BALJINDER KAUR
ਖ਼ਬਰਾਂ, ਪੰਜਾਬ

ਪੰਜਾਬ ’ਚ ਬੇਕਾਬੂ ਹੋਏ ਡੇਂਗੂ ਦੇ ਮਾਮਲੇ, ਚੰਨੀ ਸਰਕਾਰ ਬੇਖ਼ਬਰ:  ਪ੍ਰੋ. ਬਲਜਿੰਦਰ ਕੌਰ

-ਕਿਹਾ, ਸਰਕਾਰੀ ਹਸਪਤਾਲਾਂ ਦੇ ਖਸਤੇਹਾਲ ਕਾਰਨ ਬੇਲਗ਼ਾਮ ਪ੍ਰਾਈਵੇਟ ਹਸਪਤਾਲਾਂ ਹੱਥੋਂ ਲੁੱਟ ਜਾ ਰਹੇ ਹਨ ਲੋਕ
-ਦਿੱਲੀ ’ਚ ਕੇਜਰੀਵਾਲ ਸਰਕਾਰ ਦੇ ਸਿਹਤ ਮਾਡਲ ਤੋਂ ਸੇਧ ਲਵੇ ਚੰਨੀ ਸਰਕਾਰ

ਚੰਡੀਗੜ੍ਹ, 16 ਅਕਤੂਬਰ

ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਸੂਬੇ ’ਚ ਬੇਕਾਬੂ ਹੋ ਰਹੇ ਡੇਂਗੂ ਮਾਮਲਿਆਂ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸਰਕਾਰੀ ਡਿਸਪੈਂਸਰੀਆਂ ਅਤੇ ਹਸਪਤਾਲਾਂ ਦੀ ਤਰਸਯੋਗ ਹਾਲਤ ਕਾਰਨ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਹੱਥੋਂ ਲੁੱਟਣ ਲਈ ਲਾਵਾਰਸ ਛੱਡ ਦਿੱਤਾ ਹੈ। ਪ੍ਰੋ. ਬਲਜਿੰਦਰ ਕੌਰ ਸ਼ਨੀਵਾਰ ਨੂੰ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਦਿੱਲੀ ਵਿਚਲੀ ਕੇਜਰੀਵਾਲ ਸਰਕਾਰ ਦੇ ਸਿਹਤ ਮਾਡਲ ਤੋਂ ਸੇਧ ਲਵੇ।

ਹੋਰ ਪੜ੍ਹੋ :-ਫ਼ਰਜੀਵਾੜਾ ਹੈ 5 ਮਰਲਿਆਂ ਦੇ ਪਲਾਟਾਂ ਲਈ ਚੰਨੀ ਦੇ ਕਾਗਜ ਦਾ ਟੁੱਕੜਾ:  ਮੁਨੀਸ ਸਿਸੋਦੀਆ

