ਫਿਰੋਜ਼ਪੁਰ 4 ਫਰਵਰੀ ( ) ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਰਾਜਿੰਦਰ ਪਾਲ ਦੀ ਦਿਸ਼ਾ ਨਿਰਦੇਸ਼ਾ ਹੇਠ ਵੱਖ-ਵੱਖ ਪ੍ਰਕਾਰ ਦੀਆਂ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ। ਜਿਸ ਤਹਿਤ ਵਿਸ਼ਵ ਕੈਂਸਰ ਦਿਵਸ ਮੌਕੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਔਰਤਾਂ ਰੋਗਾਂ ਦੇ ਮਾਹਿਰ ਡਾ.ਪੂਜਾ ਦੁਆਰਾ ਇੱਕ ਜਾਗਰੂਕਤਾ ਸਭਾ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸੰਸਾਰ ਵਿੱਚ ਹਰ ਸਾਲ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਮਾਰੂ ਬਿਮਾਰੀ ਨਾਲ ਲੜਨ ਲਈ ਕੈਂਸਰ ਦੀ ਜਲਦੀ ਪਛਾਣ ਕਰਨ ਦੀ ਲੋੜ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ,ਕਿਉਂਕਿ ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਅਸਧਾਰਨ ਸੈੱਲ ਬੇਕਾਬੂ ਹੋ ਕੇ ਵੱਧਦੇ ਹਨ ਅਤੇ ਸਰੀਰ ਦੇ ਨੇੜਲੇ ਹਿੱਸੇ ਦੇ ਅੰਗਾਂ ਵਿੱਚ ਹਮਲਾ ਕਰਨ ਜਾਂ ਹੋਰ ਅੰਗਾਂ ਵਿੱਚ ਫੈਲਣ ਲਈ ਆਪਣੀ ਆਮ ਸੀਮਾ ਤੋਂ ਵੱਧ ਜਾਂਦੇ ਹਨ। ਡਾ.ਪੂਜਾ ਦੁਆਰਾ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕੈਂਸਰ ਦੇ ਬਹੁਤ ਸਾਰੇ ਲੱਛਣ ਹੋ ਸਕਦੇ ਹਨ, ਪਰ ਇਹ ਲੱਛਣ ਅਕਸਰ ਬਿਮਾਰੀ, ਸੱਟ, ਨਰਮ ਟਿਊਮਰ, ਜਾਂ ਹੋਰ ਸਮੱਸਿਆਵਾਂ ਕਾਰਨ ਪੈਦਾ ਹੁੰਦੇ ਹਨ। ਕੈਂਸਰ ਦੇ ਕਾਰਨ ਹੋਣ ਵਾਲੇ ਕੁੱਝ ਆਮ ਲੱਛਣ ਜਿਵੇਂ ਕਿ ਵੱਧਦੀ ਉਮਰ ਦੇ ਨਾਲ ਔਰਤਾਂ ਦੀ ਛਾਤੀ ਜਾਂ ਬਾਂਹ ਦੇ ਹੇਠਾਂ ਗੰਢ ਮਹਿਸੂਸ ਹੋਣਾ ਜੋ ਕਿ ਛਾਤੀ ਦੇ ਆਕਾਰ ਨੂੰ ਬਦਲਦੀ ਹੈ ਪਿਸ਼ਾਬ ਕਰਨ ਵਿੱਚ ਮੁਸ਼ਕਿਲ,ਪਿਸ਼ਾਬ ਕਰਦੇ ਸਮੇਂ ਪਿਸ਼ਾਬ ਵਿੱਚ ਖੂਨ ਆਉਣਾ,ਜੀਭ ਜਾਂ ਤੁਹਾਡੇ ਮੂੰਹ ਵਿੱਚ ਇੱਕ ਚਿੱਟਾ ਜਾਂ ਲਾਲ ਪੈਚ, ਬੁੱਲ੍ਹ ਜਾਂ ਮੂੰਹ ਵਿੱਚ ਖੂਨ ਵਗਣਾ, ਦਰਦ, ਜਾਂ ਸੁੰਨ ਹੋਣਾ,ਕਿਤੇ ਵੀ ਸੋਜ ਜਾਂ ਗੰਢਾਂ ਜਿਵੇਂ ਕਿ ਗਰਦਨ, ਬਾਂਹ, ਪੇਟ ਅਤੇ ਕਮਰ,ਬਿਨਾਂ ਕਿਸੇ ਅਣਜਾਣ ਕਾਰਨ ਦੇ ਲਗਾਤਾਰ ਭਾਰ ਵੱਧਣਾ ਜਾਂ ਘੱਟਣਾ ਹਨ।
