ਸਹਿਕਾਰਤਾ ਵਿਭਾਗ ਦੇ ਇੰਸਪੈਕਟਰਾਂ ਵੱਲੋਂ ਸੰਯੁਕਤ ਰਜਿਸਟਰਾਰ ਦੇ ਦਫਰ ਮੂਹਰੇ ਰੋਸ ਪ੍ਰਦਰਸ਼ਨ
ਫਿਰੋਜ਼ਪੁਰ 27 ਦਸੰਬਰ 2022
ਦੀ ਪੰਜਾਬ ਸਟੇਟ ਕੋਆਪਰੇਟਿਵ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਆਪਣੀਆਂ ਮੰਗਾਂ ਦੇ ਹੱਕ ਵਿਚ ਕੀਤੀ ਗਈ ਕਲਮ ਛੋੜ ਹੜਤਾਲ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਅਤੇ ਮੋਗਾ ਜ਼ਿਲ੍ਹਿਆਂ ਦੇ ਸਹਿਕਾਰਤਾ ਇੰਸਪੈਕਟਰਾਂ ਵੱਲੋਂ ਵਿਸ਼ਾਲ ਧਰਨਾ ਦੇ ਆਪਣੀਆਂ ਮੰਗਾਂ ਦੇ ਹੱਕ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ ।
ਹੋਰ ਪੜ੍ਹੋ – ਪੇਂਡੂ ਬੇਰੁਜ਼ਗਾਰ ਨੌਜਵਾਨਾਂ ਲਈ ਡੇਅਰੀ ਫਾਰਮਿੰਗ ਦਾ ਸਿਖਲਾਈ ਕੋਰਸ 09 ਜਨਵਰੀ ਤੋਂ ਸ਼ੁਰੂ
ਇਸ ਰੋਸ ਮੁਜ਼ਾਹਰੇ ਵਿਚ ਕੜਾਕੇ ਦੀ ਠੰਡ ਦੇ ਬਾਵਜੂਦ ਵੱਖ ਵੱਖ ਜ਼ਿਲ੍ਹਿਆਂ ਦੇ ਇੰਸਪੈਕਟਰਾਂ ਨੇ ਪੂਰੇ ਰੋਸ ਵਿਚ ਭਾਗ ਲਿਆ । ਅੱਜ ਦੇ ਰੋਸ ਮੁਜ਼ਾਹਰੇ ਦੌਰਾਨ ਦੌਰਾਨ ਧਰਨਾਕਾਰੀਆਂ ਨੂੰ ਅਮਰੀਕ ਸਿੰਘ ਬਠਿੰਡਾ, ਚਰਨਜੀਤ ਸਿੰਘ ਮੋਗਾ, ਗੁਰਜੀਤ ਸਿੰਘ ਫਰੀਦਕੋਟ, ਗੁਣਦੀਪ ਸਿੰਘ ਫਰੀਦਕੋਟ, ਕੁਲਵਿੰਦਰ ਸਿੰਘ ਫਿਰੋਜ਼ਪੁਰ, ਅਮਨਪ੍ਰੀਤ ਸਿੰਘ ਫਾਜ਼ਿਲਕਾ, ਜਗਤਾਰ ਸਿੰਘ ਮਾਨਸਾ, ਰਛਪਾਲ ਸਿੰਘ ਸ੍ਰੀ ਮੁਕਤਸਰ ਸਾਹਿਬ, ਅਬਸੇਕ ਬਿਸ਼ਨੋਈ, ਰਾਜਦੀਪ ਸਿੰਘ, ਪੰਕਜ ਸ਼ਰਮਾ, ਗੁਰਵਿੰਦਰ ਕੌਰ, ਰਸ਼ਪਿੰਦਰ ਕੌਰ, ਮੋਗਾ ਅਗਰਵਾਲ ਤੇ ਜਗਸੀਰ ਸਿੰਘ ਕਾਂਗਰ ਜ਼ਿਲ੍ਹਾ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ ਫਿਰੋਜ਼ਪੁਰ ਨੇ ਵੀ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ । ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਦੇ ਇੰਸਪੈਕਟਰ ਹਾਜਰ ਸਨ ।
ਰੋਸ ਧਰਨੇ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੇ ਵਿਭਾਗ ਦੇ ਉਚ ਅਧਿਕਾਰੀਆਂ ਤੋ ਮੰਗ ਕੀਤੀ ਕਿ ਸਹਿਕਾਰਤਾ ਵਿਭਾਗ ਦੇ ਨਿਰੀਖਕਾਂ ਦਾ ਪਿਛਲੇ ਲੰਬੇ ਸਮੇ ਤੋ ਪੈਡਿੰਗ ਪਿਆ ਪਰਖ ਕਾਲ ਸਮਾਂ ਤੁਰੰਤ ਮੁਕੰਮਲ ਕਰਵਾਇਆ ਜਾਵੇ, ਬੇਲੋੜੀਆਂ ਚਾਰਜਸ਼ੀਟਾਂ ਤੁਰੰਤ ਰੱਦ ਕੀਤੀਆਂ ਜਾਣ ਅਤੇ ਛੇਵੇਂ ਤਨਖਾਹ ਕਮਿਸ਼ਨ ਵਿਚ ਵਿਭਾਗ ਦੇ ਇੰਸਪੈਕਟਰਾਂ ਨੂੰ 3600 ਦੇ ਬਜਾਏ 3800 ਦੇ ਗਰੇਡ ਪੇ ਬੀ ਕਲਾਸ ਵਿਚ ਤਨਖਾਹ ਫਿਕਸ ਕੀਤੀ ਜਾਵੇ । ਇਸ ਮੌਕੇ ਸਹਿਕਾਰਤਾ ਵਿਭਾਗ ਦੇ ਸੰਯੁਕਤ ਰਜਿਸਟਰਾਰ ਨੇ ਫੋਨ ਉਪਰ ਜਥੇਬੰਦੀ ਦੇ ਆਗੂਆਂ ਅਤੇ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹਨਾਂ ਦੀ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜਲਦੀ ਹੀ ਸਹਿਕਾਰਤਾ ਵਿਭਾਗ ਦੇ ਨਿਰੀਖਕਾਂ ਦੀਆਂ ਸਾਰੀਆਂ ਮੰਗਾਂ ਹੱਲ ਕਰ ਦਿੱਤੀਆਂ ਜਾਣਗੀਆਂ ਅਤੇ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਜਾਂ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ ।