ਖੇਤੀ ਬਾੜੀ, ਖ਼ਬਰਾਂ, ਰਾਜਨੀਤੀ

ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਪੀ.ਏ.ਯੂ. ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਰੋੜਾ ਨੇ ਪੀ.ਏ.ਯੂ. ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ

ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਪੀ.ਏ.ਯੂ. ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ
ਅਰੋੜਾ ਨੇ ਪੀ.ਏ.ਯੂ. ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ

ਲੁਧਿਆਣਾ 12 ਸਤੰਬਰ, 2022:

ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਨਾਮਜ਼ਦ ਹੋਏ ਸ਼੍ਰੀ ਸੰਜੀਵ ਅਰੋੜਾ ਨੇ ਅੱਜ ਪੀ.ਏ.ਯੂ. ਦਾ ਇੱਕ ਵਿਸ਼ੇਸ਼ ਦੌਰਾ ਕੀਤਾ । ਇਸ ਦੌਰਾਨ ਸ਼੍ਰੀ ਅਰੋੜਾ ਨੇ ਪੀ.ਏ.ਯੂ. ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਵੀ ਕੀਤੀ ।

ਇਸ ਮੀਟਿੰਗ ਦੌਰਾਨ ਸ਼੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੀ.ਏ.ਯੂ. ਨੇ ਖੇਤੀ ਖੋਜ, ਅਕਾਦਮਿਕ ਅਤੇ ਪਸਾਰ ਦੇ ਖੇਤਰ ਵਿੱਚ ਇਤਿਹਾਸਕ ਕਾਰਜ ਕੀਤਾ ਹੈ ਅਤੇ ਇਸ ਕਾਰਜ ਦੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣਾ ਬਹੁਤ ਲਾਜ਼ਮੀ ਹੈ । ਉਹਨਾਂ ਕਿਹਾ ਕਿ ਲੋਕਾਂ ਨੂੰ ਇਹ ਗੱਲ ਜਾਨਣੀ ਚਾਹੀਦੀ ਹੈ ਕਿ ਪੀ.ਏ.ਯੂ. ਨੇ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਨਾਉਣ ਦੇ ਨਾਲ-ਨਾਲ ਨਵੀਆਂ ਖੇਤੀ ਤਕਨੀਕਾਂ ਦੇ ਵਿਕਾਸ ਵਿੱਚ ਲਾਜਵਾਬ ਕੰਮ ਕੀਤਾ ਹੈ । ਉਹਨਾਂ ਨੇ ਕਿਹਾ ਕਿ ਲੁਧਿਆਣਾ ਕੱਪੜਾ ਉਦਯੋਗ ਦੀ ਧੁਰੀ ਹੋਣ ਕਾਰਨ ਇੱਥੋਂ ਦੇ ਵਪਾਰੀਆਂ ਨੂੰ ਰੂੰ ਦੇ ਮਿਆਰ ਅਤੇ ਮੰਗ ਬਾਰੇ ਬਿਹਤਰ ਜਾਣਕਾਰੀ ਹੈ । ਚੰਗਾ ਹੋਵੇ ਜੇਕਰ ਕਿਸਾਨਾਂ ਅਤੇ ਮਾਹਿਰਾਂ ਦੇ ਨਾਲ ਉਦਯੋਗਿਕ ਸੰਪਰਕ ਵੀ ਜੋੜ ਲਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਇਹ ਪਤਾ ਲੱਗ ਜਾਵੇ ਕਿ ਬਜ਼ਾਰ ਦੀ ਮੰਗ ਕੀ ਹੈ । ਸ਼੍ਰੀ ਅਰੋੜਾ ਨੇ ਕਣਕ-ਝੋਨੇ ਦੀ ਥਾਂ ਬਦਲਵੀਆਂ ਫ਼ਸਲਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ । ਨਾਲ ਹੀ ਉਹਨਾਂ ਨੇ ਇਸ ਦਿਸ਼ਾ ਵਿੱਚ ਹੋਰ ਕਾਰਜ ਕਰਨ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਕੁਦਰਤੀ ਅਤੇ ਜੈਵਿਕ ਉਤਪਾਦ ਅੱਜ ਹਰ ਵਿਅਕਤੀ ਦੀ ਲੋੜ ਹਨ । ਇਸ ਦਿਸ਼ਾ ਵਿੱਚ ਵੀ ਯੂਨੀਵਰਸਿਟੀ ਨੂੰ ਠੋਸ ਕਾਰਜ ਕਰਨੇ ਚਾਹੀਦੇ ਹਨ । ਰਾਜ ਸਭਾ ਮੈਂਬਰ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਉਹ ਪੀ.ਏ.ਯੂ. ਦੀਆਂ ਲੋੜਾਂ ਅਤੇ ਮੰਗਾਂ ਬਾਬਤ ਹਰ ਸੰਭਵ ਕੋਸ਼ਿਸ਼ ਕਰਨਗੇ । ਇੱਥੋਂ ਤੱਕ ਕਿ ਉਹ ਰਾਜ ਸਭਾ ਵਿੱਚ ਵੀ ਪੀ.ਏ.ਯੂ. ਦੀ ਅਵਾਜ਼ ਬਣਨਗੇ । ਸ਼੍ਰੀ ਅਰੋੜਾ ਨੇ ਅਜਾਇਬ ਘਰ ਅਤੇ ਹੋਰ ਮਸਲਿਆਂ ਬਾਰੇ ਇੱਕ ਤਜ਼ਵੀਜ਼ ਬਣਾ ਕੇ ਭੇਜਣ ਲਈ ਕਿਹਾ ਤਾਂ ਜੋ ਉਸ ਉੱਪਰ ਠੋਸ ਕਾਰਵਾਈ ਹੋ ਸਕੇ ।