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕਰੋਨਾ ਤੋਂ ਬਾਅਦ ਹੁਣ ਡੇਂਗੂ ਦੇ ਕੇਸਾਂ ਨੇ ਪੰਜਾਬ ਦੀਆਂ ਸਰਕਾਰੀ ਸਿਹਤ ਸੇਵਾਵਾਂ ਦਾ ਦੁਬਾਰਾ ਫਿਰ ਪਰਦਾਫਾਸ਼ ਕਰ ਦਿੱਤਾ ਹੈ। ਪੰਜਾਬ ’ਚ ਡੇਂਗੂ ਦੇ ਦਿਨ ਪ੍ਰਤੀ ਦਿਨ ਵਧਦੇ ਮਾਮਲਿਆਂ ਦੇ ਨਾਲ ਹੀ ਨਿੱਜੀ ਹਸਪਤਾਲਾਂ ’ਤੇ ਆਧਾਰਿਤ ਸਿਹਤ ਮਾਫ਼ੀਆ ਵੀ ਬੇਲਗ਼ਾਮ ਹੋ ਗਿਆ ਹੈ। ਪ੍ਰਾਈਵੇਟ ਹਸਪਤਾਲ ਬੈੱਡ, ਲੈਬਾਰਟਰੀ ਟੈੱਸਟਾਂ ਦੇ ਮੂੰਹ ਮੰਗੇ ਪੈਸੇ ਵਸੂਲ ਰਹੇ ਹਨ। ਬਲੱਡ ਪਲੈਟਨੈਟਸ (ਖੂਨ ਦੇ ਸੈੱਲ) ਦੀ ਕਮੀ ਪੂਰੀ ਕਰਨ ਲਈ ਸਿੰਗਲ ਡੋਨਰ ਪਲੇਟਨੈਟਸ (ਐਸ.ਡੀ.ਪੀ) ਦੇ ਇੱਕ ਪੈਕਟ ਦੀ 10 ਹਜ਼ਾਰ ਤੋਂ 15 ਹਜ਼ਾਰ ਤੱਕ ਵਸੂਲੇ ਜਾ ਰਹੇ ਹਨ, ਜਦੋਂ ਕਿ ਚੰਨੀ ਸਰਕਾਰ ਸੁੱਤੀ ਪਈ ਹੈ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਡੇਂਗੂ ਹਰ ਸਾਲ ਆਉਣ ਵਾਲੀ ਆਫ਼ਤ ਹੈ। ਪ੍ਰੰਤੂ ਸੂਬਾ ਸਰਕਾਰ ਇਸ ਦੀ ਰੋਕਥਾਮ ਲਈ ਕਦੇ ਵੀ ਅਗਾਊਂ ਪ੍ਰਬੰਧ ਨਹੀਂ ਕੀਤਾ, ਜਦਕਿ ਇਹ ਜੁਲਾਈ ਮਹੀਨੇ ਤੱਕ ਹੋਣੇ ਚਾਹੀਦੇ ਸਨ, ਕਿਉਂਕਿ ਸਤੰਬਰ, ਅਕਤੂਬਰ ਅਤੇ ਨਵੰਬਰ ’ਚ ਡੇਂਗੂ ਦਾ ਪ੍ਰਕੋਪ ਸਿਖ਼ਰ ’ਤੇ ਪੁੱਜ ਜਾਂਦਾ ਹੈ। ਬਲਜਿੰਦਰ ਕੌਰ ਨੇ ਦੱਸਿਆ ਕਿ ਡੇਂਗੂ ਇਲਾਜ ਲਈ ਲੋੜੀਂਦੇ ਖੂਨ ਦੇ ਸੈੱਲਾਂ (ਐਸ.ਪੀ.ਡੀ) ਨੂੰ ਵੱਧ ਤੋਂ ਵੱਧ 5 ਦਿਨਾਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਇਸ ਲਈ ਸਰਕਾਰ ਨੂੰ ਡੋਨਰ ਲਿਸਟ (ਖ਼ੂਨਦਾਨੀਆਂ ਦੀ ਸੂਚੀ) ਪਹਿਲਾਂ ਹੀ ਤਿਆਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਪਲੇਟਨੈਟਸ ਅਤੇ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਸਰਕਾਰ ਰਜਿਸਟਰਡ ਗੈਰ ਸਰਕਾਰੀ ਸੰਸਥਾਵਾਂ ਨਾਲ ਤਾਲਮੇਲ ਕਰੇ। ਹੈਲਪਲਾਇਨ ਨੰਬਰ ਜਾਰੀ ਕੀਤੇ ਜਾਣ ਤਾਂ ਜੋ ਪਲੇਟਨੈਟਸ ਅਤੇ ਖ਼ੂਨਦਾਨ ਕਰਨ ਵਾਲੇ ਦਾਨੀਆਂ ਨੂੰ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਤੋਂ ਹੀ ਸੰਪਰਕ ਕੀਤਾ ਜਾ ਸਕੇ।

ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪ੍ਰਾਈਵੇਟ ਹਸਪਤਾਲਾਂ ਵਿੱਚ ਹੋ ਰਹੀ ਲੁੱਟ ਨੂੰ ਤੁਰੰਤ ਰੋਕੇ। ਪ੍ਰਾਈਵੇਟ ਹਸਪਤਾਲਾਂ ਵਿੱਚ ਬੈੱਡ ਚਾਰਜ ਅਤੇ ਐਸ.ਡੀ.ਪੀ ਕਿੱਟ ਦੀ ਕੀਮਤ ਨਿਰਧਾਰਿਤ ਕਰੇ। ਕਿਸੇ ਇੱਕ ਟੈੱਸਟ ਲਈ ਪ੍ਰਾਈਵੇਟ ਹਸਪਤਾਲ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਰੁਪਏ ਵਸੂਲ ਕਰ ਸਕਦਾ ਹੈ ਇਸ ਦਾ ਵੀ ਫ਼ੈਸਲਾ ਕਰੇ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਬਿਮਾਰੀ ਬਾਰੇ ਜਾਣਕਾਰੀ ਦੇਣ ਅਤੇ ਬਚਾਅ ਲਈ ਜ਼ਰੂਰੀ ਜਾਣਕਾਰੀ ਦੇਣ ਲਈ ਇਸ਼ਤਿਹਾਰ ਦੇਣ ਸਮੇਤ ਹੋਰ ਸਾਧਨਾਂ ਨਾਲ ਵੀ ਪ੍ਰਚਾਰ ਦਾ ਪ੍ਰਬੰਧ ਕਰੇ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿਚਲੀ ਸਰਕਾਰ ਨੇ ਇਮਾਨਦਾਰੀ ਨਾਲ ਕੰਮ ਕਰਦਿਆਂ ਡੇਂਗੂ ਦੀ ਘਾਤਕ ਬਿਮਾਰੀ ’ਤੇ ਕਾਬੂ ਪਾ ਲਿਆ ਹੈ ਕਿਉਂਕਿ ਉੱਥੇ ਮਹੱਲਾ ਕਲੀਨਿਕ, ਚੰਗੇ ਹਸਪਤਾਲ, ਮੁਫ਼ਤ ਇਲਾਜ ਅਤੇ ਵਿਸ਼ਵ ਪੱਧਰੀ ਹਸਪਤਾਲ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਮੁੱਖ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ’ਚ ‘ਆਪ’ ਦੀ ਸਰਕਾਰ ਬਣਨ ਉਪਰੰਤ ਸਿਹਤ ਸੇਵਾਵਾਂ ਪ੍ਰਤੀ ਦੂਜੀ ਗਰੰਟੀ ਸਰਕਾਰੀ ਸਿਹਤ ਸੇਵਾਵਾਂ ਦੀ ਕਾਇਆ ਕਲਪ ਕਰਨ ਬਾਰੇ ਹੀ ਦਿੱਤੀ ਹੈ। ਦੂਜੀ ਗਰੰਟੀ ਮੁਤਾਬਿਕ ਪੰਜਾਬ ’ਚ ‘ਆਪ’ ਦੀ ਸਰਕਾਰ ਬਣਨ ’ਤੇ ਜਿੱਥੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ’ਚ ਦਿੱਲੀ ਦੀ ਤਰਜ਼ ’ਤੇ ਕਰੀਬ 16000 ਪਿੰਡ ਕਲੀਨਿਕ ਅਤੇ ਮਹੱਲਾ ਕਲੀਨਿਕ ਖੋਲ੍ਹ ਕੇ ਮੁਫ਼ਤ ਟੈੱਸਟ, ਮੁਫ਼ਤ ਇਲਾਜ ਅਤੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ, ਉੱਥੇ ਹੀ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਨੂੰ ਮਾਤ ਦੇਣ ਵਾਲੇ ਵਿਸ਼ਵ ਪੱਧਰੀ ਸਰਕਾਰੀ ਹਸਪਤਾਲ ਬਣਾਏ ਜਾਣਗੇ, ਜਿੱਥੇ ਹਰ ਤਰ੍ਹਾਂ ਦਾ ਇਲਾਜ, ਟੈੱਸਟ, ਅਪਰੇਸ਼ਨ ਅਤੇ ਦਵਾਈਆਂ ਮੁਫ਼ਤ ਮਿਲਣਗੀਆਂ ਅਤੇ ਵੱਡੇ ਪੱਧਰ ’ਤੇ ਡਾਕਟਰਾਂ, ਨਰਸਾਂ ਅਤੇ ਮੈਡੀਕਲ ਸਟਾਫ਼ ਦੀ ਭਰਤੀ ਵੀ ਕੀਤੀ ਜਾਵੇਗੀ।

Spread the love

Leave a Comment

Your email address will not be published. Required fields are marked *

*

Instagram Feed

Facebook Feed

Facebook Pagelike Widget

Currency Converter