Chief Minister Captain Amrinder Singh
ਖ਼ਬਰਾਂ, ਰਾਜਨੀਤੀ, ਪੰਜਾਬ, ਵਿਸ਼ਵ

ਤੂੰ ਪੰਜਾਬ ਆ ਕੇ ਤਾਂ ਵੇਖ, ਮੈਂ ਤੈਨੂੰ ਸਬਕ ਸਿਖਾਵਾਂਗਾ-ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸ.ਐਫ.ਜੇ. ਦੇ ਪੰਨੂੰ ਨੂੰ ਚੁਣੌਤੀ

ਪੁਲੀਸ ਨੂੰ ਮੋਗਾ ਦੇ ਸ਼ਰਾਰਤੀ ਤੱਤਾਂ ਨਾਲ ਕਰੜੇ ਹੱਥੀਂ ਨਿਪਟਣ ਲਈ ਆਖਿਆ
ਨੌਜਵਾਨਾਂ ਨੂੰ ਕੂੜ ਪ੍ਰਚਾਰ ਦੇ ਬਹਿਕਾਵੇ ਵਿੱਚ ਨਾ ਆਉਣ ਦੀ ਅਪੀਲ
ਚੰਡੀਗੜ, 14 ਅਗਸਤ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਨੂੰ ਮੋਗਾ ਦੇ ਜ਼ਿਲਾ ਪ੍ਰਬੰਧਕੀ ਕੰਪੈਲਕਸ ਵਿੱਚ ‘ਖਾਲਿਸਤਾਨ’ ਦਾ ਝੰਡਾ ਲਹਿਰਾਉਣ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਅਤੇ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਵੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਅਤੇ ਉਸ ਦੀ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਵਰਗੇ ਭਾਰਤ ਵਿਰੋਧ ਅਨਸਰਾਂ ਦੇ ਕੂੜ ਪ੍ਰਚਾਰ ਦੇ ਬਹਿਕਾਵੇ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਨੇ ਪੰਨੂੰ ਨੂੰ ਵੰਗਾਰਦਿਆਂ ਕਿਹਾ,‘‘ਤੂੰ ਪੰਜਾਬ ਤਾਂ ਆ ਕੇ ਵੇਖ, ਮੈਂ ਤੈਨੂੰ ਸਬਕ ਸਿਖਾਵਾਂਗਾ।’’ ਉਨਾਂ ਕਿਹਾ ਕਿ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਨਾਲ ਕਰੜੇ ਹੱਥੀਂ ਨਿਪਟਿਆ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਦਿਨਕਰ ਗੁਰਤਾ ਨੂੰ ਹੁਕਮ ਦਿੱਤੇ ਕਿ ਮੋਗਾ ਵਿੱਚ ਵਾਪਰੀ ਘਟਨਾ ਵਿੱਚ ਪਛਾਣੇ ਗਏ ਦੋ ਸ਼ਰਾਰਤੀ ਤੱਤਾਂ ਨੂੰ ਛੇਤੀ ਤੋਂ ਛੇਤੀ ਗਿ੍ਰਫਤਾਰ ਕੀਤਾ ਜਾਵੇ ਤਾਂ ਕਿ ਇਨਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾ ਸਕੇ। ਪੁਲੀਸ ਨੇ ਦੋਵਾਂ ਲਈ 50,000 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਜਿਨਾਂ ਦੀ ਸੀ.ਸੀ.ਟੀ.ਵੀ. ਵੀ ਜਾਰੀ ਕੀਤੀ ਗਈ ਹੈ।
ਅੱਜ ‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੀ ਹਫ਼ਤਾਵਰੀ ਲੜੀ ਦੌਰਾਨ ਮੁੱਖ ਮੰਤਰੀ ਨੇ ਸਾਰੇ ਨੌਜਵਾਨਾਂ ਨੂੰ ਪੰਨੂੰ ਨੂੰ ਕੋਈ ਤਵੱਜੋਂ ਨਾ ਦੇਣ ਦੀ ਅਪੀਲ ਕੀਤੀ ਹੈ। ਉਨਾਂ ਨੇ ਸਾਵਧਾਨ ਕਰਦਿਆਂ ਕਿਹਾ,‘‘ਕੁਝ ਲੋਕ ਅਜਿਹੇ ਕੂੜ ਪ੍ਰਚਾਰ ਤੋਂ ਭਾਵੁਕ ਹੋ ਜਾਂਦੇ ਹਨ।’’
ਪੰਨੂੰ ਵੱਲੋਂ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਕਾਲੇ ਝੰਡੇ ਲਹਿਰਾਉਣ ਦੇ ਸੱਦੇ ’ਤੇ ਪਲਟਵਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਪੰਜਾਬੀ ਖੁਸ਼ਹਾਲ ਲੋਕ ਹਨ ਅਤੇ ਕੈਨੇਡਾ ਜਾਂ ਅਮਰੀਕਾ ਵਿੱਚ ਬੈਠੇ ਕਿਸੇ ਅਨਸਰ ਦੇ ਕਹਿਣ ’ਤੇ ਅਜਿਹੀਆਂ ਹਰਕਤਾਂ ਨੂੰ ਅੰਜ਼ਾਮ ਦੇਣ ਵਿੱਚ ਉਨਾਂ ਦੀ ਕੋਈ ਦਿਲਚਸਪੀ ਨਹੀਂ ਹੈ।