ਇਸ ਤੋਂ ਪਹਿਲਾਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਮਾਣਯੋਗ ਰਾਜਸਭਾ ਮੈਂਬਰ ਦਾ ਸਵਾਗਤ ਕੀਤਾ ਅਤੇ ਉਹਨਾਂ ਕਿਹਾ ਕਿ ਪੀ.ਏ.ਯੂ. ਦੇਸ਼ ਵਿੱਚ ਹਰੀ ਕ੍ਰਾਂਤੀ ਦੀ ਮੋਢੀ ਸੰਸਥਾ ਹੈ । ਅੱਜ 1.5% ਜ਼ਮੀਨੀ ਰਕਬਾ ਹੋਣ ਦੇ ਬਾਵਜੂਦ ਪੰਜਾਬ ਦੇਸ਼ ਦੇ ਅੰਨ ਭੰਡਾਰਾਂ ਵਿੱਚ 22% ਕਣਕ ਦਾ ਹਿੱਸਾ ਪਾ ਰਿਹਾ ਹੈ ਤਾਂ ਇਸਦਾ ਸਿਹਰਾ ਪੀ.ਏ.ਯੂ. ਮਾਹਿਰਾਂ ਅਤੇ ਕਿਸਾਨਾਂ ਦੀ ਸਾਂਝ ਨੂੰ ਜਾਂਦਾ ਹੈ । ਡਾ. ਗੋਸਲ ਨੇ ਪੀ.ਏ.ਯੂ. ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦਿੱਤਾ । ਉਹਨਾਂ ਕਿਹਾ ਕਿ ਨਵੀਆਂ ਖੇਤੀ ਤਕਨੀਕਾਂ ਅਤੇ ਸਮੇਂ ਦੀ ਮੰਗ ਅਨੁਸਾਰ ਸੂਖਮ ਅਤੇ ਕੁਦਰਤੀ ਖੇਤੀ ਦੇ ਨਾਲ-ਨਾਲ ਸੰਯੁਕਤ ਕੀਟ, ਬਿਮਾਰੀ ਅਤੇ ਪਾਣੀ ਪ੍ਰਬੰਧਨ ਵੱਲ ਖੋਜ ਨੂੰ ਮੋੜਿਆ ਜਾ ਰਿਹਾ ਹੈ । ਇਸਦੇ ਨਾਲ ਹੀ ਰਹਿੰਦ-ਖੂੰਹਦ ਦੀ ਸੰਭਾਲ, ਖੇਤੀ ਜੰਗਲਾਤ, ਸੁਰੱਖਿਅਤ ਖੇਤੀ, ਸਬਜ਼ੀਆਂ, ਜੈਵਿਕ ਖਾਦਾਂ, ਭੋਜਨ ਪ੍ਰੋਸੈਸਿੰਗ, ਬੀਜ ਅਤੇ ਪਨੀਰੀ ਉਤਪਾਦਨ ਅਤੇ ਸ਼ਹਿਦ ਤੇ ਖੁੰਬ ਉਤਪਾਦਨ ਮੌਜੂਦਾ ਖੋਜ ਦੇ ਖੇਤਰ ਬਣੇ ਹੋਏ ਹਨ । ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਮਜ਼ਬੂਤ ਪਸਾਰ ਸਿੱਖਿਆ ਢਾਂਚੇ ਸਦਕਾ ਕਿਸਾਨ ਮੇਲੇ ਲਾ ਕੇ ਨਵੀਆਂ ਤਕਨੀਕਾਂ ਦਾ ਪਸਾਰ ਕੀਤਾ ਹੈ । ਉਹਨਾਂ ਕਿਹਾ ਕਿ ਮੌਜੂਦਾ ਖੇਤੀ ਚੁਣੌਤੀਆਂ ਦੇ ਮੱਦੇਨਜ਼ਰ ਧਰਤੀ ਹੇਠਲੇ ਪਾਣੀ ਦਾ ਡਿੱਗ ਰਿਹਾ ਮਿਆਰ, ਮਿੱਟੀ ਦੀ ਸਿਹਤ, ਪੌਣਪਾਣੀ ਦੀ ਤਬਦੀਲੀ, ਵਾਤਾਵਰਨ ਅਨੁਸਾਰੀ ਕਿਸਮਾਂ ਦੀ ਤਲਾਸ਼, ਰਹਿੰਦ-ਖੂੰਹਦ ਦੀ ਸੰਭਾਲ ਅਤੇ ਛੋਟੇ ਕਿਸਾਨਾਂ ਦੀ ਬਿਹਤਰੀ ਯੂਨੀਵਰਸਿਟੀ ਦੇ ਉਦੇਸ਼ ਹਨ ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖੋਜ ਗਤੀਵਿੀਧਆਂ ਦੇ ਨਾਲ-ਨਾਲ ਪੀ.ਏ.ਯੂ. ਦੇ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਨੀਂਹ-ਪੱਥਰ 1962 ਵਿੱਚ ਰੱਖਿਆ ਗਿਆ ਸੀ । 1970 ਵਿੱਚ ਹਿਸਾਰ ਅਤੇ ਪਾਲਮਪੁਰ ਕੈਂਪਸ ਅਤੇ 2006 ਵਿੱਚ ਗੁਰੂ ਅੰਗਦ ਦੇਵ ਯੂਨੀਵਰਸਿਟੀ ਪੀ.ਏ.ਯੂ. ਤੋਂ ਵੱਖ ਹੋਏ । ਉਹਨਾਂ ਦੱਸਿਆ ਕਿ 6 ਕਾਲਜਾਂ ਦੇ ਨਾਲ-ਨਾਲ ਖੋਜ ਕੇਂਦਰ, ਕਿ੍ਰਸ਼ੀ ਵਿਗਿਆਨ ਕੇਂਦਰ, ਬੀਜ ਖੋਜ ਫਾਰਮ ਅਤੇ ਕਿਸਾਨ ਸੇਵਾ ਸਲਾਹਕਾਰ ਕੇਂਦਰ ਪੀ.ਏ.ਯੂ. ਦੇ ਮਜ਼ਬੂਤ ਸੰਸਥਾਗਤ ਢਾਂਚੇ ਦਾ ਸਬੂਤ ਹਨ । ਉਹਨਾਂ ਨੇ ਨਵੀਆਂ ਖੋਜਾਂ ਬਾਰੇ ਗੱਲ ਕਰਦਿਆਂ ਕਿਸਮਾਂ, ਖਾਦਾਂ ਅਤੇ ਦਵਾਈਆਂ, ਮਸ਼ੀਨਰੀ, ਮੰਡੀਕਰਣ, ਪ੍ਰੋਸੈਸਿੰਗ, ਬਾਇਓਤਕਨਾਲੋਜੀ ਆਦਿ ਬਾਰੇ ਗੱਲ ਕੀਤੀ ਅਤੇ ਨਾਲ ਹੀ ਕੋਵਿਡ ਦੌਰਾਨ ਵਰਚੁਅਲ ਮੇਲੇ ਲਾ ਕੇ ਨਵੇਂ ਸੂਚਨਾ ਯੰਤਰਾਂ ਦੀ ਵਰਤੋਂ ਬਾਰੇ ਵਿਸਥਾਰ ਨਾਲ ਮਹਿਮਾਨ ਨੂੰ ਦੱਸਿਆ । ਇਸ ਤੋਂ ਇਲਾਵਾ ਪੀ.ਏ.ਯੂ. ਨੂੰ ਮਿਲੇ ਐਵਾਰਡਾਂ ਅਤੇ ਸਨਮਾਨਾਂ ਦਾ ਜ਼ਿਕਰ ਵੀ ਹੋਇਆ । ਡਾ. ਢੱਟ ਨੇ ਦੱਸਿਆ ਕਿ ਖੋਜ ਦੇ ਟੀਚਿਆਂ ਵਿੱਚ ਵਾਤਾਵਰਨ ਪੱਖੀ ਕਿਸਮਾਂ ਦਾ ਵਿਕਾਸ ਅਤੇ ਮਸ਼ੀਨਰੀ ਪੱਖੋਂ ਨਰਮੇ ਦੀ ਚੁਗਾਈ ਅਤੇ ਮਟਰਾਂ ਦੀ ਤੁੜਾਈ ਵਾਲੀ ਮਸ਼ੀਨ ਸਾਡੀ ਪ੍ਰਮੁੱਖਤਾ ਹੈ ।
ਇਸ ਮੌਕੇ ਸ਼੍ਰੀ ਸੰਜੀਵ ਅਰੋੜਾ ਨੂੰ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਯਾਦਗਾਰ ਚਿੰਨ, ਪੀ.ਏ.ਯੂ. ਦੇ ਸਾਹਿਤ, ਪੌਸ਼ਟਿਕ ਉਤਪਾਦ ਨਾਲ ਸਨਮਾਨਿਤ ਕੀਤਾ ।