ਦੰਦਾਂ ਰੋਗਾਂ ਦੇ ਮਾਹਿਰ ਡਾ.ਪੰਕਜ ਵੱਲੋਂ ਆਮ ਜਨਤਾ ਨੂੰ ਜਾਗਰੂਕ ਸਮਾਰੋਹ ਦੌਰਾਨ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਮੂੰਹ ਦੇ ਵਿੱਚ ਛਾਲੇ ਜਾਂ ਗਿਲਟੀ ਹੋਣਾ ਲੱਛਣ ਪਾਏ ਜਾਂਦੇ ਹਨ ਤਾਂ ਬਿਨਾਂ ਕਿਸੇ ਲਾਪ੍ਰਵਾਹੀ ਦੇ ਇਹਨਾਂ ਲੱਛਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਅਜਿਹੇ ਲੱਛਣ ਹਨ ਜੋ ਕੁਝ ਹਫ਼ਤਿਆਂ ਬਾਅਦ ਠੀਕ ਨਹੀਂ ਹੁੰਦੇ ਹਨ, ਤਾਂ ਆਪਣੇ ਨਜਦੀਕੀ ਸਿਹਤ ਕੇਂਦਰ ਵਿੱਚ ਹਾਜਰ ਡਾਕਟਰ ਨੂੰ ਮਿਲੋ ਤਾਂ ਜੋ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾ ਸਕੇ। ਉਨ੍ਹਾ ਦੁਆਰਾ ਦੱਸਿਆ ਗਿਆ ਕਿ ਅਕਸਰ, ਕੈਂਸਰ ਨਾਲ ਸਰੀਰ ਵਿੱਚ ਬਣੀ ਹੋਈ ਗੰਢ ਕਾਰਨ ਦਰਦ ਨਹੀਂ ਹੁੰਦਾ,ਇਸ ਲਈ ਕਈ ਵਾਰ ਮਰੀਜ ਨੂੰ ਆਪਣੀ ਬਿਮਾਰੀ ਦਾ ਪਹਿਲਾ ਪਤਾ ਨਹੀ ਚੱਲਦਾ,ਇਸ ਲਈ ਡਾਕਟਰ ਨੂੰ ਮਿਲਣ ਤੋਂ ਪਹਿਲਾਂ ਦਰਦ ਮਹਿਸੂਸ ਕਰਨ ਦੀ ਉਡੀਕ ਨਾ ਕਰੋ ਅਤੇ ਬਿਨਾਂ ਕਿਸੇ ਕਿਸਮ ਦੀ ਅਣਗਹਿਲੀ ਕੀਤੇ ਆਪਣਾ ਇਲਾਜ ਕਰਵਾਓ।
ਡਾ. ਨਵੀਨ ਸੇਠੀ ਦੁਆਰਾ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕੈਂਸਰ ਤੋਂ ਬਚਣ ਲਈ ਹਰ ਇੱਕ ਵਿਅਕਤੀ ਨੂੰ ਰੋਜ਼ਾਨਾ ਕਸਰਤ,ਸੈਰ ਕਰਨੀ ਚਾਹੀਦੀ ਹੈ ਅਤੇ ਪੌਸ਼ਟਿਕ ਆਹਾਰ ਲੈਣ ਚਾਹੀਦਾ ਹੈ ਅਤੇ ਅਲਕੋਹਲ ਦੀ ਵਰਤੋਂ ਨੂੰ ਘੱਟ ਕਰਨਾ ਅਤੇ ਸਿਗਰਟਨੋਸ਼ੀ ਦਾ ਤਿਆਗ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਸਰੀਰ ਤੰਦਰੁਸਤ ਰਹੇ ।ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਕੈਂਸਰ ਪੀੜ੍ਹਤ ਹੈ ਤਾਂ ਉਸ ਦਾ ਇਲਾਜ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ, ਪਟਿਆਲਾ ਅਤੇ ਅੰਮ੍ਰਿਤਸਰ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ।ਇਸ ਅਵਸਰ ਔਰਤਾਂ ਰੋਗਾਂ ਦੇ ਮਾਹਿਰ ਡਾ.ਦੀਨੇਸ਼ ਪਾਠਕ ,ਡਾ.ਸੋਨੀਆ, ਜਿਲ੍ਹਾ ਬੀ.ਸੀ.ਸੀ.ਕੁਆਡੀਨੇਟਰ ਰਜਨੀਕ ਕੌਰ, ਅਤੇ ਅਸ਼ੀਸ਼ ਭੰਡਾਰੀ ਵੀ ਹਾਜ਼ਰ ਸਨ।