ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਤੇ ਵਾਤਾਵਰਣ ਨੂੰ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਕੀਤੀ ਅਪੀਲ
ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਹੈ ਐਲਾਨ
ਗੁਰਦਾਸਪੁਰ, 5 ਮਈ 2022
ਪਿੰਡ ਡੇਅਰੀਵਾਲ, ਗੁਰਦਾਸਪੁਰ ਦੇ ਅਗਾਂਹਵਧੂ ਕਿਸਾਨ ਸੁਖਦੇਵ ਸਿੰਘ ਗੋਲਡੀ ਨੇ ਯੂ ਟਿਊਬ ’ਤੇ ਚੱਲਦੇ ਬਾਜੇਖਾਨੇ ਕਿਸਾਨ ਗਰੁੱਪ ਤੋਂ ਕੋਰੋਨਾ ਮਹਾਂਮਾਰੀ ਦੌਰਾਨ ਸੇਧ ਲੈ ਕੇ ਖੁਦ 3 ਏਕੜ ਤੇ ਆਪਣੇ ਪਿੰਡ ਵਿਚ 40 ਏਕੜ ਅਤੇ ਨੇੜਲੇ ਪਿੰਡਾਂ ਵਿਚ 15 ਏਕੜ ਰਕਬੇ ’ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ।
ਹੋਰ ਪੜ੍ਹੋ :-ਫਾਜ਼ਿਲਕਾ ਦੇ ਪਿੰਡ ਟਾਹਲੀਵਾਲਾ ਜੱਟਾਂ ਵਿਚ 9 ਏਕੜ ਪੰਚਾਇਤੀ ਜ਼ਮੀਨ ਦਾ ਛੁਡਵਾਇਆ ਕਬਜ਼ਾ: ਹਰਮੇਲ ਸਿੰਘ
ਕਿਸਾਨ ਸੁਖਦੇਵ ਸਿੰਘ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਦਾਣਾ ਮੰਡੀ ਵਿਚ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਸਿੱਧੀ ਬਿਜਾਈ ਦੇ ਦਾਣੇ ਦਾ ਸਾਈਜ਼ ਤੇ ਚਮਕ ਬਾਰੇ ਬਾਕੀ ਲੱਗੀਆਂ ਢੇਰੀਆਂ ਨਾਲੋਂ ਵੱਖਰੀ ਦਿਸਣ ਕਰਕੇ ਪੁੱਛਦੇ ਹਨ ਤੇ ਝੋਨੇ ਸਿੱਧੀ ਬਿਜਾਈ ਕਰਨ ਸਬੰਧੀ ਜਾਣਕਾਰੀ ਲਈ ਲੈਂਦੇ ਹਨ। ਕਿਸਾਨ ਨੇ ਅੱਗੇ ਦੱਸਿਆ ਕਿ ਜਿਹੜੇ ਪੈਸੇ ਸਿੱਧੀ ਬਿਜਾਈ ਕਰਕੇ ਬਚਾਏ ਜਾਂਦੇ ਹਨ, ਉਨਾਂ ਪੈਸਿਆਂ ਨਾਲ ਏਸੇ ਫਸਲ ’ਤੇ ਸਿੱਧੀ ਬਿਜਾਈ ਵਾਲੀ ਡਰਿੱਲ ਦਾ ਕਿਰਾਇਆ, ਪਹਿਲੀ ਨਦੀਨਨਾਸ਼ਕ ਸਟੋਂਪ, ਦੂਜੀ ਨਾਮਿਨੀ ਗੋਲਡ ਨਾਲ ਚੋੜੇ ਪੱਤੇ ਵਾਲੀ ਅੱਧੀ ਫਸਲ ਦੇ ਖਰਚੇ ਇਸੇ ਬਚਤ ਵਿਚੋਂ ਕੱਢੇ ਜਾਂਦੇ ਹਨ।
