ਜਲਾਲਾਬਾਦ/ਫਾਜ਼ਿਲਕਾ, 12 ਅਕਤੂਬਰ 2021
ਬਾਗਬਾਨੀ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵੱਲੋਂ ਪਿੰਡ ਰੱਤਾ ਥੇੜ੍ਹ, ਤਹਿਸੀਲ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ ਵਿਖੇ ਫਲਾਂ ਅਤੇ ਸਬਜ਼ੀਆਂ ਦੀ ਸਫਲ ਕਾਸ਼ਤ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਹੋਰ ਪੜ੍ਹੋ :-ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਵਾਹ ਕੇ ਕਣਕ ਦੀ ਬਿਜਾਈ ਕਰਨ, ਹਲਦੀ ਤੇ ਗੰਨੇ ਦੀ ਕਾਸ਼ਤ ਕਰਨ ਸਬੰਧੀ ਦਿੱਤੀ ਜਾਣਕਾਰੀ
ਇਸ ਕੈਂਪ ਵਿੱਚ ਡਾ. ਮਨਦੀਪ ਸਿੰਘ ਬਰਾੜ ਸਹਾਇਕ ਡਾਇਰੈਕਟਰ ਬਾਗਬਾਨੀ ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਵੱਲੋਂ ਦੱਸਿਆ ਗਿਆ ਕਿ ਅਜੋਕੇ ਸਮੇਂ ਦੇ ਵਿੱਚ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ ਦਾ ਸੇਵਨ ਕਰਨਾ ਬਹੁਤ ਹੀ ਜਰੂਰੀ ਹੋ ਗਿਆ ਹੈ। ਨੈਸ਼ਨਲ ਇੰਸਟੀਚਊਟ ਆਫ ਨਿਊਟ੍ਰੀਸ਼ਨ, ਹੈਦਰਾਬਾਦ ਅਨੁਸਾਰ ਸੰਤੁਲਿਤ ਖੁਰਾਕ ਵਿੱਚ ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗ੍ਰਾਮ ਸਬਜ਼ੀਆਂ ਅਤੇ 100 ਗ੍ਰਾਮ ਫ਼ਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਪਰ ਅੱਜ-ਕੱਲ੍ਹ ਭੱਜ-ਦੌੜ ਦੀ ਜ਼ਿੰਦਗੀ ਵਿੱਚ ਮਨੁੱਖ ਇਨ੍ਹਾਂ ਚੀਜ਼ਾਂ ਨੂੰ ਛੱਡ ਕੇ ਬਾਜ਼ਾਰ ਦੇ ਤਿਆਰ-ਬਰ-ਤਿਆਰ ਭੋਜਨਾਂ ਤੇ ਨਿਰਭਰ ਹੁੰਦਾ ਜਾ ਰਿਹਾ ਹੈ। ਕਿਸਾਨਾਂ ਨੂੰ ਘਰੇਲੂ ਬਗੀਚੀ ਦੀ ਮਹੱਤਤਾ ਬਾਰੇ ਦੱਸਦਿਆਂ ਅਪੀਲ ਕੀਤੀ ਗਈ ਕਿ ਕਿਸਾਨ ਆਪਣੇ ਪਰਿਵਾਰ ਦੀ ਰੋਜ਼ਾਨਾ ਲੋੜ ਅਨੁਸਾਰ ਜ਼ਹਿਰ ਮੁਕਤ ਸਬਜ਼ੀਆਂ ਆਪ ਪੈਦਾ ਕਰਨ।
