ਈਟੀਟੀ ਅਧਿਆਪਕ ਬਲਕਾਰ ਅੱਤਰੀ ਨੂੰ ਰੋਟਰੀ ਕਲੱਬ ਪਠਾਨਕੋਟ ਵਲੋਂ ਨੇਸਨ ਬਿਲਡਰ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ।

ਮੀਡੀਆ ਕੋਆਰਡੀਨੇਟਰ ਦੇ ਤੌਰ ਤੇ ਵਧੀਆ ਸੇਵਾਵਾਂ ਨਿਭਾਉਣ ਲਈ ਕੀਤਾ ਸਨਮਾਨਿਤ।
ਪਠਾਨਕੋਟ, 8 ਸਤੰਬਰ 2021 ਅਧਿਆਪਕ ਦਿਵਸ ਦੇ ਮੌਕੇ ਤੇ ਰੋਟਰੀ ਕਲੱਬ ਗ੍ਰੇਟਰ ਪਠਾਨਕੋਟ ਵਲੋਂ ਪ੍ਰਧਾਨ ਸੁਨੀਲ ਮਹਾਜਨ ਦੀ ਅਗਵਾਈ ਹੇਠ ਕਰਵਾਏ ਗਏ ਇਕ ਅਵਾਰਡ ਸਮਾਰੋਹ ਵਿਚ ਬਲਾਕ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਦੇ ਈਟੀਟੀ ਅਧਿਆਪਕ ਬਲਕਾਰ ਅੱਤਰੀ ਨੂੰ ਨੇਸਨ ਬਿਲਡਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡੀਈਓ ਸੈਕੰਡਰੀ ਠਾਕੁਰ ਰਾਜੇਸ਼ਵਰ ਸਲਾਰੀਆ ਨੇ ਦੱਸਿਆ ਕਿ ਜਿਲਾ ਪਠਾਨਕੋਟ ਦੇ ਵੱਖ ਵੱਖ ਸਕੂਲਾਂ ਨਾਲ ਸੰਬੰਧਤ ਲੱਗਭਗ 25 ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਰੋਟਰੀ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ ਹੈ ਜੋ ਕਿ ਅਧਿਆਪਕਾਂ ਲਈ ਬੜੇ ਹੀ ਮਾਨ ਸਨਮਾਨ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਸਰਹੱਦੀ ਬਲਾਕ ਨਰੋਟ ਜੈਮਲ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਦੇ ਅਧਿਆਪਕ ਬਲਕਾਰ ਅੱਤਰੀ ਨੂੰ ਮੀਡੀਆ ਕੋਆਰਡੀਨੇਟਰ ਦੇ ਤੌਰ ਤੇ ਵਧੀਆ ਸੇਵਾਵਾਂ ਨਿਭਾਉਣ ਲਈ ਰੋਟਰੀ ਕਲੱਬ ਪਠਾਨਕੋਟ ਦੇ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਠਾਨਕੋਟ ਜਸਵੰਤ ਸਿੰਘ. ਡਿਪਟੀ ਡੀਈਓ ਰਾਜੇਸ਼ਵਰ ਸਲਾਰੀਆ ਸਹਿਤ ਡੀਈਓ ਦਫਤਰ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੀਤੇ ਗਏ ਅਧਿਆਪਕਾਂ ਦੇ ਇਸ ਸਨਮਾਨ ਸਮਾਰੋਹ ਵਿੱਚ ਸੰਬੋਧਨ ਕਰਦਿਆਂ ਰੋਟਰੀ ਕਲੱਬ ਦੇ ਚੇਅਰਮੈਨ ਰੋਟੇਰੀਅਨ ਯੂ. ਐਸ, ਘਈ ਅਤੇ ਡਾਕਟਰ ਐਨ ਪੀ ਸਿੰਘ ਨੇ ਕਿਹਾ ਕਿ ਰੋਟਰੀ ਕਲੱਬ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਅੱਜ ਅਧਿਆਪਕ ਦਿਵਸ ਦੇ ਮੌਕੇ ਤੇ ਉਨ੍ਹਾਂ ਨੇ ਜਿਲ੍ਹਾ ਪਠਾਨਕੋਟ ਦੇ ਹੋਣਹਾਰ ਅਤੇ ਪ੍ਰਤਿਭਾਸ਼ਾਲੀ ਅਧਿਆਪਕਾਂ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲਿਆ ਹੈ।
ਇਸ ਮੌਕੇ ਤੇ ਉਨ੍ਹਾਂ ਸਨਮਾਨਿਤ ਕੀਤੇ ਜਾਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਹਰੇਕ ਸਫਲ ਵਿਅਕਤੀ ਦੀ ਸਫਲਤਾ ਦੇ ਪਿੱਛੇ ਉਸਦੇ ਅਧਿਆਪਕਾਂ ਦੀ ਮਿਹਨਤ ਅਤੇ ਯੋਗ ਅਗਵਾਈ ਦਾ ਯੋਗਦਾਨ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਇਸ ਲਈ ਕੋਈ ਵੀ ਵਿਅਕਤੀ ਕਦੇ ਵੀ ਆਪਣੇ ਅਧਿਆਪਕ ਦਾ ਮੁੱਲ ਨਹੀਂ ਮੋੜ ਸਕਦਾ। ਇਸ ਮੌਕੇ ਤੇ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਨੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ, ਡਿਪਟੀ ਡੀਈਓ ਰਾਜੇਸ਼ਵਰ ਸਲਾਰੀਆ ਸਹਿਤ ਰੋਟਰੀ ਕਲੱਬ ਦੇ ਅਧਿਕਾਰੀਆਂ ਦਾ ਇਸ ਸਨਮਾਨ ਸਮਾਰੋਹ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਜਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਅਮਰੀਕ ਸਿੰਘ, ਸਟੈਨੋ ਅਰੁਣ ਮਹਾਜਨ, ਹੈਡ ਟੀਚਰ ਅਜੇ ਮਹਾਜਨ ਸਹਿਤ ਵੱਖ ਵੱਖ ਸਕੂਲਾਂ ਦੇ ਪਿ੍ਰੰਸੀਪਲ, ਹੋਣਹਾਰ ਅਧਿਆਪਕ ਅਤੇ ਰੋਟਰੀ ਕਲੱਬ ਦੇ ਆਹੁਦੇਦਾਰ ਹਾਜਰ ਸਨ।
ਫੋਟੋ ਕੈਪਸ਼ਨ:- ਅਧਿਆਪਕ ਦਿਵਸ ਦੇ ਮੌਕੇ ਤੇ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਨੂੰ ਪ੍ਰਸੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕਰਦੇ ਹੋਏ ਰੋਟਰੀ ਕਲੱਬ ਦੇ ਚੇਅਰਮੈਨ ਘਈ, ਡੀਈਓ ਜਸਵੰਤ ਸਿੰਘ, ਡਿਪਟੀ ਡੀਈਓ ਰਾਜੇਸ਼ਵਰ ਸਲਾਰੀਆ ਅਤੇ ਹੋਰ ਅਧਿਕਾਰੀ।

Spread the love