ਉਨ ਅੱਗੇ ਦੱਸਿਆ ਕਿ ਅੱਜ ਬਹੁਤੇ ਕਿਸਾਨ ਵੀਰ ਪਹਿਲੇ 25-35 ਦਿਨਾਂ ਦੀ ਆਪਣੀ ਸਿੱਧੀ ਬਿਜਾਈ ਵਾਲੀ ਤੇ ਨੇੜਲੇ ਖੇਤ ਵਿਚ ਲਾਬ ਵਾਲੀ ਫਸਲ ਦਾ ਵਾਧੇ ਦੇਖ ਕੇ ਡਰ ਕੇ ਜਲਦੀ ਨਾਲ ਜ਼ਮੀਨ ਵਹਾਅ ਦਿੰਦੇ ਹਨ, ਜੋ ਕਿ ਬਿਲਕੁਲ ਡਰਨ ਤੇ ਘਬਰਾਉਣ ਵਾਲੀ ਗੱਲ ਨਹੀਂ ਹੈ। ਉਨਾਂ ਦੱਸਿਆ ਕਿ ਕਿਸਾਨ ਵੀਰ ਨਦੀਨ ਨਾਸ਼ਕ ਦੀ ਸਪਰੇਅ ਕਰਨ ਤੇ ਉਸ ਤੋ ਬਾਅਦ ਜਿੰਕ ਸਲਫਰ ਦੀ ਸਪਰੇਅ ਕਰਕੇ ਮੁੜਕੇ ਏਹ ਸਿੱਧੀ ਬਿਜਾਈ ਵਾਲੀ ਫਸਲ, ਲਾਬ ਵਾਲੀ ਫਸਲ ਨੂੰ ਕੱਟ ਜਾਂਦੀ ਹੈ ਤੇ ਫੁਟਾਰਾ ਜਾੜ ਵੀ ਬਹੁਤ ਵਧੀਆਂ ਬਣ ਜਾਂਦਾ ਹੈ। ਇਹੀ ਗੱਲ ਕਿਸਾਨ ਸਾਥੀਆਂ ਨੂੰ ਸਮਝਣ ਦੀ ਲੋੜ ਹੈ।
ਕਿਸਾਨ ਸੁਖਦੇਵ ਸਿੰਘ ਨੇ ਅੱਗੇ ਦੱਸਿਆ ਕਿ ਮੈਂ ਪਹਿਲੀ ਵਾਲ ਝੋਨੇ ਦੀ ਸਿੱਧੀ ਬਿਜਾਈ ਲਈ 8 ਕਿਲੋ ਬੀਜ ਵਰਤਿਆ ਸੀ ਤੇ ਦੂਜੀ ਵਾਰ 6 ਕਿਲੋ ਬੀਜ ਵਰਤਿਆ। ਉਨਾਂ ਦੱਸਿਆ ਕਿ ਮੈਂ ਖੁਦ ਆਪਣੇ ਪਿੰਡ ਵਿਚ 40 ਏਕੜ ਦੇ ਕਰੀਬ ਤੇ ਆਪਣੀ 3 ਏਕੜ ਜ਼ਮੀਨ ਵਿਚ ਤੇ ਲਾਗਲੇ ਪਿੰਡਾਂ ਵਿਚ 15 ਏਕੜ ਝੋਨੇ ਦੀ ਸਿੱਧੀ ਬਿਜਾਈ ਦੀ ਡਰਿੱਲ ਵਿਭਾਗ ਵਲੋਂ ਕਿਰਾਏ ’ਤੇ ਮੁਹੱਈਆ ਕਰਵਾ ਕੇ ਕਰਵਾਈ ਗਈ। ਸਿੱਧੀ ਬਿਜਾਈ ਨੂੰ ਪਾਣੀ ਲਗਾਉਣ ਬਾਰੇ ਉਨਾਂ ਦੱਸਿਆ ਕਿ ਪਹਿਲਾ ਪਾਣੀ 20 ਦਿਨਾਂ ਬਾਅਦ ਤੇ ਦੂਜੇ 4-5 ਦਿਨਾਂ ਬਾਅਦ ਖਾਸਕਰਕੇ ਵੱਤਰ ਤੇ ਮੌਸਮ ਦੇ ਹਿਸਾਬ ਨਾਲ ਲਗਾਇਆ ਗਿਆ।
ਅਗਾਂਹਵਧੂ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਕਣਕ ਦੇ ਵਾਹਣ ਨੂੰ 2 ਜਾਂ 3 ਵਾਰੀ ਭਰਵੇਂ ਪਾਣੀ ਲਗਾਉਣ ਤੇ ਦੂਜੇ ਵੱਤਰ ’ਤੇ ਬਿਜਾਈ ਕਰਨ, ਕਿਉਂਕਿ ਇਸ ਨਾਲ ਲੰਮੇ ਸਮੇਂ ਤੱਕ ਜ਼ਮੀਨਾਂ ਠੰਡੀਆਂ ਰਹਿੰਦੀਆਂ ਹਨ, ਜੇਕਰ ਅਸੀ ਪਹਿਲੇ ਵੱਤਰ ਨਾਲ ਬਿਜਾਈ ਕਰਦੇ ਹਾਂ ਤਾਂ ਖੇਤ ਨੂੰ ਸੋਕਾ ਵੀ ਜਲਦ ਲੱਗੇਗਾ।
