ਮੇਰੇ ਘਰ ਦੇ ਦਰਵਾਜ਼ੇ ਲੋਕਾਂ ਲਈ 24 ਘੰਟੇ ਖੁਲੇ
ਵਾਰਡ ਨੰ: 70 ਵਿਖੇ 6 ਸੁਸਾਇਟੀਆਂ ਨੂੰ ਵੰਡੇ 14 ਲੱਖ ਰੁਪਏ ਦੇ ਚੈਕ
50 ਪਰਿਵਾਰਾਂ ਨੂੰ ਪੈਨਸ਼ਨਾਂ ਦੇ ਦਿੱਤੇ ਪ੍ਰਵਾਨਗੀ ਪੱਤਰ
ਅੰਮ੍ਰਿਤਸਰ, 1 ਨਵੰਬਰ 2021
ਮੇਰੇ ਹਲਕੇ ਦੇ ਲੋਕ ਮੇਰੇ ਪਰਿਵਾਰ ਦੇ ਅਟੁੱਟ ਮੈਂਬਰ ਹਨ ਅਤੇ ਮੈਂ ਇਨ੍ਹਾਂ ਦੀ ਸੇਵਾ ਲਈ ਹਮੇਸ਼ਾਂ ਹੀ ਹਾਜ਼ਰ ਹਾਂ। ਮੇਰੇ ਘਰ ਦੇ ਦਰਵਾਜੇ ਲੋਕਾਂ ਲਈ 24 ਘੰਟੇ ਖੁੱਲੇ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੇ ਵਾਰਡ ਨੰ: 70 ਵਿਖੇ ਕਰਵਾਈ ਗਈ ਇਕ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਰੈਲੀ ਦੀ ਖਾਸ ਗੱਲ ਇਹ ਸੀ ਕਿ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਹਾਜਰ ਸਨ।
ਹੋਰ ਪੜ੍ਹੋ :-ਵੋਟਰ ਸੂਚੀ ਦੀ ਸੁਧਾਈ ਦਾ ਕੰਮ 1 ਨਵੰਬਰ ਤੋਂ ਸ਼ੁਰੂ-ਉਪ ਮੰਡਲ ਮੈਜਿਸਟ੍ਰੇਟ
ਰੈਲੀ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਸੋਨੀ ਨੇ ਕਿਹਾ ਕਿ ਮੈਂ ਚੋਣਾਂ ਦੌਰਾਨ ਤੁਹਾਡੇ ਨਾਲ ਜੋ ਵੀ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ 90 ਫੀਸਦੀ ਤੋਂ ਜਿਆਦਾ ਪੂਰੇ ਕਰ ਦਿੱਤੇ ਹਨ ਅਤੇ ਬਾਕੀ ਰਹਿੰਦੇ ਵਾਅਦੇ ਵੀ ਇਕ ਮਹੀਨੇ ਦੇ ਅੰਦਰ ਅੰਦਰ ਪੂਰੇ ਕਰ ਦਿੱਤੇ ਜਾਣਗੇ। ਸ੍ਰੀ ਸੋਨੀ ਨੇ ਕਿਹਾ ਕਿ ਵਾਰਡ ਨੰ: 70 ਫਤਿਹ ਸਿੰਘ ਕਲੋਨੀ ਨੂੰ ਸ਼ਹਿਰਾਂ ਵਾਂਗ ਸਾਰੀਆਂ ਸੁਵਿਧਾਵਾਂ ਮੁਹੱਈਆਂ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਕਲੋਨੀ ਵਿੱਚ ਭਾਵੇਂ ਪੀਣ ਵਾਲੇ ਪਾਣੀ ਐਲ:ਈ:ਡੀ ਲਾਈਟਾਂ, ਨਵੀਂਆਂ ਗਲੀਆਂ ਨਾਲੀਆਂ, ਸੀਵਰੇਜ ਸਿਸਟਮ, ਪਾਰਕਾਂ ਦਾ ਨਿਰਮਾਣ ਦੇ ਕੰਮ ਪਹਿਲ ਅਧਾਰ ਤੇ ਮੁਕੰਮਲ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਪੈਨਸ਼ਨਾਂ, ਸਮਾਰਟ ਰਾਸ਼ਨ ਕਾਰਡ ਵੀ ਬਣਾ ਦਿੱਤੇ ਗਏ ਹਨ।
ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਤਹਿਤ ਇਕ ਸਰਕਾਰੀ ਡਿਸਪੈਂਸਰੀ ਜਲਦ ਹੀ ਬਣਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਮੈਡੀਕਲ ਸੁਵਿਧਾ ਲਈ ਦੂਰ ਦੁਰਾਡੇ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਸਕੂਲ ਨੂੰ ਵੀ ਸਮਾਰਟ ਸਕੂਲ ਵਜੋਂ ਵਿਕਸਤ ਕੀਤਾ ਗਿਆ ਹੈ। ਇਸ ਮੌਕੇ ਸ੍ਰੀ ਸੋਨੀ ਨੇ 6 ਸੁਸਾਇਟੀਆਂ ਨੂੰ 14 ਲੱਖ ਰੁਪਏ ਦੇ ਚੈਕ ਵੀ ਭੇਂਟ ਕੀਤੇ ਅਤੇ 50 ਪਰਿਵਾਰਾਂ ਨੂੰ ਪੈਨਸ਼ਨਾਂ ਦੇ ਪ੍ਰਵਾਨਗੀ ਪੱਤਰ ਵੀ ਸੌਪੇਂ ਜਿਸ ਨਾਲ ਜਲਦ ਹੀ ਲਾਭਪਾਤਰੀਆਂ ਦੇ ਖਾਤੇ ਵਿੱਚ ਪੈਨਸ਼ਨ ਪੁੱਜਦਾ ਹੋਵੇਗੀ।
