹਿਤ ਵਿਦਿਆਰਥੀਆਂ ਤੋਂ ਸੰਖੇਪ ਵਿੱਚ ਕਹਾਣੀ ਸੁਣੀ ਜਾਵੇਗੀ। ਇਸ ਗਤੀਵਿਧੀ ਦੀ ਤਿਆਰੀ ਕਰਨ ਲਈ ਵਿਦਿਆਰਥੀ ਪਾਠ ਪੁਸਤਕਾਂ/ ਸਲਾਈਡਾਂ/ ਲਾਇਬ੍ਰੇਰੀ ਦੀਆਂ ਕਿਤਾਬਾਂ ਵਿੱਚੋਂ ਕਹਾਣੀਆਂ ਲਈਆਂ ਜਾ ਸਕਦੀਆਂ ਹਨ। ਵਿਦਿਆਰਥੀਆਂ ਨੂੰ ਕਹਾਣੀ ਪੜ੍ਹਨ ਲਈ ਦਿੱਤੀ ਜਾਵੇਗੀ। ਇਸ ਕਹਾਣੀ ਬਾਰੇ ਚਰਚਾ ਕੀਤੀ ਜਾਵੇਗੀ ਅਤੇ ਇਸ ਕਹਾਣੀ ਨੂੰ ਵਿਦਿਆਰਥੀਆਂ ਨੂੰ ਆਪਣੇ ਸ਼ਬਦਾਂ ਵਿੱਚ ਸੁਣਾਉਣ ਲਈ ਕਿਹਾ ਜਾਵੇਗਾ। ਇਸ ਨਾਲ ਵਿਦਿਆਰਥੀਆਂ ਅੰਦਰ ਭਾਸ਼ਾ ਦੇ ਸਹੀ ਉਚਾਰਣ ਕਰਨ ਵਿੱਚ ਮੌਕਾ ਤਾਂ ਮਿਲੇਗਾ ਹੀ ਬਲਕਿ ਉਹਨਾਂ ਅੰਦਰ ਆਪਣੇ ਵਿਚਾਰਾਂ ਦੇ ਸਵੈ -ਪ੍ਰਗਟਾਵੇ ਰਾਹੀਂ ਆਤਮ ਵਿਸ਼ਵਾਸ ਦੀ ਭਾਵਨਾ ਵੀ ਪੈਦਾ ਹੋਵੇਗੀ। ਇਸ ਗਤੀਵਿਧੀ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਦੀ ਵੀ ਭਾਗੀਦਾਰੀ ਰਹੇਗੀ। ਉਹ ਇਹ ਯਕੀਨੀ ਬਣਾਉਣਗੇ ਵਿਦਿਆਰਥੀ ਇਸ ਗਤੀਵਿਧੀ ਵਿੱਚ ਭਾਗ ਲੈ ਰਹੇ ਹਨ। ਉਹ ਵਿਦਿਆਰਥੀਆਂ ਤੋਂ ਕਹਾਣੀ ਬਾਰੇ ਅਤੇ ਲਾਇਬ੍ਰੇਰੀ ਵਿੱਚੋਂ ਲਈ ਗਈ ਕਿਤਾਬ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਵਿਦਿਆਰਥੀਆਂ ਤੋਂ ਕਹਾਣੀ ਸੁਣ ਕੇ ਗਲਤੀਆਂ ਦਰੁਸਤ ਵੀ ਕਰ ਸਕਦੇ ਹਨ।
ਸਿੱਖਿਆ ਵਿਭਾਗ ਵੱਲੋਂ ਹੁਣ ਤੱਕ ਇਸ ਪੜ੍ਹਨ ਮੁਹਿੰਮ ਅਧੀਨ ਪਿਛਲੇ ਚਾਰ ਹਫ਼ਤਿਆਂ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰੀ-ਪ੍ਰਾਇਮਰੀ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਦੀ ਪਹਿਲੇ ਹਫ਼ਤੇ ਲਾਇਬ੍ਰੇਰੀ ਵਿਜ਼ਟ ਕਰਵਾਉਣ ਅਤੇ ਗੋਲ ਚੱਕਰ ਬਣਾ ਕੇ ਕਹਾਣੀ ਸੁਣਾਉਣ, ਦੂਜੇ ਹਫ਼ਤੇ ਫੁੱਲ, ਫ਼ਲ ਅਤੇ ਸਬਜ਼ੀਆਂ ਦੀ ਸੂਚੀ ਤਿਆਰ ਕਰਨ, ਤੀਜੇ ਹਫ਼ਤੇ ਬਾਲ ਗੀਤ/ ਕਵਿਤਾ ਉਚਾਰਣ, ਚੌਥੇ ਹਫ਼ਤੇ ਕਹਾਣੀ/ ਪਾਠ ਰਲ ਕੇ ਪੜ੍ਹਨ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਹਨ।
ਵਿਭਾਗ ਵੱਲੋਂ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਇਸ ਮੁਹਿੰਮ ਅਧੀਨ ਪਹਿਲੇ ਹਫ਼ਤੇ ਲਾਇਬ੍ਰੇਰੀ ਵਿਜ਼ਟ ਕਰਨ ਅਤੇ ਗੋਲ ਚੱਕਰ ਬਣਾ ਕੇ ਕਹਾਣੀ ਸੁਣਾਉਣ, ਦੂਜੇ ਹਫ਼ਤੇ ਰਲ ਕੇ ਪੜ੍ਹਨ, ਤੀਜੇ ਹਫ਼ਤੇ ਕਵਿਤਾ ਤੋਂ ਕਹਾਣੀ, ਚੌਥੇ ਹਫ਼ਤੇ ਸੰਕੇਤ ਤੋਂ ਕਹਾਣੀ ਗਤੀਵਿਧੀਆਂ ਕਰਵਾਈਆਂ ਗਈਆਂ ਹਨ। ਇਸ ਮੁਹਿੰਮ ਤਹਿਤ ਵਿਸ਼ੇਸ਼ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦੀ ਵਿਭਾਗ ਵੱਲੋਂ ਹੌਂਸਲਾ- ਅਫ਼ਜਾਈ ਵੀ ਕੀਤੀ ਜਾਵੇਗੀ।