ਮੰਚ ਸੰਚਾਲਨ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਪੀ.ਏ.ਯੂ. ਦੇ ਸਿਖਲਾਈ ਢਾਂਚੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਡਾ. ਸ਼ੰਮੀ ਕਪੂਰ ਰਜਿਸਟਰਾਰ ਨੇ ਸ਼੍ਰੀ ਸੰਜੀਵ ਅਰੋੜਾ ਦਾ ਸਵਾਗਤ ਕੀਤਾ ਜਦਕਿ ਅੰਤ ਵਿੱਚ ਮਿਲਖ ਅਧਿਕਾਰੀ ਡਾ. ਆਰ ਆਈ ਐੱਸ ਗਿੱਲ ਨੇ ਧੰਨਵਾਦ ਦੇ ਸ਼ਬਦ ਕਹੇ ।
ਇਸ ਮੌਕੇ ਪੀ.ਏ.ਯੂ. ਦੇ ਡੀਨ, ਡਾਇਰੈਕਟਰ, ਵਿਭਾਗਾਂ ਦੇ ਮੁਖੀ ਅਤੇ ਹੋਰ ਅਧਿਕਾਰੀਆਂ ਤੋਂ ਬਿਨਾਂ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਮੌਜੂਦ ਸਨ ।