ਇਸ ਮੌਕੇ ਸ੍ਰੀ ਸੋਨੀ ਨੇ ਗੁਰਦੁਆਰਾ ਸਾਧ ਸੰਗਤ ਫਤਿਹ ਸਿੰਘ ਕਲੋਨੀ ਵਿਖੇ ਮੱਥਾ ਵੀ ਟੇਕਿਆ ਅਤੇ ਐਲਾਨ ਕੀਤਾ ਕਿ ਗੁਰਦਵਾਰਾ ਨੂੰ ਜਾਣ ਵਾਲੀ ਗਲੀ ਵਿੱਚ ਨਵੀਆਂ ਟਾਈਲਾਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਕਲੋਨੀ ਵਿਖੇ ਹੀ ਬੱਚਿਆਂ ਅਤੇ ਬਜੁਰਗਾਂ ਲਈ 80 ਲੱਖ ਰੁਪੲੈ ਦੀ ਲਾਗਤ ਨਾਲ ਇਕ ਪਾਰਕ ਤਿਆਰ ਕੀਤਾ ਜਾ ਰਿਹਾ ਹੈ ਅਤੇ ਭਰਾੜੀਵਾਲ ਵਿਖੇ ਵੀ ਪਾਰਕ ਬਣਾਇਆ ਜਾ ਰਿਹਾ ਹੈ। ਇਸ ਮੌਕੇ ਇਲਾਕੇ ਦੇ ਲੋਕਾਂ ਵੱਲੋਂ ਸ੍ਰੀ ਸੋਨੀ ਨੂੰ ਸਨਮਾਨਤ ਵੀ ਕੀਤਾ ਗਿਆ।
ਰੈਲੀ ਨੂੰ ਸੰਬੋਧਨ ਕਰਦੇ ਕੌਂਸਲਰ ਵਿਕਾਸ ਸੋਨੀ ਨੇ ਕਿਹਾ ਕਿ ਵਾਰਡ ਨੰ: 70 ਵਿਖੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੰਨਾਂ ਬਜੁਰਗਾਂ ਦੀਆਂ ਪੈਨਸ਼ਨਾ ਲੱਗਣ ਵਾਲੀਆਂ ਰਹਿ ਗਈਆਂ ਹਨ ਉਹ ਵੀ ਇਕ ਹਫ਼ਤੇ ਅੰਦਰ ਅੰਦਰ ਲਗਾ ਕੇ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 2 ਕਿਲੋਵਾਟ ਲੋਡ ਵਾਲੇ ਲਾਭਪਾਤਰੀਆਂ ਦੇ ਬਿਜਲੀ ਦੇ ਬਿੱਲਾਂ ਦੇ ਬਕਾਏ ਮੁਆਫ ਕਰ ਦਿੱਤੇ ਹਨ ਅਤੇ ਜਲਦ ਹੀ ਕੈਂਪ ਲਗਾ ਕੇ ਲੋਕਾਂ ਦੇ ਫਾਰਮ ਭਰ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਚੇਅਰਮੈਨ ਸ੍ਰੀ ਅਰੁਣ ਪੱਪਲ, ਚੇਅਰਮੈਨ ਮਹੇਸ਼ ਖੰਨਾ, ਸ੍ਰੀ ਪਰਮਜੀਤ ਚੋਪੜਾ, ਸ੍ਰੀ ਪ੍ਰਵੇਸ਼ ਗੁਲਾਟੀ, ਸੁਖਅੰਮ੍ਰਿਤ ਸਿੰਘ, ਸੁਖਦੇਵ ਸਿੰਘ ਔਲਖ, ਰਛਪਾਲ ਸਿੰਘ, ਰਮਨ ਕੁਮਾਰ, ਕਮਲ ਪਹਿਲਵਾਨ ਅਤੇ ਸ੍ਰੀ ਬਲਦੇਵ ਸਿੰਘ ਹਾਜਰ ਸਨ।
ਕੈਪਸ਼ਨ :-ਸ੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਵੱਖ ਵੱਖ ਸੁਸਾਇਟੀਆਂ ਨੂੰ ਚੈਂਕ ਭੇਂਟ ਕਰਦੇ ਹੋਏ। ਨਾਲ ਨਜਰ ਆ ਰਹੇ ਹਨ ਸ੍ਰੀ ਵਿਕਾਸ ਸੋਨੀ, ਚੇਅਰਮੈਨ ਸ੍ਰੀ ਅਰੁਣ ਪੱਪਲ ਅਤੇ ਚੇਅਰਮੈਨ ਮਹੇਸ਼ ਖੰਨਾ।
ਸ੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਬਜੁਰਗਾਂ ਨੂੰ ਪੈਨਸ਼ਨਾਂ ਦੇ ਪ੍ਰਵਾਨਗੀ ਪੱਤਰ ਦਿੰਦੇ ਹੋਏ। ਨਾਲ ਨਜਰ ਆ ਰਹੇ ਹਨ ਕੌਂਸਲਰ ਵਿਕਾਸ ਸੋਨੀ।