क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।
“ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟਰੇਲਾਈਜ਼ ਨਿਮੋਨੀਆ ਸਕਸੈਸਫੁੱਲੀ (ਸਾਂਸ)” ਵਿਸ਼ੇ ’ਤੇ ਇਕ ਰੋਜ਼ਾ ਟ੍ਰੇਨਿੰਗ ਆਯੋਜਿਤ
ਨਿਮੋਨੀਆ ਦਾ ਸਮੇਂ ’ਤੇ ਇਲਾਜ ਕਰਕੇ ਬਾਲ ਮੌਤ ਦਰ ਨੂੰ ਘਟਾਇਆ ਜਾ ਸਕਦੈ: ਡਾ. ਰਾਕੇਸ਼ ਚੰਦਰ
ਨਵਾਂਸ਼ਹਿਰ, 11 ਨਵੰਬਰ 2021
ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਇੰਦਰਮੋਹਨ ਗੁਪਤਾ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਵਿਖੇ “ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟਰੇਲਾਈਜ਼ ਨਿਮੋਨੀਆ ਸਕਸੈਸਫੁੱਲੀ (ਸਾਂਸ)” ਵਿਸ਼ੇ ਉੱਤੇ ਜ਼ਿਲ੍ਹਾ ਪੱਧਰੀ ਇਕ ਰੋਜ਼ਾ ਟ੍ਰੇਨਿੰਗ ਕਰਵਾਈ ਗਈ, ਜਿਸ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਤੋਂ ਮੈਡੀਕਲ ਅਫਸਰ, ਕਮਿਊਨਿਟੀ ਹੈਲਥ ਅਫਸਰ ਤੇ ਏ.ਐੱਨ.ਐੱਮਜ਼ ਨੇ ਭਾਗ ਲਿਆ।
ਇਸ ਮੌਕੇ ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਨੇ ਟ੍ਰੇਨਿੰਗ ਵਿਚ ਹਾਜ਼ਰ ਉਮੀਦਵਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ “ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟਰੇਲਾਈਜ਼ ਨਿਮੋਨੀਆ ਸਕਸੈਸਫੁੱਲੀ (ਸਾਂਸ)” ਟ੍ਰੇਨਿੰਗ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਵਿਚ ਮਦਦ ਕਰੇਗੀ। ਸਾਂਸ ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿਚ ਜਲਦ ਹੀ ਸਕਰੀਨਿੰਗ ਸ਼ੁਰੂ ਕੀਤੀ ਜਾਵੇਗੀ। ਇਸ ਪ੍ਰੋਗਰਾਮ ਨੂੰ ਅਪਣਾ ਕੇ ਜ਼ਿਲ੍ਹੇ ਵਿਚ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਵਿਚ ਕਮੀ ਲਿਆਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 15 ਫੀਸਦੀ ਬੱਚਿਆਂ ਦੀ ਮੌਤ ਨਿਮੋਨੀਆ ਦੀ ਵਜ੍ਹਾ ਨਾਲ ਹੁੰਦੀ ਹੈ। ਨਿਮੋਨੀਆ ਦੀ ਸਮੇਂ ਸਿਰ ਪਛਾਣ ਤੇ ਇਲਾਜ ਕਰਕੇ ਬੱਚਿਆਂ ਦੀ ਮੌਤ ਨੂੰ ਘਟਾਇਆ ਜਾ ਸਕਦਾ ਹੈ। ਇਸ ਲਈ “ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟਰੇਲਾਈਜ਼ ਨਿਮੋਨੀਆ ਸਕਸੈਸਫੁੱਲੀ (ਸਾਂਸ)” ਟ੍ਰੇਨਿੰਗ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਅਤੇ ਸੰਪੂਰਨ ਪੌਸ਼ਟਿਕ ਆਹਾਰ ਦੇਣ ਤੋਂ ਇਲਾਵਾ ਵਿਟਾਮਿਨ ਏ ਦਾ ਘੋਲ਼ ਦੇਣ ਦੇ ਨਾਲ-ਨਾਲ ਟੀਕਾਕਰਨ ਉੱਤੇ ਧਿਆਨ ਦੇ ਕੇ ਬੱਚਿਆਂ ਦੀ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ ਨੇ ਦੱਸਿਆ ਕਿ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਵਿਚ ਨਿਮੋਨੀਆ ਮੁੱਖ ਵਜ੍ਹਾ ਹੈ। ਬੱਚਿਆਂ ਦੀਆਂ ਨਿਮੋਨੀਆ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਵਿਚ ‘(ਸਾਂਸ)’ ਪ੍ਰੋਗਰਾਮ ਕਾਰਗਰ ਸਾਬਿਤ ਹੋ ਸਕਦਾ ਹੈ।ਇਸ ਪ੍ਰੋਗਰਾਮ ਤਹਿਤ ਪੰਜ ਸਾਲ ਤੋਂ ਘੱਟ ਉਮਰ ਵਰਗ ਦੇ ਬੱਚਿਆਂ ਵਿਚ ਪ੍ਰਤੀ 1000 ਜ਼ਿੰਦਾ ਬੱਚਿਆਂ ਵਿਚ ਨਿਮੋਨੀਆ ਨਾਲ ਹੋਣ ਵਾਲੀਆਂ ਮੌਤਾਂ ਨੂੰ 3 ਤੱਕ ਘੱਟ ਕਰਨ ਦਾ ਟੀਚਾ ਸਾਲ 2025 ਤੱਕ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਤੋਂ ਬਾਅਦ ਸਿਹਤ ਸੰਭਾਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੁਆਰਾ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਟ੍ਰੇਨਿੰਗ ਵਿਚ ਟ੍ਰੇਨਰ ਤੇ ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਯੋਗਿਤਾ ਬਾਲਾ ਨੇ ਬੱਚਿਆਂ ਵਿਚ ਨਿਮੋਨੀਆ ਦੇ ਲੱਛਣ, ਕਾਰਨ ਅਤੇ ਇਸ ਤੋਂ ਬਚਾਅ ਲਈ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਜਗਤ ਰਾਮ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ, ਬਲਾਕ ਐਕਸਟੈਨਸ਼ਨ ਐਜੂਕੇਟਰ ਵਿਕਾਸ ਵਿਰਦੀ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।