ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਦੇ ਕੱਟੇ ਚਲਾਨ
ਫਾਜ਼ਿਲਕਾ, 17 ਫਰਵਰੀ 2023
ਡਿਪਟੀ ਕਸਿਮ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਤੇ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸ਼ਹਿਰ ਅੰਦਰ ਲਗਾਤਾਰ ਨਾਜਾਇਜ ਕਬਜੇ ਹਟਵਾਉਣ ਲਈ ਗਤੀਵਿਧੀਆਂ ਜਾਰੀ ਹਨ। ਸ਼ਹਿਰ ਵਾਸੀਆਂ ਦੇ ਪੈਦਲ ਚੱਲਣ ਵਿਚ ਸੌਖ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਨਗਰ ਕੌਂਸਲ ਦੀ ਟੀਮਾਂ ਵੱਲੋਂ ਰੋਜਾਨਾ ਬਜਾਰਾਂ ਵਿਚ ਘੁੰਮ ਕੇ ਦੁਕਾਨਾ ਦੇ ਅੱਗੇ ਨਿਰਧਾਰਤ ਥਾਂ ਤੋਂ ਬਾਹਰ ਪਏ ਸਮਾਨ ਨੂੰ ਜਬਤ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ – ਬ੍ਰਿਗੇਡੀਅਰ ਚਾਂਦਪੁਰੀ ਦੀ ਬਹਾਦਰੀ ਨੌਜਵਾਨਾਂ ਨੂੰ ਦੇਸ਼ ਲਈ ਆਪਾ ਵਾਰਨ ਲਈ ਪ੍ਰੇਰਿਤ ਕਰਦੀ ਰਹੇਗੀ: ਮੁੱਖ ਮੰਤਰੀ
ਕਾਰਜ ਸਾਧਕ ਅਫਸਰ ਸ੍ਰੀ ਮੰਗਤ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਪਿਛਲੇ ਕੁਝ ਦਿਨ ਪਹਿਲਾਂ ਸ਼ਹਿਰ ਅੰਦਰ ਘੁੰਮ ਕੇ ਦੁਕਾਨਦਾਰਾਂ ਨੂੰ ਨਜਾਇਜ ਕਬਜੇ ਹਟਾਉਣ ਬਾਰੇ ਅਗਾਉ ਚੇਤਾਵਨੀ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਨਗਰ ਕੌਂਸਲ ਫਾਜ਼ਿਲਕਾ ਦੀ ਟੀਮਾਂ ਵੱਲੋਂ ਕਾਰਵਾਈਆਂ ਕਰਦਿਆਂ ਸ਼ਹਿਰ ਦੇ ਘੰਟਾ ਘਰ, ਚੌਧਰੀਆਂ ਵਾਲੀ ਗਲੀ, ਗਉਸ਼ਾਲਾ ਰੋਡ, ਰਾਮ ਸਭਾ ਕੀਰਤਨ ਮੰਦਰ ਰੋਡ ਆਦਿ ਮੁਖ ਬਜਾਰਾਂ ਤੇ ਗਲੀਆਂ ਵਿਚੋਂ ਨਾਜਾਇਜ ਕਬਜੇ ਹਟਾਏ ਗਏ। ਉਨ੍ਹਾਂ ਦੱਸਿਆ ਕਿ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਆਉਂਦੀ ਸੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਤਿੰਨ ਟਰਾਲੀਆਂ ਸਮਾਨ ਜਬਤ ਕੀਤਾ ਗਿਆ।
ਸੈਨੀਟੇਸ਼ਨ ਸਪੁਰਡੈਂਟ ਸ੍ਰੀ ਨਰੇਸ਼ ਖੇੜਾ ਨੇ ਦੱਸਿਆ ਕਿ ਪਿਛਲੇ 10 ਦਿਨਾਂ *ਚ ਨਾਜਾਇਜ ਕਬਜਿਆਂ ਨੂੰ ਰੋਕਣ ਲਈ 28 ਚਲਾਨ ਵੀ ਕੀਤੇ ਗਏ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲਾਸਟਿਕ, ਲਿਫਾਫੇ ਆਦਿ ਸਿੰਗਲ ਵਰਤੋਂ ਵਿਚ ਆਉਣ ਵਾਲੇ ਪਲਾਸਟਿਕ ਵੇਚਣ ਵਾਲਿਆਂ ਦੇ 17 ਚਲਾਨ ਕੀਤੇ ਗਏ ਹਨ ਤੇ 660 ਕਿਲੋ ਪਲਾਸਟਿਕ ਜਬਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਫਾਜ਼ਿਲਕਾ ਦੀਆਂ ਟੀਮਾਂ ਲਗਾਤਾਰ ਕਾਰਵਾਈਆਂ ਕਰਨ ਲਈ ਕਾਰਜਸ਼ੀਲ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੰਗਲ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ। ਇਸ ਦੀ ਵਰਤੋਂ ਸਿਹਤ ਤੇ ਵਾਤਾਵਰਣ ਲਈ ਬਹੁਤ ਹੀ ਹਾਨੀਕਾਰਕ ਹੈ। ਇਸ ਤੋਂ ਇਲਾਵਾ ਦੁਕਾਨਦਾਰ ਵੀਰ ਆਪਣੀ ਦੁਕਾਨ ਦਾ ਸਮਾਨ ਮਿਥੇ ਘੇਰੇ ਅੰਦਰ ਹੀ ਰੱਖਣ ਤਾਂ ਜੋ ਕਿਸੇ ਵਿਅਕਤੀ ਨੂੰ ਆਉਣ ਜਾਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ ਵੱਲੋਂ ਸਮਾਨ ਬਾਹਰ ਰੱਖਿਆ ਜਾਂਦਾ ਹੈ ਜਾਂ ਨਾਜਾਇਜ ਕਬਜਾ ਕੀਤਾ ਜਾਦਾ ਹੈ ਉਸ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਮੁਹਿੰਮ ਵਿਚ ਜਗਦੀਪ ਸਿੰਘ ਸੈਨੇਟਰੀ ਇੰਸਪੈਕਟਰ ਤੇ ਉਨ੍ਹਾਂ ਦੀ ਟੀਮ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ।