ਪੰਜਾਬ ਸਰਕਾਰ ਦੀਆਂ ਪ੍ਰਮਾਣਿਤ ਸੰਸਥਾਵਾਂ ਤੋਂ ਖਰੀਦਿਆ ਜਾ ਸਕੇਗਾ ਬੀਜ
ਢਾਈ ਏਕੜ ਵਾਲੇ ਕਿਸਾਨਾਂ ਨੂੰ ਪਹਿਲ ਦੇ ਆਧਾਰ ’ਤੇ ਦਿੱਤੀ ਜਾਵੇਗੀ ਸਬਸਿਡੀ
ਹੁਸ਼ਿਆਰਪੁਰ, 3 ਨਵੰਬਰ:
ਪੰਜਾਬ ਸਰਕਾਰ ਵਲੋਂ ਹਾੜੀ 2020-21 ਲਈ ਸਬਸਿਡੀ ’ਤੇ ਕਣਕ ਦੇ ਬੀਜ ਦੇਣ ਲਈ ਸ਼ੁਰੂ ਕੀਤੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ 10 ਬਲਾਕਾਂ ਵਿੱਚ ਇਹ ਬੀਜ ਸਬਸਿਡੀ ’ਤੇ ਦੇਣੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਅੰਦਾਜ਼ਨ 1.43 ਲੱਖ ਹੈਕਟੇਅਰ ਰਕਬੇ ’ਤੇ ਬੀਜੀ ਜਾਣ ਵਾਲੀ ਕਣਕ ਦੀ ਫ਼ਸਲ ਲਈ ਜ਼ਿਲ੍ਹੇ ਅੰਦਰ ਕੁੱਲ 7700 ਕੁਇੰਟਲ ਬੀਜ ਸਬਸਿਡੀ ’ਤੇ ਦਿੱਤੇ ਜਾਣਗੇ।
ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਇਹ ਬੀਜ ਕੁੱਲ ਕੀਮਤ ਦਾ 50 ਫੀਸਦੀ ਜਾਂ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ ਅਤੇ ਕਣਕ ਦੇ ਬੀਜ ਦੀ ਸਬਸਿਡੀ ਦੀ ਰਕਮ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਢਾਈ ਏਕੜ ਵਾਲੇ ਕਿਸਾਨਾਂ ਨੂੰ ਪਹਿਲ ਦੇ ਆਧਾਰ ’ਤੇ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ ਅਤੇ ਉਸ ਤੋਂ ਬਾਅਦ ਬਕਾਇਆ ਸਬਸਿਡੀ 5 ਏਕੜ ਤੱਕ ਵਾਲੇ ਕਿਸਾਨਾਂ ਵਿੱਚ ਤਕਸੀਮ ਕੀਤੀ ਜਾਵੇਗੀ।
ਸਬਸਿਡੀ ’ਤੇ ਦਿੱਤੇ ਜਾਣ ਵਾਲੇ ਬੀਜਾਂ ਦੇ ਖਰੀਦ ਸਥਾਨਾਂ ਸਬੰਧੀ ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਕਿਸਾਨ ਇਹ ਬੀਜ ਪੰਜਾਬ ਦੀਆਂ ਪ੍ਰਮਾਣਿਤ ਸੰਸਥਾਵਾਂ ਵਲੋਂ ਰਜਿਸਟਰਡ ਕੀਤੇ ਗਏ ਅਦਾਰਿਆਂ ਤੋਂ ਖਰੀਦ ਸਕਦੇ ਹਨ ਜੋ ਕਿ ਕੌਮੀ ਅੰਨ ਸੁਰੱਖਿਆ ਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੀ ਵੰਡਿਆ ਜਾਵੇਗਾ।