– ਸ਼ਹੀਦ ਭਗਤ ਸਿੰਘ ਨਗਰ ਕੋਵਿਡ-19 ਟੀਕਾਕਰਨ ਵਿਚ ਸੂਬੇ ਵਿੱਚੋਂ 5ਵੇਂ ਸਥਾਨ ‘ਤੇ
– ਸਿਵਲ ਸਰਜਨ ਨੇ ਯੋਗ ਜ਼ਿਲ੍ਹਾ ਵਾਸੀਆਂ ਨੂੰ ਦੂਜੀ ਡੋਜ ਲਗਵਾਉਣ ਦੀ ਕੀਤੀ ਅਪੀਲ
ਨਵਾਂਸ਼ਹਿਰ, 14 ਅਕਤੂਬਰ 2021
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ 18 ਸਾਲ ਤੋਂ ਵੱਧ ਉਮਰ ਦੀ ਕੁੱਲ 96.41 ਫੀਸਦੀ ਯੋਗ ਆਬਾਦੀ ਨੂੰ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਲਗਾ ਕੇ ਇਕ ਵੱਡੀ ਪੁਲਾਂਘ ਪੁੱਟ ਲਈ ਹੈ। ਇਸ ਤਰ੍ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕੋਵਿਡ-19 ਟੀਕਾਕਰਨ ਵਿਚ ਸੂਬੇ ਵਿੱਚੋਂ 5ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਹੋਰ ਪੜ੍ਹੋ :-ਜਿਲ੍ਹਾ ਅੰਮ੍ਰਿਤਸਰ ਦੇ ਸਾਰੇ 9 ਬਲਾਕਾਂ ਵਿੱਚ ਰਾਸਟਰੀ ਯੁਵਾ ਵਲੰਟੀਅਰਾਂ ਦੁਆਰਾ ਯੂਥ ਕਲੱਬ ਵਿਕਾਸ ਮੁਹਿੰਮ ਦਾ ਆਯੋਜਨ ਕਰ ਰਹੀ ਹੈ
ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਅੱਜ ਇੱਥੋਂ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ ਰੋਕੂ ਟੀਕਾਕਰਨ ਅਧੀਨ 551508 ਖੁਰਾਕਾਂ ਲਗਾ ਦਿੱਤੀਆਂ ਗਈਆਂ ਹਨ। ਕੁੱਲ 96.41 ਫੀਸਦੀ ਵਿਅਕਤੀਆਂ ਨੂੰ ਪਹਿਲੀ ਡੋਜ ਅਤੇ 40.44 ਫੀਸਦੀ ਵਿਅਕਤੀਆਂ ਨੂੰ ਦੂਜੀ ਡੋਜ ਲਗਾਈ ਗਈ ਹੈ।
ਡਾ. ਗੁਰਿੰਦਰਬੀਰ ਕੌਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਦੂਜੀ ਡੋਜ ਬਹੁਤ ਘੱਟ ਲੱਗੀ ਹੈ, ਇਸ ਲਈ ਜ਼ਿਲ੍ਹੇ ਅੰਦਰ 100 ਫੀਸਦੀ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਲਗਾਉਣੀ ਬਹੁਤ ਜ਼ਰੂਰੀ ਹੈ, ਇਸ ਲਈ ਮੈਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਤਰਜ਼ੀਹ ਦੇ ਆਧਾਰ ਉੱਤੇ ਲਗਵਾਉਣ। ਉਨ੍ਹਾਂ ਇਹ ਵੀ ਦੱਸਿਆ ਕਿ 18 ਸਾਲ ਤੋਂ ਵੱਧ ਉਮਰ ਦੇ ਯੋਗ ਵਿਅਕਤੀਆਂ ਨੂੰ ਐਤਵਾਰ ਵਾਲੇ ਦਿਨ ਹੁਣ ਕੇਵਲ ਦੂਜੀ ਡੋਜ ਹੀ ਲਗਾਈ ਜਾਂਦੀ ਹੈ ਤਾਂ ਜੋ ਲੋਕਾਂ ਵਿਚ ਬਿਮਾਰੀ ਨਾਲ ਲੜਨ ਦੀ ਪੂਰੀ ਸ਼ਕਤੀ ਪੈਦਾ ਕੀਤੀ ਜਾ ਸਕੇ।
ਇਸ ਤੋਂ ਇਲਾਵਾ ਸੋਮਵਾਰ ਤੋਂ ਸ਼ਨਿੱਚਰਵਾਰ ਪਹਿਲੀ ਤੇ ਦੂਜੀ ਦੋਵੇਂ ਖੁਰਾਕਾਂ ਲੱਗਣਗੀਆਂ। ਉਨ੍ਹਾਂ ਦੱਸਿਆ ਕਿ ਕੋਵਿਡ ਤੋਂ ਬਚਾਅ ਲਈ ਪੂਰੀ ਰੋਗ ਪ੍ਰਤੀਰੋਧਕ ਸ਼ਕਤੀ ਬਣਾਉਣ ਲਈ ਟੀਕੇ ਦੀ ਦੂਜੀ ਡੋਜ ਸਮੇਂ ਸਿਰ ਲਗਾਉਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕੋਵੀਸ਼ੀਲਡ ਵੈਕਸ਼ੀਨ ਦੀ ਦੂਜੀ ਡੋਜ 84 ਦਿਨ ਬਾਅਦ ਅਤੇ ਕੋਵੈਕਸੀਨ ਦੀ ਦੂਜੀ ਡੋਜ 28 ਦਿਨ ਬਾਅਦ ਲਗਾਈ ਜਾਂਦੀ ਹੈ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਤੋਂ ਬਚਣ ਲਈ 18 ਸਾਲ ਤੋਂ ਵੱਧ ਉਮਰ ਦੇ ਯੋਗ ਵਿਅਕਤੀ ਆਪਣਾ ਟੀਕਾਕਰਨ ਜ਼ਰੂਰ ਕਰਵਾਉਣ ਅਤੇ ਜਿਨ੍ਹਾਂ ਦੇ ਪਹਿਲਾ ਟੀਕਾ ਲੱਗਾ ਹੈ, ਉਹ ਸਿਹਤ ਵਿਭਾਗ ਵੱਲੋਂ ਲਗਾਏ ਜਾਂਦੇ ਕੈਂਪਾਂ ਵਿਚ ਦੂਜਾ ਟੀਕਾ ਜ਼ਰੂਰ ਲਗਵਾਉਣ।