ਸ਼੍ਰੀ ਸੰਜੀਵ ਅਰੋੜਾ ਨੇ ਬਾਅਦ ਵਿੱਚ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਫਸਲ ਅਜਾਇਬ ਘਰ ਦਾ ਦੌਰਾ ਕੀਤਾ। ਉਹਨਾਂ ਨੇ ਵੱਖ-ਵੱਖ ਫ਼ਸਲਾਂ ਦੇ ਖੇਤਰ ਵਿੱਚ ਹੋਰ ਰਹੀ ਖੋਜ ਵਿੱਚ ਸਵਾਲ ਪੁੱਛ ਕੇ ਜਾਣਕਾਰੀ ਹਾਸਲ ਕੀਤੀ । ਦੌਰੇ ਦੇ ਅੰਤ ਤੇ ਸ਼੍ਰੀ ਅਰੋੜਾ ਪੇਂਡੂ ਜੀਵਨ ਦਾ ਅਜਾਇਬ ਘਰ ਦੇਖਣ ਗਏ । ਉਹਨਾਂ ਕਿਹਾ ਕਿ ਇਹ ਵਿਰਸਾ ਆਉਣ ਵਾਲੀਆਂ ਪੀੜੀਆਂ ਲਈ ਸੰਭਾਲ ਕੇ ਯੂਨੀਵਰਸਿਟੀ ਨੇ ਬਹੁਤ ਮਹੱਤਵ ਵਾਲਾ ਕੰਮ ਕੀਤਾ ਹੈ ।

Spread the love

Leave a Comment

Your email address will not be published. Required fields are marked *

*

Instagram Feed

Facebook Feed

Facebook Pagelike Widget

Currency Converter