ਭਾਸ਼ਾ ਵਿਭਾਗ ਰੂਪਨਗਰ ਵੱਲੋਂ ‘ਪੰਜਾਬੀ ਭਾਸ਼ਾ ਅਤੇ ਪ੍ਰਿੰਟ ਮੀਡੀਆ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ

• ਪੰਜਾਬ ਵਿੱਚ ਪੰਜਾਬੀ ਹੀ ਭਵਿੱਖ ਹੋਵੇਗੀ – ਪ੍ਰਸਿੱਧ ਪੱਤਰਕਾਰ ਹਮੀਰ ਸਿੰਘ
• ਸਾਰੀਆਂ ਧਿਰਾ ਦਾ ਸਮੁੱਚਾ ਹੰਭਲਾ ਪੰਜਾਬੀ ਨੂੰ ਬਚਾਉਣ ਵਿੱਚ ਯੋਗਦਾਨ ਜਰੂਰੀ- ਜਤਿੰਦਰ ਸਿੰਘ ਗਿੱਲ
• ਪੰਜਾਬੀ ਤੋਂ ਦੂਰ ਜਾ ਕੇ ਅਸੀਂ ਪੰਜਾਬੀ ਬੋਲਣ ਲਈ ਤਰਸਦੇ ਹਾਂ- ਪ੍ਰੋ. ਰਿਪੁਦਮਨ ਸਿੰਘ

ਰੂਪਨਗਰ, 6 ਨਵੰਬਰ 2024 

ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਮਨਾਏ ਜਾਣ ਵਾਲੇ ਪੰਜਾਬੀ ਮਾਹ ਸੰਬੰਧੀ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਜ਼ਿਲ੍ਹਾ ਭਾਸ਼ਾ ਦਫ਼ਤਰ ਰੂਪਨਗਰ ਵੱਲੋਂ ਸਰਕਾਰੀ ਕਾਲਜ ਰੋਪੜ ਵਿਖੇ ‘ਪੰਜਾਬੀ ਭਾਸ਼ਾ ਅਤੇ ਪ੍ਰਿੰਟ ਮੀਡੀਆ’ ਵਿਸ਼ੇ ਉਤੇ ਸੈਮੀਨਾਰ ਕਰਵਾਇਆ ਗਿਆ।

ਇਸ ਸੈਮੀਨਾਰ ਦੀ ਪ੍ਰਧਾਨਗੀ ਪ੍ਰਸਿੱਧ ਪੱਤਰਕਾਰ ਸ. ਹਮੀਰ ਸਿੰਘ, ਮੁੱਖ ਮਹਿਮਾਨ ਡਿਪਟੀ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਤੇ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਸ. ਜਤਿੰਦਰ ਸਿੰਘ ਗਿੱਲ, ਮੁੱਖ ਵਕਤਾ ਪ੍ਰੋ. ਰਿਪੁਦਮਨ ਸਿੰਘ ਚਿਤਕਾਰਾ ਸਕੂਲ ਆਫ ਮਾਸ ਕਮਿਊਨਿਕੇਸ਼ਨ, ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਅਤੇ ਵਕਤਾ ਸਰਕਾਰੀ ਕਾਲਜ ਰੋਪੜ ਤੋਂ ਪੰਜਾਬੀ ਦੇ ਸਹਾਇਕ ਪ੍ਰੋਫ਼ੈਸਰ ਡਾ. ਜਤਿੰਦਰ ਕੁਮਾਰ ਸ਼ਾਮਿਲ ਹੋਏ।

ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਉੱਘੇ ਪੱਤਰਕਾਰ ਸ. ਹਮੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਹੀ ਭਵਿੱਖ ਹੋਵੇਗੀ ਜਿਸ ਨੇ ਸਾਡਾ ਵਿਆਪਕ ਅਤੇ ਅਮੀਰ ਵਿਰਸਾ ਸੰਭਾਲਿਆ ਹੋਇਆ ਹੈ ਅਤੇ ਸਾਡਾ ਇਤਹਾਸ ਵੀ ਕੁਰਬਾਨੀਆਂ ਦੇ ਨਾਲ ਸਿਰਜਿਆ ਗਿਆ ਹੈ। ਸਾਡੀ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਪੰਜਾਬੀ ਸਿਹਤ ਨਾਲ ਜੁੜਨਾ ਚਾਹੀਦਾ ਹੈ ਅਤੇ ਇਸ ਤੋਂ ਮਾਰਗ ਦਰਸ਼ਨ ਲੈਕੇ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਚਾਹੀਦੀ ਹੈ

ਉਨ੍ਹਾਂ ਕਿਹਾ ਕਿ ਪੰਜਾਬੀ ਪੱਤਰਕਾਰੀ ਨੇ ਬੇਸ਼ੱਕ, ਪੰਜਾਬੀ ਭਾਸ਼ਾ ਦੇ ਵਿਕਾਸ ‘ਚ ਨਿਰੰਤਰ ਯੋਗਦਾਨ ਪਾਇਆ ਹੈ ਪਰ ਅਜੇ ਵੀ ਇਹ ਕਈ ਤਰ੍ਹਾਂ ਦੀਆਂ ਸੀਮਾਵਾਂ ਅਤੇ ਸਮੱਸਿਆਵਾਂ ਨਾਲ ਜੂਝ ਰਹੀ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਤੱਕ ਵੀ ਪੰਜਾਬੀ ਪੂਰੀ ਤਰ੍ਹਾਂ ਰੁਜ਼ਗਾਰ ਦੀ ਭਾਸ਼ਾ ਨਹੀਂ ਬਣੀ, ਪੰਜਾਬ ਸਰਕਾਰ ਵੱਲੋਂ ਪੰਜਾਬੀ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦੇ ਨਾਲ ਨਾਲ ਇਸ ਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣ ਲਈ ਵੀ ਹੰਭਲਾ ਮਾਰਨਾ ਚਾਹੀਦਾ ਹੈ।

ਡਿਪਟੀ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਤੇ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਸ. ਜਤਿੰਦਰ ਸਿੰਘ ਗਿੱਲ ਨੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸਾਨੂੰ ਸਾਂਝੇ ਤੌਰ ਤੇ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਏਨੀ ਜਲਦੀ ਖਤਮ ਹੋਣ ਵਾਲੀ ਭਾਸ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਿੰਟ ਮੀਡੀਆ ਇਨ੍ਹਾਂ ਪ੍ਰਪੱਕ ਹੋਣਾ ਚਾਹੀਦਾ ਕਿ ਉਹ ਹਰੇਕ ਖੇਤਰ ਭਾਵੇਂ ਉਹ ਵਿਗਿਆਨ, ਸਾਹਿਤ, ਕਾਨੂੰਨ, ਵਪਾਰ, ਤਕਨਾਲੋਜੀ, ਸਨਅਤ ਤੇ ਹੋਰ ਖੇਤਰਾਂ ਨੂੰ ਸਰਲ, ਸ਼ੁੱਧ ਅਤੇ ਸੰਜੀਦਾ ਰੂਪ ਵਿੱਚ ਪੇਸ਼ ਕਰ ਸਕੇ।

ਮੁੱਖ ਵਕਤਾ ਪ੍ਰੋ. ਰਿਪੁਦਮਨ ਸਿੰਘ ਚਿਤਕਾਰਾ ਸਕੂਲ ਆਫ ਮਾਸ ਕਮਿਊਨਿਕੇਸ਼ਨ, ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਜਾਣਕਾਰੀ ਦਿੱਤੀ ਕਿ ਦੁਨੀਆ ਦੇ ਤਕਰੀਬਨ 15-16 ਕਰੋੜ ਪੰਜਾਬੀ ਭਾਸ਼ਾ ਬੋਲਦੇ ਹਨ, ਭਾਰਤ ਦੇ ਪੰਜਾਬ ਵਿੱਚ ਲਗਭਗ 2.5  ਤੋਂ 3 ਕਰੋੜ, ਪਾਕਿਸਤਾਨ ਵਿੱਚ ਲਗਭਗ 9-10 ਕਰੋੜ ਪੰਜਾਬੀ ਬੋਲਦੇ ਹਨ ਤੇ ਬਾਕੀ ਕੈਨੇਡਾ, ਅਮਰੀਕਾ ਵਰਗੇ ਹੋਰ ਦੇਸ਼ਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵਾਂ ਸਾਹਿਤ ਪੜ੍ਹਨ ਤੇ ਲਿਖਣ ਵਿੱਚ ਅੱਜ ਕੱਲ੍ਹ ਦੇ ਨੌਜ਼ਵਾਨ ਨਾਕਾਮਯਾਬ ਰਹੇ, ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਬਹੁਤ ਘੱਟ ਸਾਹਿਤਕਾਰਾਂ ਨੂੰ ਪ੍ਰਸਿੱਧੀ ਮਿਲੀ। ਉਨ੍ਹਾਂ ਪੰਜਾਬੀ ਭਾਸ਼ਾ ਤੇ ਕਮਜ਼ੋਰ ਹੁੰਦੀ ਜਾ ਰਹੀ ਪਕੜ ਤੇ ਵੀ ਚਿੰਤਾ ਪ੍ਰਗਟਾਈ।