ਡਾ. ਬਰਾੜ ਵੱਲੋਂ ਨਵੇਂ ਬਾਗਾਂ ਦੀ ਵਿਉਂਤਬੰਦੀ, ਬਾਗ ਲਗਾਉਣ ਤੋਂ ਪਹਿਲਾਂ ਮਿੱਟੀ ਪਰਖ ਕਰਵਾਉਣ ਅਤੇ ਮਿੱਟੀ ਦੇ ਸੈਂਪਲ ਲੈਣ ਦੇ ਢੰਗ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਹਾਜ਼ਰ ਕਿਸਾਨਾਂ ਨੂੰ ਖਾਦਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਾਗਾਂ ਵਿੱਚ ਖਾਦਾਂ ਅਤੇ ਸੂਖਮ ਤੱਤਾਂ ਦੀ ਵਰਤੋਂ ਮਿੱਟੀ ਅਤੇ ਪੱਤਿਆਂ ਦੀ ਪਰਖ ਕਰਵਾਉਣ ਉਪਰੰਤ ਲੋੜ ਅਨੁਸਾਰ ਕਰਨੀ ਚਾਹੀਦੀ ਹੈ ਤਾਂ ਜੋ ਬੇਲੋੜੇ ਖਰਚਿਆਂ ਤੋਂ ਬਚਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਬੂਟੇ ਹਮੇਸ਼ਾ ਭਰੋਸੇਯੇਗ ਨਰਸਰੀ ਤੋਂ ਹੀ ਖਰੀਦਣੇ ਚਾਹੀਦੇ ਹਨ ਅਤੇ ਬੂਟਿਆਂ ਦਾ ਬਿੱਲ ਜਰੂਰ ਲੈਣਾ ਚਾਹੀਦਾ ਹੈ।
ਨਵੇਂ ਬਾਗ ਲਗਾਉਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੂਟੇ ਲਗਾਉਣ ਵੇਲੇ ਇਹ ਧਿਆਨ ਰੱਖੋ ਕਿ ਪਿਓਂਦ ਵਾਲਾ ਹਿੱਸਾ ਜ਼ਮੀਨ ਤੋਂ 6 ਤੋਂ 9 ਇੰਚ ਜ਼ਰੂਰ ਉੱਚਾ ਹੋਵੇ। ਇਸ ਤੋਂ ਇਲਾਵਾ ਉਹਨਾਂ ਵੱਲੋਂ ਸਿਟਰਸ ਅਸਟੇਟ ਵੱਲੋਂ ਜਿਮੀਦਾਰਾਂ ਨੂੰ ਮਸ਼ੀਨਰੀ ਕਿਰਾਏ ਦੇ ਦੇਣ ਅਤੇ ਕੌਮੀ ਬਾਗਬਾਨੀ ਮਿਸ਼ਨ ਅਧੀਨ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਡਾ. ਸੁਖਜਿੰਦਰ ਸਿੰਘ ਬਾਗਬਾਨੀ ਵਿਕਾਸ ਅਫਸਰ(ਪੈਥੋਲੋਜੀ) ਵੱਲੋਂ ਕਿਨੂੰ ਅਤੇ ਅਮਰੂਦ ਦੀਆਂ ਬੀਮਾਰੀਆਂ/ਕੀੜੇ-ਮਕੌੜਿਆਂ ਦੀ ਪਛਾਣ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਕਿਸਾਨਾਂ ਨੂੰ ਸਬਜ਼ੀ ਬੀਜਾਂ ਦੀਆਂ ਮਿੰਨੀ ਕਿੱਟਾਂ ਮੁਹੱਈਆਂ ਕਰਵਾਈਆਂ ਗਈਆਂ। ਅੰਤ ਵਿੱਚ ਕਿਸਾਨਾਂ ਦੇ ਸੁਆਲਾਂ ਦੇ ਜੁਆਬ ਦਿੱਤੇ ਗਏ।
ਇਸ ਮੌਕੇ ਸ਼੍ਰੀ ਰਾਮ ਕੁਮਾਰ ਬਾਗਬਾਨੀ ਤਕਨੀਕੀ ਸਹਾਇਕ, ਸ. ਅਜਮੇਰ ਸਿੰਘ ਸੇਖੋਂ, ਅਵਨੀਤ ਸਿੰਘ, ਦਿਲਬਾਗ ਸਿੰਘ, ਜਵਾਰ ਸਿੰਘ, ਗੁਰਦੇਵ ਸਿੰਘ ਅਤੇ ਪਰਮਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।