ਪੰਨੂੰ ਨੂੰ ਵੰਗਾਰਦਿਆਂ ਮੁੱਖ ਮੰਤਰੀ ਨੇ ਕਿਹਾ,‘‘ਪੰਜਾਬ ਦੇ ਲੋਕ ਇਹ ਕਿਉਂ ਕਰਨ, ਜੇਕਰ ਤੁਸੀਂ ਲੋਕ ਜੁਅੱਰਤ ਰੱਖਦੇ ਹੋ ਤਾਂ ਇੱਥੇ ਆ ਕੇ ਕਰਕੇ ਦਿਖਾਓ?’’ ਉਨਾਂ ਕਿਹਾ ਕਿ ਜੇਕਰ ਐਸ.ਐਫ.ਜੇ. ਦਾ ਲੀਡਰ ਚਾਹੁੰਦਾ ਹੈ ਤਾਂ ਉਹ ਉਸ ਜਗਾ ’ਤੇ ਖਾਲਿਸਤਾਨ ਬਣਾ ਸਕਦਾ, ਜਿੱਥੇ ਉਹ ਲੁਕਿਆ ਹੋਇਆ ਹੈ। ਉਨਾਂ ਨੇ ਨੌਜਵਾਨਾਂ ਨੂੰ ਸਾਵਧਾਨ ਕਰਦਿਆਂ ਕਿਹਾ,‘‘ਪੰਨੂੰ ਦੀ ਤਾਂ ਸ਼ਕਲ ਵੀ ਪੰਜਾਬੀ ਵਰਗੀ ਨਹੀਂ ਲਗਦੀ ਅਤੇ ਉਹ ਪੈਸੇ ਬਟੋਰਨ ਲਈ ਅਜਿਹੀਆਂ ਕੋਝੀਆਂ ਹਰਕਤਾਂ ਕਰ ਰਿਹਾ ਹੈ।’’
ਪੰਜਾਬ ਦੇ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ’ਤੇ ਵਧਾਈ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਸਿੱਖਾਂ ਦੀਆਂ ਲਾਮਿਸਾਲ ਕੁਰਬਾਨੀਆਂ ਅਤੇ ਬਹਾਦਰੀ ਨੂੰ ਸਮੁੱਚਾ ਵਿਸ਼ਵ ਸਵੀਕਾਰ ਕਰਦਾ ਹੈ। ਉਨਾਂ ਕਿਹਾ ਕਿ ਪੰਜਾਬੀਆਂ ਦੀ ਬਹਾਦਰੀ ਦੇ ਕਿੱਸੇ ਹਰ ਥਾਂ ਲੱਭੇ ਜਾ ਸਕਦੇ ਹਨ। ਉਨਾਂ ਕਿਹਾ ਕਿ ਅੰਡੇਮਾਨ ਦੇ ਟਾਪੂ ਦਾ ‘ਕਾਲਾ ਪਾਣੀ’ ਉਨਾਂ ਦੀਆਂ ਮਿਸਾਲਾਂ ਦੀ ਗਵਾਹੀ ਭਰਦਾ ਹੈ ਅਤੇ ਜਲਿਆਂਵਾਲਾ ਬਾਗ ਦਾ ਕਤਲੇਆਮ ਵੀ ਪੰਜਾਬੀਆਂ ਦੀ ਕੁਰਬਾਨੀ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਨਾਂ ਕਿਹਾ ਕਿ ਕੋਈ ਨਹੀਂ ਜਾਣਦਾ ਕਿ ਜਲਿਆਂਵਾਲਾ ਬਾਗ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ। ਉਨਾਂ ਕਿਹਾ ਕਿ ਇਨਾਂ ਲੋਕਾਂ ਦੀ ਗਿਣਤੀ ਦਾ ਪਤਾ ਲਾਉਣ ਦੀ ਲੋੜ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ ਭਾਰਤ ਵੱਲੋਂ ਲੜੀਆਂ ਸਾਰੀਆਂ ਜੰਗਾਂ ਵਿੱਚ ਪੰਜਾਬ ਹਮੇਸ਼ਾ ਮੋਹਰੀ ਰਿਹਾ ਹੈ, ਭਾਵੇਂ ਉਹ 1962, 1965, ਬੰਗਲਾਦੇਸ਼ ਦੀ ਜੰਗ ਜਾਂ ਕਾਰਗਿਲ ਜਾਂ ਹਾਲ ਹੀ ਵਿੱਚ ਚੀਨ ਨਾਲ ਹੋਈ ਝੜਪ ਹੋਵੇ। ਉਨਾਂ ਨੇ 3-ਪੰਜਾਬ ਦੇ ਮਾਨਸਾ ਤੋਂ ਪੰਜਾਬ ਦੇ ਬਹਾਦਰ ਸਪੂਤ ਗੁਰਤੇਜ ਨੂੰ ਚੇਤੇ ਕੀਤਾ ਜਿਸ ’ਤੇ ਘਾਤਕ ਹਮਲਾ ਹੋਇਆ ਪਰ ਉਹ ਮਹਾਨ ਕੁਰਬਾਨੀ ਦੇਣ ਤੋਂ ਪਹਿਲਾਂ 12 ਚੀਨੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਵਿੱਚ ਕੋਈ ਵੀ ਖਿੱਤਾ ਜਾਂ ਸੂਬਾ ਅਜਿਹਾ ਨਹੀਂ ਹੈ ਜਿੱਥੇ ਪੰਜਾਬੀਆਂ ਨੇ ਮਿਸਾਲਾਂ ਕਾਇਮ ਨਹੀਂ ਕੀਤੀਆਂ, ਚਾਹੇ ਉਹ ਉਦਯੋਗ, ਖੇਤੀਬਾੜੀ ਅਤੇ ਸੇਵਾਵਾਂ ਦੀ ਗੱਲ ਹੋਵੇ।

Spread the love

Leave a Comment

Your email address will not be published. Required fields are marked *

*

Instagram Feed

Facebook Feed

Facebook Pagelike Widget

Currency Converter