ਚੇਅਰਮੈਨ ਲੱਕੀ ਨੂੰ ਕੁਰਸੀ ’ਤੇ ਬਿਠਾਉਣ ਪੁੱਜੇ ਮਾਝੇ ਦੇ ਵੱਡੇ ਨੇਤਾ
ਅੰਮ੍ਰਿਤਸਰ, 30 ਅਕਤੂਬਰ 2021
ਉਪ ਮੁੱਖ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਲੋਕ ਪੱਖੀ ਫੈਸਲਿਆਂ ਦੀ ਸਰਾਹਨਾ ਕਰਦੇ ਕਿਹਾ ਕਿ ਸਰਕਾਰ ਦੇ ਇੰਨਾਂ ਫੈਸਲਿਆਂ ਨੇ ਕਾਂਗਰਸੀ ਵਰਕਰਾਂ ਵਿਚ ਨਵੀਂ ਰੂਹ ਫੂਕ ਦਿੱਤੀ ਹੈ, ਜੋ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤਣ ਲਈ ਬਹੁਤ ਜ਼ਰੂਰੀ ਸੀ। ਅੱਜ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ: ਰਾਜ ਕੰਵਲ ਪ੍ਰੀਤ ਪਾਲ ਸਿੰਘ ਲੱਕੀ ਨੂੰ ਕੁਰਸੀ ਤੇ ਬਿਠਾਉਣ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਬਿਲ ਬਕਾਏ ਦੀ ਮੁਆਫੀ, ਵਪਾਰੀਆਂ ਦੇ ਮਸਲਿਆਂ ਦਾ ਹੱਲ, ਪੱਕੀਆਂ ਸਰਕਾਰੀ ਨੌਕਰੀਆਂ ਦਾ ਐਲਾਨ, ਕਿਸਾਨ ਸੰਘਰਸ਼ ਵਿਚ ਜਾਨਾਂ ਵਾਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਅਜਿਹੇ ਫੈਸਲੇ ਹਨ, ਜਿਨਾਂ ਨੂੰ ਲੋਕ ਸਦਾ ਯਾਦ ਰੱਖਣਗੇ।
ਉਨਾਂ ਕਿਹਾ ਕਿ ਕਾਂਗਰਸ ਦਾ ਵਰਕਰ ਅੱਜ ਉਤਸ਼ਾਹ ਵਿਚ ਹੈ ਅਤੇ ਅਜਿਹੇ ਵਰਕਰ ਸ: ਲੱਕੀ ਹਨ, ਜਿੰਨ੍ਹਾਂ ਨੂੰ ਅੱਜ ਪਾਰਟੀ ਦੇ ਚੇਅਰਮੈਨ ਵਜੋਂ ਵੱਡੀ ਜਿੰਮੇਵਾਰੀ ਸੌਂਪੀ ਹੈ। ਸ੍ਰੀ ਸੋਨੀ ਨੇ ਪ੍ਰੈਸ ਪੱਤਰਕਾਰਾਂ ਨਾ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਤੁਰੰਤ ਤਿੰਨੇ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਉਨਾਂ ਕਿਹਾ ਕਿ ਸਾਡਾ ਕਿਸਾਨ ਸਾਡਾ ਅੰਨ੍ਹਦਾਤਾ ਹੈ, ਪਰ ਕੇਂਦਰ ਦੀਆਂ ਗਲਤ ਨੀਤੀਆਂ ਕਰਕੇ ਕਰੀਬ ਪਿਛਲੇ ਇਕ ਸਾਲ ਤੋਂ ਦਿੱਲੀ ਦੇ ਬਾਰਡਰ ਤੇ ਧਰਨੇ ਲਾ ਕੇ ਬੈਠਾ ਹੋਇਆ ਹੈ।
ਇਸ ਮੌਕੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਆਪਣੇ ਵਰਕਰਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ। ਪ੍ਰੈਸ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿੱਚ ਡਾ. ਵੇਰਕਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਲੋਕਾਂ ਦਾ ਜੀਨਾ ਮੁਹਾਲ ਕਰ ਦਿੱਤਾ ਹੈ ਅਤੇ ਮਹਿੰਗਾਈ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬੀ.ਐਸ.ਐਫ. ਦੇ ਅਧਿਕਾਰ ਖੇਤਰ ਵਿੱਚ 50 ਕਿਲੋਮੀਟਰ ਤੱਕ ਵਾਧਾ ਕਰਨਾ ਗੈਰ ਸੰਵਿਧਾਨਿਕ ਹੈ ਅਤੇ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਸਦੇ ਵਿਰੁੱਧ ਖੜ੍ਹੀ ਹੈ।
ਇਸ ਮੌਕੇ ਬੋਲਦੇ ਸ: ਗੁਰਜੀਤ ਸਿੰਘ ਔਜਲਾ ਲੋਕ ਸਭਾ ਮੈਂਬਰ ਨੇ ਸ: ਲੱਕੀ ਵੱਲੋਂ ਪਾਰਟੀ ਲਈ ਕੀਤੀ ਮਿਹਨਤ ਦੀ ਪ੍ਰਸੰਸਾ ਕਰਦੇ ਕਿਹਾ ਕਿ ਜਦ ਤੱਕ ਪਾਰਟੀ ਵਿਚ ਅਜਿਹੇ ਮਜ਼ਬੂਤ ਇਰਾਦੇ ਅਤੇ ਇਮਾਨਦਾਰੀ ਸੋਚ ਵਾਲੇ ਵਰਕਰ ਜਿੰਦਾਂ ਹਨ, ਪਾਰਟੀ ਨੂੰ ਕਿਸੇ ਵੀ ਰਾਜਸੀ ਧਿਰ ਤੋਂ ਕੋਈ ਖ਼ਤਰਾ ਨਹੀਂ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਆਪਣੇ ਵਰਕਰ ਦੀ ਕਦਰ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਸੁਨੀਲ ਦੱਤੀ, ਚੇਅਰਮੈਨ ਸ੍ਰੀਮਤੀ ਮਮਤਾ ਦੱਤਾ, ਵਿਧਾਇਕ ਸ: ਕੁਲਬੀਰ ਸਿੰਘ ਜ਼ੀਰਾ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਕੌਂਸਲਰ ਸ੍ਰੀ ਵਿਕਾਸ ਸੋਨੀ, ਸ੍ਰੀ ਜੁਗਲ ਕਿਸ਼ੋਰ ਸ਼ਰਮਾ, ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾ ਹਾਜ਼ਰ ਸਨ।
ਇਸ ਮੌਕੇ ਸ: ਰਾਜ ਕੰਵਲ ਪ੍ਰੀਤ ਪਾਲ ਸਿੰਘ ਲੱਕੀ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਨੂੰ ਬਾਖੂਬੀ ਨਿਭਾਉਣਗੇ।