ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਫਾਜ਼ਿਲਕਾ, 16 ਮਾਰਚ 2022
ਫਾਜ਼ਿਲਕਾ ਦੇ ਸਿਹਤ ਵਿਭਾਗ ਵੱਲੋਂ ਕਰਨੀਖੇੜਾ ਸਕੂਲ ਵਿੱਚ ਵਿਸ਼ਵ ਟੀਕਾਕਰਨ ਦਿਵਸ ਮਨਾਇਆ ਗਿਆ ਜਿਸ ਵਿੱਚ ਸਕੂਲ ਪ੍ਰਿੰਸੀਪਲ ਮੰਜੂ ਠਕਰਾਲ, ਸੀਨੀਅਰ ਮੈਡੀਕਲ ਅਫਸਰ ਡਾ: ਰੂਪਾਲੀ ਮਹਾਜਨ, ਸਰਪੰਚ ਸੰਦੀਪ ਸਿੰਘ, ਪਰਵੀਨ ਕੁਮਾਰ, ਡਾ: ਸੁਮੇਧਾ ਸਚਦੇਵਾ, ਬਲਾਕ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ ਨੇ ਸ਼ਮੂਲੀਅਤ ਕੀਤੀ।
ਹੋਰ ਪੜ੍ਹੋ :-ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਸਬੰਧੀ ਅਗਾਉਂ ਢੁਕਵੇਂ ਹੱਲ ਕਰਨ ਦੀ ਅਪੀਲ
ਇਸ ਮੌਕੇ ਡਾ. ਰੁਪਾਲੀ ਮਹਾਜਨ ਨੇ ਕਿਹਾ ਕਿ ਸਰਕਾਰ ਦੇ ਟੀਕਾਕਰਨ ਪ੍ਰੋਗਰਾਮ ਕਰਕੇ ਬੱਚਿਆਂ ਦੀ ਮੌਤ ਦਰ `ਚ ਕਮੀ ਆਈ ਹੈ ਅਤੇ ਪੋਲੀਓ ਮੁਕਤ ਹੋਣ ਦਾ ਸਿਹਰਾ ਵੀ ਸਰਕਾਰ ਦੇ ਨਾਲ-ਨਾਲ ਸਿਹਤ ਵਿਭਾਗ ਦੇ ਕਰਮਚਾਰੀਆਂ ਸਦਕਾ ਅਤੇ ਲੋਕ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਬੱਚਿਆਂ ਦੇ ਟੀਕਾਕਰਨ ਨੂੰ ਲੈ ਕੇ ਕਾਫੀ ਜਾਗਰੂਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਅਤੇ ਏ.ਐੱਨ.ਐੱਮਜ਼ ਵੱਲੋਂ ਮਹੀਨੇ ਵਿਚ ਇਕ ਵਾਰ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਉਨ੍ਹਾਂ ਨੂੰ ਟੀਕਾਕਰਨ ਕਰਵਾਉਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਟੀਕਾਕਰਨ ਪ੍ਰੋਗਰਾਮ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰਨ ਵਾਲੀਆਂ 5 ਮਾਵਾਂ ਨੂੰ ਫਲਾਂ ਦੀਆਂ ਟੋਕਰੀਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਪਿ੍ੰਸੀਪਲ ਮੰਜੂ ਠਕਰਾਲ ਨੇ ਦੱਸਿਆ ਕਿ ਪਹਿਲੇ ਸਮੇਂ `ਚ ਬੱਚੇ ਖਸਰੇ ਦੀ ਲਪੇਟ `ਚ ਆ ਜਾਂਦੇ ਸਨ ਜਿਸ ਨੂੰ ਛੋਟੀ ਮਾਤਾ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਇਸ ਨਾਲ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਟੀਕਾਕਰਨ ਪ੍ਰੋਗਰਾਮ ਵਿੱਚ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਦਾ ਟੀਕਾਕਰਨ ਕਰਵਾ ਕੇ ਬੱਚੇ ਸੁਰੱਖਿਅਤ ਹੋ ਗਏ ਹਨ। ਇਸ ਦੌਰਾਨ ਏ.ਐਨ.ਐਮ ਸਿਮਰਨਜੀਤ ਕੋਰ, ਆਸ਼ਾ ਪ੍ਰੋਮਿਲਾ ਦੇਵੀ ਅਤੇ ਰਾਜ ਰਾਣੀ ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਕੁਲਦੀਪ ਮਿਮੀ ਐਂਡ ਪਾਰਟੀ ਵੱਲੋਂ ਪਿੰਡਾਂ ਵਿੱਚ ਨੁੱਕੜ ਨਾਟਕ ਦਾ ਮੰਚਨ ਕੀਤਾ ਗਿਆ, ਜਿਸ ਵਿੱਚ ਲੋਕਾਂ ਨੂੰ ਟੀਕਾਕਰਨ ਕਰਵਾਉਣ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਟੀਕਾਕਰਨ ਹੀ ਬਿਮਾਰੀ ਦਾ ਇਲਾਜ ਹੈ।