ਪੰਚਾਇਤੀ ਵਿਭਾਗ ਨੇ ਸੀਚੇਵਾਲ ਮਾਡਲ ਰਾਹੀਂ ਬਦਲੀ ਜ਼ਿਲ੍ਹੇ ਦੇ 8 ਪਿੰਡਾਂ ਦੀ ਨੁਹਾਰ

* 5 ਪਿੰਡਾਂ ਵਿਚ ਕੰਮ ਜਾਰੀ; ਕੁੱਲ 15 ਪਿੰਡਾਂ ਨੂੰ ਸੀਚੇਵਾਲ ਮਾਡਲ ਅਧੀਨ ਲਿਆਉਣ ਦਾ ਟੀਚਾ
* ਛੱਪੜਾਂ ਦੇ ਨਵੀਨੀਕਰਨ ’ਤੇ ਖਰਚੇ ਜਾ ਚੁੱਕੇ ਹਨ 2 ਕਰੋੜ 24 ਲੱਖ ਰੁਪਏ
* ਥਾਪਰ ਮਾਡਲ ਤੇ ਰੂਫ ਟੌਪ ਹਾਰਵੈਸਟਿੰਗ ਸਿਸਟਮ ਵੀ ਸਾਬਿਤ ਹੋ ਰਿਹੈ ਵਰਦਾਨ
ਬਰਨਾਲਾ, 7 ਅਗਸਤ
ਜ਼ਿਲ੍ਹਾ ਬਰਨਾਲਾ ਵਿਚ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਜਿੱਥੇ ਛੱਪੜਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਉਥੇ ਬਾਰਸ਼ ਦੇ ਪਾਣੀ ਦੀ ਸੁਚੱਜੀ ਸੰਭਾਲ ਹੋ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਪੁਰਾਣੇ ਛੱਪੜਾਂ ਦੀ ਜੂਨ ਸੁਧਾਰਨ ਅਤੇ ਨਵੇਂ ਛੱੱਪੜਾਂ ਦੀ ਪੁਟਾਈ ਦਾ ਕਾਰਜ ਵਿਆਪਕ ਪੱਧਰ ’ਤੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਵੱਲੋਂ ਪਾਣੀ ਦੀ ਸੰਭਾਲ ਲਈ ਕਈ ਪ੍ਰਾਜੈਕਟ ਪ੍ਰਗਤੀ ਅਧੀਨ ਹਨ, ਜਿਨ੍ਹਾਂ ਵਿਚ ਪੁਰਾਣੇ ਛੱਪੜਾਂ ਦੀ ਸਾਫ-ਸਫਾਈ, ਸੀਚੇਵਾਲ ਤੇ ਥਾਪਰ ਮਾਡਲ ਰਾਹੀਂ ਨਵੀਨੀਕਰਨ, ਨਵੇਂ ਛੱਪੜਾਂ ਦੀ ਪੁਟਾਈ ਤੇ ਰੂਫ ਟੌਪ ਹਾਰਵੈਸਟਿੰਗ ਪ੍ਰਾਜੈਕਟ ਸ਼ਾਮਲ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਨੇ ਦੱਸਿਆ ਕਿ ਜ਼ਿਲ੍ਹੇ ਦੇ 15 ਪਿੰਡਾਂ ਦੇ ਛੱਪੜਾਂ ਨੂੰ ਸੀਚੇਵਾਲ ਮਾਡਲ ਅਧੀਨ ਲਿਆਉਣ ਦਾ ਟੀਚਾ ਹੈ, ਜਿਨ੍ਹਾਂ ਵਿਚੋਂ ਬਲਾਕ ਬਰਨਾਲਾ ਦੇ ਪਿੰਡ ਫਰਵਾਹੀ, ਜਲੂਰ ਵਿਚ ਕੰਮ ਚੱਲ ਰਿਹਾ ਹੈ, ਜਦੋਂਕਿ ਜਵੰਧਾ ਪਿੰਡੀ ਅਤੇ ਪੰਧੇਰ ਵਿਚ ਮੁਕੰਮਲ ਹੋ ਚੁੱਕਿਆ ਹੈ। ਇਸੇ ਤਰ੍ਹਾਂ ਬਲਾਕ ਮਹਿਲ ਕਲਾਂ ਦੇ ਪਿੰਡ ਛਾਪਾ ਤੇ ਬਾਹਮਣੀਆਂ ਵਿੱਚ ਕੰਮ ਮੁਕੰਮਲ ਹੋ ਚੁੱਕਿਆ ਹੈ, ਜਦੋਂਕਿ ਪੰਡੋਰੀ ਅਤੇ ਮਹਿਲ ਕਲਾਂ ਵਿੱਚ ਚੱਲ ਰਿਹਾ ਹੈ। ਇਸੇ ਤਰ੍ਹਾਂ ਬਲਾਕ ਸ਼ਹਿਣਾ ਦੇ ਪਿੰਡ ਰਾਮਗੜ੍ਹ, ਟੱਲੇਵਾਲ, ਬਖਤਗੜ੍ਹ, ਨੈਨੀਵਾਲ ਵਿਚ ਸੀਚੇਵਾਲ ਮਾਡਲ ਅਧੀਨ ਕੰਮ ਮੁਕੰਮਲ ਹੋ ਚੁੱਕਿਆ ਹੈ, ਜਦੋਂਕਿ ਚੀਮਾ ਵਿੱੱਚ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੀਚੇਵਾਲ ਮਾਡਲ ਅਧੀਨ ਇਕ ਛੱਪੜ ’ਤੇ ਕਰੀਬ ਸਾਢੇ 7 ਲੱਖ ਤੋਂ 11 ਲੱਖ ਤੱਕ ਦੀ ਲਾਗਤ ਆਉਂਦੀ ਹੈ ਤੇ ਇਸ ਮਾਡਲ ਅਧੀਨ ਗੰਦਾ ਪਾਣੀ ਚਾਰ ਚੈਂਬਰਾਂ ਰਾਹੀਂ ਸੋਧ ਕੇ ਛੱਪੜਾਂ ਵਿਚ ਜਾਂਦਾ ਹੈ, ਜਿੱਥੋਂ ਅੱਗੇ ਹੋਰ ਕਾਰਜਾਂ ਲਈ ਵਰਤਿਆ ਜਾਂਦਾ ਹੈੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਥਾਪਰ ਮਾਡਲ ਪ੍ਰਾਜੈਕਟ ਵੀ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਡਲ ਅਧੀਨ ਪਿੰਡ ਹਮੀਦੀ ’ਚ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸੀਚੇਵਾਲ ਅਤੇ ਥਾਪਰ ਮਾਡਲ ਪ੍ਰਾਜੈਕਟਾਂ ਦਾ ਉਦੇਸ਼ ਪਾਣੀ ਸੋਧ ਕੇ ਛੱਪੜਾਂ ਵਿਚ ਪਾਉਣਾ ਹੈ  ਤਾਂ ਜੋ ਉਸ ਦੀ ਸੁਚੱਜੀ ਵਰਤੋਂ ਹੋ ਸਕੇ।
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਪਿੰਡਾਂ ਵਿਚ ਵੱਡੀ ਗਿਣਤੀ ਛੱਪੜਾਂ ਦਾ ਨਵੀਨੀਕਰਨ ਕਰਾਇਆ ਗਿਆ ਹੈ, ਜਿਸ ’ਤੇ 2 ਕਰੋੜ 24 ਲੱਖ ਦੀ ਲਾਗਤ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ 85000 ਦਿਹਾੜੀਆਂ ਮਗਨਰੇਗਾ ਤਹਿਤ ਉਤਪੰਨ ਕੀਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਉਦੇਸ਼ ਨਾਲ ਜਿੱਥੇ ਛੱਪੜਾਂ ਦੀ ਸਾਫ-ਸਫਾਈ ਹੋਈ ਹੈ, ਉੱਥੇ ਮਗਨਰੇਗਾ ਤਹਿਤ ਜੌਬ ਕਾਰਡ ਧਾਰਕਾਂ ਨੂੰ ਰੋਜ਼ਗਾਰ ਵੀ ਮੁਹੱਈਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਕੁਦਰਤੀ ਪਾਣੀ ਦੀ ਸੰਭਾਲ ਜਿੱਥੇ ਕਈ ਪਿੰਡਾਂ ਵਿਚ ਨਵੇਂ ਛੱਪੜ ਪੁਟਵਾਏ ਜਾ ਰਹੇ ਹਨ, ਉਥੇ ਪਾਇਲਟ ਪ੍ਰਾਜੈਕਟ ਵਜੋਂ ਕਈ ਸਕੂਲੀ ਇਮਾਰਤਾਂ ’ਚ ਰੂਫ ਟੌਪ ਵਾਟਰ ਹਾਰਵੈਸਟਿੰਗ ਸਿਸਟਮ ਸ਼ੁਰੂ ਕਰਵਾਏ ਗਏ ਹਨ, ਜਿਸ ਰਾਹੀਂ ਮੀਂਹ ਦੇ ਪਾਣੀ ਦੀ ਸੁਚੱਜੀ ਸੰਭਾਲ ਹੋ ਰਹੀ ਹੈ।
Spread the love