ਕਿਸਾਨ ਸੁਖਦੇਵ ਸਿੰਘ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਲਈ ਡਰਿੱਲਾਂ ਸਬਸਿਡੀ ਤੇ ਪਿੰਡਾਂ ਵਿਚ ਕਿਸਾਨਾਂ ਨੂੰ ਦੇਣ ਤੇ ਲੋਕਾਂ ਨੂੰ ਵੱਧ ਤੋਂ ਜਾਗਰੂਕ ਕੀਤਾ ਜਾਵੇ। ਉਨਾਂ ਕਿਹਾ ਕਿ ਜੇਕਰ ਕੋਈ ਕਿਸਾਨ ਵੀਰ ਝੋਨੇ ਦੀ ਸਿੱਦੀ ਬਿਜਾਈ ਲਈ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ 99882-30200 ਤੇ 90411-49400 ਤੇ ਫੋਨ ਕਰ ਸਕਦਾ ਹੈ।
ਇਸ ਮੌਕੇ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ. ਰਣਧੀਰ ਠਾਕੁਰ ਤੇ ਡਾ. ਦਿਲਬਾਗ ਸਿੰਘ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਜਰੂਰ ਕਰਨ। ਉਨਾਂ ਕਿਹਾ ਕਿ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਨੂੰ ਬਚਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਤੇ ਸਿਹਤਮੰਦ ਭਵਿੱਖ ਨੂੰ ਮੁੱਖ ਰੱਖਦਿਆਂ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਜਾਵੇ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵੀ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰਤੀ ਏਕੜ 1500 ਰੁਪਏ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ।ਇਸ ਮੌਕੇ ਬਲਾਕ ਕਾਹਨੂੰਵਾਨ ਦੇ ਕਮਲਇੰਦਰਜੀਤ ਸਿੰਘ ਬਾਜਵਾ, ਬਲਾਕ ਟੈਕਨਾਲੋਜੀ ਮੈਨੇਜਰ ਵੀ ਮੋਜੂਦ ਸਨ।
ਅਗਾਂਹਵਧੂ ਕਿਸਾਨ ਸੁਖਦੇਵ ਸਿੰਘ ਵਲੋਂ ਪਿਛਲੇ ਸਾਲ (2021) ਝੋਨੇ ਦੀ ਕੀਤੀ ਸਿੱਧੀ ਬਿਜਾਈ ਨਾਲ ਹੋਈ ਫਸਲ ਦਾ ਦ੍ਰਿਸ਼।