ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ
ਜ਼ਿਲਾ ਅਤੇ ਸੈਸ਼ਨ ਜੱਜ ਵੱਲੋਂ ਜ਼ਿਲਾ ਜੇਲ ’ਚ ਕਾਗਜ਼ ਦੇ ਥੈਲੇ ਬਣਾਉਣ ਦੀ ਮੁਹਿੰਮ ਦੀ ਸ਼ੁਰੂਆਤ
ਜੇਲ ਸਟਾਫ ਵੱਲੋਂ ਕੈਦੀਆਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਸਿਖਲਾਈ
ਬਰਨਾਲਾ, 22 ਅਕਤੂਬਰ 2021
ਨਾਲਸਾ ‘ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ’ ਤਹਿਤ ਜ਼ਿਲਾ ਬਰਨਾਲਾ ਵਿਖੇ ਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਅਧੀਨ ਜ਼ਿਲਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਵਰਿੰਦਰ ਅਗਰਵਾਲ ਦੀ ਅਗਵਾਈ ਹੇਠ ਜੇਲ ਪ੍ਰਸ਼ਾਸਨ ਵੱਲੋਂ ਕਾਗਜ਼ ਦੇ ਥੈਲੇ ਬਣਾਉਣ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ, ਜਿਸ ਲਈ ਜੇਲ ਬੰਦੀਆਂ ਦੀ ਮਦਦ ਲਈ ਜਾਵੇਗੀ।
ਹੋਰ ਪੜ੍ਹੋ :-ਫਾਜਿ਼ਲਕਾ ਪੁਲਿਸ ਵੱਲੋਂ ਵੱਖ ਵੱਖ ਕੇਸਾਂ ਵਿਚ ਬਰਾਮਦ ਨਸ਼ੀਲੇ ਪਦਾਰਥ ਕੀਤੇ ਗਏ ਨਸ਼ਟ
ਜ਼ਿਲਾ ਤੇ ਸੈਸ਼ਨ ਜੱਜ ਸ੍ਰੀ ਵਰਿੰਦਰ ਅਗਰਵਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਸਫਲ ਬਣਾਉਣ ਲਈ ਸਾਰੇ ਜੁਡੀਸ਼ਲ ਅਫ਼ਸਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪੁਰਾਣੇ ਅਖਬਾਰਾਂ ਦਾ ਕਿਧਰੇ ਹੋਰ ਨਿਪਟਾਰਾ ਨਾ ਕਰਨ ਅਤੇ ਇਸ ਨੂੰ ਇਕੱਠਾ ਕਰਕੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੇ ਕਰਮਚਾਰੀਆਂ ਨੂੰ ਸੌਂਪਣ ਤਾਂ ਜੋ ਇਨਾਂ ਅਖਬਾਰਾਂ ਨਾਲ ਕਾਗਜ਼ ਦੇ ਥੈਲੇ ਤਿਆਰ ਕੀਤੇ ਜਾ ਸਕਣ। ਉਨਾਂ ਦੱਸਿਆ ਕਿ ਕਾਗਜ਼ ਦੇ ਇਨਾਂ ਥੈਲਿਆਂ ਨੂੰ ਵੰਡਣ ਦੀ ਸ਼ੁਰੂਆਤ ਮੈਡੀਕਲ ਸਟੋਰਾਂ ਤੋਂ ਕੀਤੀ ਜਾਵੇ, ਕਿਉਂਕਿ ਦਵਾਈਆਂ ਦਾ ਭਾਰ ਘੱਟ ਹੁੰਦਾ ਹੈ ਤੇ ਇਸ ਵਾਸਤੇ ਕਾਗਜ਼ ਦੇ ਥੈਲੇ ਅਸਾਨੀ ਨਾਲ ਵਰਤੇ ਜਾ ਸਕਦੇ ਹਨ।
ਜ਼ਿਲਾ ਜੇਲ ਬਰਨਾਲਾ ਵਿਖੇ ਕਾਗਜ਼ ਦੇ ਥੈੈਲੇ ਤਿਆਰ ਕਰਨ ਦੀ ਮੁਹਿੰਮ ਦਾ ਆਗਾਜ਼ ਕਰਦਿਆਂ ਸ੍ਰੀ ਵਰਿੰਦਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਜੇਲ ਬਰਨਾਲਾ ਦੇ ਦੋ ਕਰਮਚਾਰੀਆਂ ਨੂੰ ਕਾਗਜ਼ ਦੇ ਥੈਲੇ ਤਿਆਰ ਕਰਨ ਦੀ ਸਿਖਲਾਈ ਦਿੱਤੀ ਗਈ ਹੈ, ਜੋ ਕਿ ਅੱਗੇ ਜੇਲ ਦੇ ਬੰਦੀਆਂ ਨੂੰ ਸਿਖਲਾਈ ਦੇਣਗੇ। ਇਸ ਮੌਕੇ ਸੁਪਰਡੈਂਟ ਜ਼ਿਲਾ ਜੇਲ ਬਰਨਾਲਾ ਬਲਬੀਰ ਸਿੰਘ ਵੱਲੋਂ ਜੇਲ ਸਟਾਫ ਤੇ ਕੈਦੀਆਂ ਤਰਫੋਂ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ।
ਇਸ ਮੌਕੇ ਸ੍ਰੀ ਵਰਿੰਦਰ ਅਗਰਵਾਲ ਵੱਲੋਂ ਕੱਪੜਾ ਵਪਾਰੀਆਂ ਦੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਇਸ ਮੁਹਿੰਮ ਤਹਿਤ ਵਾਧੂ ਕੱਪੜਾ ਆਦਿ ਮੁਹੱਈਆ ਕਰਵਾਉਣ ਤਾਂ ਜੋ ਉਸ ਕੱਪੜੇ ਤੋਂ ਐੱਲਬੀਐੱਸ ਕਾਲਜ ਦੀਆਂ ਵਿਦਿਆਰਥਣਾਂ ਦੇ ਸਹਿਯੋਗ ਨਾਲ ਕੱਪੜੇ ਦੇ ਥੈਲੇ ਤਿਆਰ ਕਰਵਾਏ ਜਾ ਸਕਣ, ਜਿਸ ਸਬੰਧੀ ਕਾਲਜ ਪਿ੍ਰੰਸੀਪਲ ਸ੍ਰੀਮਤੀ ਨੀਲਮ ਸ਼ਰਮਾ ਅਤੇ ਮੈਨੇਜਮੈਂਟ ਵੱਲੋਂ ਹਾਂ-ਪੱਖੀ ਹੁੰਗਾਰਾ ਦਿੱਤਾ ਗਿਆ ਹੈ।