ਅੰਮ੍ਰਿਤਸਰ 24 ਨਵੰਬਰ 2021
ਪੰਜਾਬੀ ਰੰਗਮੰਚ ਨੂੰ ਸਾਡੇ ਸਮਾਜ ਵਿੱਚ ਇੱਕ ਅਹਿਮ ਸਥਾਨ ਪ੍ਰਾਪਤ ਹੈ ਅਤੇ ਇਹ ਊਸਾਰੂ ਸੋਚ ਪੈਦਾ ਕਰਨ ਵਿੱਚ ਫ਼ੈਸਲਾਕੁਨ ਭੂਮਿਕਾ ਅਦਾ ਕਰ ਸਕਦਾ ਹੈ। ਇਸ ਗੱਲ ਦਾ ਪ੍ਰਗਟਾਵਾ ਜਿਲ੍ਹਾ ਸਵੀਪ ਟੀਮ ਮੈਂਬਰ-ਕਮ-ਜਿਲ੍ਹਾ ਲਾਇਬ੍ਰੇਰੀਅਨ ਸ਼੍ਰੀਮਤੀ ਪ੍ਰਭਜੋਤ ਕੌਰ ਨੇ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਵਲੋਂ ਕਰਵਾਏ ਗਏ ਵੋਟਰ ਜਾਗਰੂਕਤਾ ਪ੍ਰੋਗਰਾਮ ‘ਮੈਂ ਵੋਟ ਬੋਲਦੀ’ ਵਿੱਚ ਆਪਣੇ ਸੰਬੋਧਨ ਦੌਰਾਨ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਰੰਗਮੰਚ ਵਿੱਚ ਲੋਕਤੰਤਰ ਨੂੰ ਮਜਬੂਤ ਕਰਨ ਦੀ ਅਦਭੁੱਤ ਤਾਕਤ ਹੈ ਅਤੇ ਅਗਾਮੀ ਵਿਧਾਨਸਭਾ ਚੋਣਾਂ ਵਿੱਚ ਸੱਭ ਨੂੰ ਇਸਦੀ ਮਜਬੂਤੀ ਲਈ ਆਪਣਾ ਬਣਦਾ ਹਿੱਸਾ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਾਟਕ ਪੇਸ਼ਕਾਰੀ ਰਾਹੀਂ ਕਲਾਕਾਰ ਲੋਕਤਾਂਤਰਿਕ ਪ੍ਰਕਿਰਿਆ ਦੇ ਔਖੇ ਸੰਕਲਪਾਂ ਨੂੰ ਬਹੁਤ ਅਸਾਨੀ ਅਤੇ ਘੱਟ ਸਮੇਂ ਵਿੱਚ ਆਮ ਜਨਤਾ ਤੱਕ ਪਹੁੰਚਾ ਸਕਦੇ ਹਨ।
ਹੋਰ ਪੜ੍ਹੋ :-ਪੰਜਾਬ ਦੇ ਮੁੱਦੇ ਇਕ-ਇਕ ਕਰਕੇ ਹੱਲ ਕੀਤੇ ਜਾਣਗੇ – ਚੰਨੀ
ਉਹਨਾਂ ਇਸ ਮੌਕੇ ਪੰਜਾਬ ਚੋਣ ਕਮਿਸ਼ਨ ਅਤੇ ਪ੍ਰਸ਼ਾਸਨ ਵਲੋਂ ਚੋਣ ਪ੍ਰਕਿਰਿਆ ਨੂੰ ਸੁਖ਼ਾਲਾ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹੁਲਤ ਲਈ ਬਣਾਈ ਗਈ ਵੋਟਰ ਹੈਲਪਲਾਈਨ ਐਪ ਦਾ ਲਾਹਾ ਲੈ ਕੇ ਹਰ ਆਮ ਨਾਗਰਿਕ ਹੁਣ ਘਰ ਬੈਠੇ ਹੀ ਹਰ ਚੋਣ ਜਾਣਕਾਰੀ ਹਾਸਿਲ ਕਰ ਸਕਦਾ ਹੈ।ਉਹਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ,ਤਾਂ ਜੋ ਨੌਜਵਾਨ ਪੀੜੀ ਨੂੰ ਚੋਣ ਪ੍ਰਕਿਰਿਆ ਦਾ ਭਾਈਵਾਲ ਬਣਾਇਆ ਜਾ ਸਕੇ। ਇਸ ਵੋਟਰ ਜਾਗਰੂਕਤਾ ਪ੍ਰੋਗਰਾਮ ਦੌਰਾਨ ਕਲਾਕਾਰਾਂ ਵਲੋਂ ਵੋਟ ਦੀ ਤਾਕਤ ਨੂੰ ਦਰਸ਼ਾਉਂਦਾ ਹੋਇਆ ਇੱਕ ਨਾਟਕ ਵੀ ਪੇਸ਼ ਕੀਤਾ ਗਿਆ।
ਪ੍ਰੌਗਰਾਮ ਦੌਰਾਨ ਕਲਾਕਾਰਾਂ ਵਲੋਂ ਕਵਿਤਾਵਾਂ ਰਾਹੀਂ ਵੋਟ ਦੇ ਹੱਕ ਦਾ ਉਚਿਤ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ ਗਿਆ।ਦਰਸ਼ਕਾਂ ਵਲੋਂ ਮੌਕੇ ਤੇ ਹੀ ਵੋਟਰ ਹੈਲਪਲਾਈਨ ਐਪ ਵੀ ਡਾਊਨਲੋਡ ਕੀਤੀ ਗਈ। ਇਸ ਮੌਕੇ ਤੇ ਜਿਲ੍ਹਾ ਸਵੀਪ ਟੀਮ ਮੈਂਬਰ ਪੰਕਜ ਕੁਮਾਰ ਸ਼ਰਮਾ,ਜੈਸਮੀਨ ਬਾਵਾ,ਮੋਹਿਤ ਚਾਵਲਾ,ਅਮਰਜੀਤ ਕੁਮਾਰ,ਸ਼ਰਨਜੀਤ ਸਿੰਘ,ਅਨਮੋਲ ਸੰਘ,ਹਰਮਨ,ਅੰਮ੍ਰਿਤਪਾਲ,ਦੀਪਕ,ਗੁਰਵਿੰਦਰ,ਸੀਰਤ,ਪਰਮ,ਪੁਨੀਤ ਪਾਹਵਾ ਅਤੇ ਸੁਨੇਹਾ ਵੀ ਹਾਜ਼ਰ ਸਨ।