ਡਾ. ਜਤਿੰਦਰ ਕੁਮਾਰ ਨੇ ਪ੍ਰਿੰਟ ਮੀਡੀਆ ਦੇ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਨਾਲ ਹੀ ਪ੍ਰਿੰਟ ਮੀਡੀਆ ਵਿੱਚ ਪੰਜਾਬੀ ਭਾਸ਼ਾ ਵਿਚ ਕੀਤੀਆਂ ਜਾਂਦੀਆਂ ਗਲਤੀਆਂ ਬਾਰੇ ਦੱਸਿਆ।
ਪੰਜਾਬੀ ਭਾਸ਼ਾ ਤੋਂ ਦੂਰ ਹੁੰਦੇ ਜਾ ਰਹੇ ਨੌਜ਼ਵਾਨਾਂ ਤੇ ਚਿੰਤਾ ਵੀ ਪ੍ਰਗਟਾਈ। ਪੰਜਾਬੀ ਭਾਸ਼ਾ ਸਿੱਖਣ ਵਿੱਚ ਗਲਤੀਆਂ ਕਾਰਨ ਹੀ ਪ੍ਰਿੰਟ ਮੀਡੀਆ ਵਿੱਚ ਗਲਤੀਆਂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਸ਼ਾ ਤੋਂ ਬਿਨ੍ਹਾ ਮਨੁੱਖ ਦੀ ਕੋਈ ਹੋਂਦ ਨਹੀ, ਪੰਜਾਬੀ ਤੋਂ ਦੂਰ ਜਾ ਕੇ ਅਸੀਂ ਪੰਜਾਬੀ ਬੋਲਣ ਲਈ ਤਰਸਦੇ ਹਾਂ।

ਇਸ ਸਮਾਗਮ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰੂਪਨਗਰ ਸ਼੍ਰੀ ਕਰਨ ਮਹਿਤਾ, ਮੰਚ ਸੰਚਾਲਕ ਤੇਜਿੰਦਰ ਸਿੰਘ ਬਾਜ਼, ਜ਼ਿਲ੍ਹੇ ਦੇ ਸਾਹਿਤਕਾਰ ਈਸ਼ਰ ਸਿੰਘ, ਐਡਵੋਕੇਟ ਮਹਿੰਦਰ ਸਿੰਘ, ਗੁਰਨਾਮ ਸਿੰਘ ਬਿਜਲੀ, ਮਨਦੀਪ ਰਿੰਪੀ, ਸਤਵਿੰਦਰ ਸਿੰਘ ਮਡੋਲਵੀ, ਪ੍ਰੋ. ਉਪਦੇਸ਼ਦੀਪ ਕੌਰ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਾਹਿਤਕਾਰ ਮਨਦੀਪ ਰਿੰਪੀ ਵੱਲੋਂ ਆਪਣੀ ਨਵੀਂ ਕਿਤਾਬ ‘ਵਕਤ ਦੇ ਖੀਸੇ ‘ਚੋਂ’ ਆਏ ਹੋਏ ਮਹਿਮਾਨਾਂ ਨੂੰ ਭੇਂਟ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਭਾਸ਼ਾ ਸਰਕਾਰੀ ਕਾਲਜ ਰੋਪੜ ਤੋਂ ਡਾ. ਨਿਰਮਲ ਸਿੰਘ ਬਰਾੜ, ਪ੍ਰੋ. ਹਰਪ੍ਰੀਤ ਕੌਰ, ਡਾ. ਆਰਤੀ, ਪ੍ਰੋ. ਹਰਦੀਪ ਕੌਰ, ਪ੍ਰੋ. ਸੋਨੀਆ, ਪ੍ਰੋ.  ਜਸਮਿੰਦਰ ਕੌਰ, ਡਾ. ਸ਼ਿਖਾ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਜੁਪਿੰਦਰ ਕੌਰ, ਪ੍ਰੋ. ਹਰਸਿਮਰਤ ਕੌਰ, ਭਾਸ਼ਾ ਵਿਭਾਗ ਦੇ ਕਰਮਚਾਰੀ ਕਲਰਕ ਸਰਬਜੀਤ ਸਿੰਘ, ਸੇਵਾਦਾਰ ਕੁਲਵੰਤ ਸਿੰਘ ਤੇ ਪਰਦੀਪ ਕੁਮਾਰ ਤੋਂ ਇਲਾਵਾ ਬੀਸੀਏ, ਪੀਜੀਡੀਸੀਏ, ਐਮਏ ਅੰਗਰੇਜੀ, ਐਮਏ ਪੰਜਾਬੀ ਤੇ ਐਮਏ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਹਾਜ਼ਰ ਹੋਏ।

Spread the love