ਈ-ਸੰਜੀਵਨੀ ਰਾਹੀਂ ਘਰ ਬੈਠੇ ਲਈ ਜਾ ਸਕਦੀ ਹੈ ਮਾਹਿਰ ਡਾਕਟਰਾਂ ਦੀ ਸਲਾਹ: ਸਿਵਲ ਸਰਜਨ

ਜ਼ਿਲਾ ਵਾਸੀਆਂ ਨੂੰ ਆਨਲਾਈਨ ਪ੍ਰਣਾਲੀ ਦਾ ਲਾਭ ਲੈਣ ਦਾ ਸੱਦਾ
ਬਰਨਾਲਾ, 2 ਮਈ
ਸਿਹਤ ਵਿਭਾਗ ਵੱਲੋਂ ਕੋਵਿਡ 19 ਦੇ ਚਲਦਿਆਂ ਲੋਕਾਂ ਨੂੰ ਘਰ ਬੈਠੇ ਹੀ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਈ-ਸੰਜੀਵਨੀ ਓਪੀਡੀ ਪ੍ਰਣਾਲੀ ਚਲਾਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਸੂਬੇ ਦੇ ਲੋਕਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਵੱਧ ਤੋਂ ਵੱਧ ਆਨਲਾਈਨ ਸਿਹਤ ਸਲਾਹ ਅਤੇ ਇਲਾਜ ਬਾਰੇ ਜਾਣਕਾਰੀ ਦੇਣ ਦਾ ਪਲੈਟਫਾਰਮ ਹੈ। ਇਸ ਪ੍ਰਣਾਲੀ ਨਾਲ ਜੁੜ ਕੇ ਕੋਈ ਵੀ ਵਿਅਕਤੀ ਮਾਹਿਰ ਡਾਕਟਰਾਂ ਇਸਤਰੀ ਰੋਗਾਂ ਦੇ ਮਾਹਿਰ , ਮੈਡੀਸਨ ਦੇ ਮਾਹਿਰ ਅਤੇ ਹੋਰ ਡਾਕਟਰਾਂ ਨਾਲ ਵੀਡੀਓ ਕਾਨਫਰਸਿੰਗ ਰਾਹੀਂ ਡਾਕਟਰੀ ਸਲਾਹ ਅਤੇ ਇਲਾਜ ਬਾਰੇ ਜਾਣਕਾਰੀ ਲੈ ਸਕਦਾ ਹੈ।
ਸਿਹਤ ਵਿਭਾਗ ਵੱਲੋਂ ਮੁਫਤ ਮੈਡੀਕਲ ਸਲਾਹ ਲੈਣ ਲਈ ਡਾਕਟਰਾਂ ਦੀ ਡਿਊਟੀ ਹਫਤੇ ’ਚ ਸੋਮਵਾਰ ਤੋਂ ਸ਼ਨੀਵਾਰ ਸਵੇਰੇ 8 ਵਜੇ ਤੋਂ ਸ਼ਾਮ 2 ਵਜੇ ਤੱਕ ਲਗਾਈ ਗਈ ਹੈ। ਉਨਾਂ ਦੱਸਿਆ ਕਿ ਇਸ ਸੇਵਾ ਦਾ ਲਾਭ ਲੈਣ ਲਈ ਈ-ਸੰਜੀਵਨੀ ਓ.ਪੀ.ਡੀ. ’ਤੇ ਲਾਗਇਨ ਕਰਨਾ ਹੋਵੇਗਾ। ਉਸ ਤੋਂ ਬਾਅਦ ਰਜਿਸਟ੍ਰੇਸ਼ਨ ਆਪਸ਼ਨ ’ਤੇ ਜਾ ਕੇ ਮਰੀਜ਼ ਨੂੰ ਆਪਣੀ ਜਾਣਕਾਰੀ ਤੇ ਫੋਨ ਨੰਬਰ ਦਰਜ ਕਰਵਾਉਣਾ ਹੁੰਦਾ ਹੈ। ਮਰੀਜ਼ ਦੇ ਫੋਨ ਨੰਬਰ ’ਤੇ ਇਕ ਓਟੀਪੀ ਜਨਰੇਟ ਹੋਵੇਗਾ, ਜਿਸ ਨੂੰ ਸੇਵ ਕਰਨਾ ਹੋਏਗਾ।  ਉਨਾਂ  ਦੱਸਿਆ ਕਿ ਮਰੀਜ਼ ਨੂੰ ਮਿਲੇ ਟੋਕਨ ਨੰਬਰ ਦੇ ਹਿਸਾਬ ਨਾਲ ਡਾਕਟਰੀ ਸਲਾਹ ਪ੍ਰਾਪਤ ਹੋਵੇਗੀ ਤੇ ਮਰੀਜ਼ ਨੂੰ ਈ ਪਿ੍ਰਸਕਿ੍ਰਪਸ਼ਨ ਭੇਜੀ ਜਾਵੇਗੀ, ਜਿਸ ਨੂੰ ਡਾਊਨਲੋਡ ਕਰਕੇ ਉਹ ਕੈਮਿਸਟ ਤੋਂ ਦਵਾਈ ਪ੍ਰਾਪਤ ਕਰ ਸਕਦਾ ਹੈ।  ਉਨਾਂ ਲੋਕਾਂ ਨੂੰ ਕੋਵਿਡ -19 ਦੇ ਮੱਦੇਨਜ਼ਰ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।

Spread the love