ਕਾਲੇ ਕਾਨੂੰਨਾਂ ਖ਼ਿਲਾਫ਼ ਪਹਿਲਾਂ ਵੀ ਪਾਰਲੀਮੈਂਟ ਵਿਚ ਹਾਅ ਦਾ ਨਾਅਰਾ ਮਾਰਿਆ ਸੀ; ਆਉਂਦੇ ਸੈਸ਼ਨ ਦੌਰਾਨ ਫਿਰ ਬੁਲੰਦ ਕਰਨਗੇ ਕਿਸਾਨਾਂ ਦੀ ਆਵਾਜ਼
ਖਰੜ, 14 ਜੁਲਾਈ 2021 ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ, ਜਿਸਨੇ ਕਾਨੂੰਨ ਬਣਨ ਤੋਂ ਪਹਿਲਾਂ ਤੇ ਬਾਅਦ ਵਿੱਚ ਹਰ ਪੱਖ ਤੋਂ ਕਿਸਾਨਾਂ ਦਾ ਸਾਥ ਦਿੰਦੇ ਹੋਏ ਇਨ੍ਹਾਂ ਕਾਲੇ ਕਾਨੂੰਨਾਂ ਦਾ ਜਮ ਕੇ ਵਿਰੋਧ ਕੀਤਾ ਹੈ।
ਖਰੜ ਵਿਧਾਨ ਸਭਾ ਹਲਕੇ ਦੇ ਪਿੰਡ ਮਾਜਰੀ ਸਣੇ ਸ਼ਹਿਰ ਕੁਰਾਲੀ, ਖਰੜ ਅਤੇ ਨਯਾ ਗਾਉਂ ਵਿਖੇ ਆਯੋਜਿਤ ਵੱਖ-ਵੱਖ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਹੋਇਆਂ, ਜਿਥੇ ਤਿਵਾੜੀ ਨੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਜਾਣਿਆ। ਉਥੇ ਹੀ, ਇਕ ਵਾਰ ਫਿਰ ਤੋਂ ਕਿਸਾਨਾਂ ਦਾ ਸਮਰਥਨ ਪ੍ਰਗਟਾਉਂਦਿਆਂ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਕਾਂਗਰਸ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੀ ਹੈ। ਜਿਸ ਨੇ ਇਨ੍ਹਾਂ ਕਾਨੂੰਨਾਂ ਦੇ ਬਣਨ ਤੋਂ ਲੈ ਕੇ ਹੁਣ ਤਕ ਹਰ ਪੱਧਰ ਤੇ ਕਿਸਾਨਾਂ ਦਾ ਸਾਥ ਦਿੱਤਾ ਹੈ। ਤਿਵਾੜੀ ਨੇ ਜੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਵਿਅਕਤੀਗਤ ਤੌਰ ਤੇ ਪਹਿਲਾਂ ਵੀ ਪਾਰਲੀਮੈਂਟ ਚ ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਹਾਅ ਦਾ ਨਾਅਰਾ ਮਾਰਿਆ ਸੀ ਅਤੇ ਸੰਸਦ ਦੇ ਆਉਂਦੇ ਮਾਨਸੂਨ ਸੈਸ਼ਨ ਦੌਰਾਨ ਵੀ ਕਿਸਾਨਾਂ ਦੀ ਆਵਾਜ਼ ਜ਼ੋਰਦਾਰ ਤਰੀਕੇ ਨਾਲ ਲੋਕ ਸਭਾ ਚ ਬੁਲੰਦ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਬਿਲਡਿੰਗ ਮਾਫ਼ੀਆ ਖ਼ਿਲਾਫ਼ ਵੀ ਜਮ ਕੇ ਭੜਾਸ ਕੱਢੀ ਅਤੇ ਇਨ੍ਹਾਂ ਪਾਸੋਂ ਠੱਗੇ ਲੋਕਾਂ ਨੂੰ ਨਿਆਂ ਦਿਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਹਲਕੇ ਦਾ ਵਿਕਾਸ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਅਤੇ ਐਮ.ਪੀ ਮਨੀਸ਼ ਤਿਵਾੜੀ ਦੇ ਸਹਿਯੋਗ ਨਾਲ ਉਨ੍ਹਾਂ ਵੱਲੋਂ ਖੇਤਰ ਦੀ ਤਰੱਕੀ ਲਈ ਕਈ ਸਾਰੇ ਪ੍ਰਾਜੈਕਟਾਂ ਤੇ ਕੰਮ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਖਰੜ ਫਲਾਈਓਵਰ ਦੇ ਨਿਰਮਾਣ ਰਾਹੀਂ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਵਾਉਣ ਸਣੇ ਕਈ ਹੋਰ ਕੰਮ ਸ਼ਾਮਲ ਹਨ ਅਤੇ ਇਹ ਲੜੀ ਆਉਣ ਵਾਲੇ ਦਿਨਾਂ ਚ ਵੀ ਜਾਰੀ ਰਹੇਗੀ।
ਇਨ੍ਹਾਂ ਮੀਟਿੰਗਾਂ ਦੌਰਾਨ ਹੋਰਨਾਂ ਤੋਂ ਇਲਾਵਾ, ਯਾਦਵਿੰਦਰ ਸਿੰਘ ਕੰਗ ਵਾਈਸ ਚੇਅਰਮੈਨ ਇਨਫੋਟੈਕ, ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ, ਸਰਪੰਚ ਜਗਦੀਪ ਸਿੰਘ ਮਾਜਰੀ, ਲਾਭ ਸਿੰਘ ਚੇਅਰਮੈਨ ਬਲਾਕ ਸੰਮਤੀ, ਰਣਜੀਤ ਸਿੰਘ ਜੀਤੀ ਪ੍ਰਧਾਨ ਮਿਉਂਸਪਲ ਕੌਂਸਲ ਕੁਰਾਲੀ, ਕੌਂਸਲਰ ਨੰਦੀ ਪਾਲ ਬਾਂਸਲ, ਰਾਣਾ ਰਵਿੰਦਰ ਸਿੰਘ, ਰਵਿੰਦਰ ਸਿੰਘ, ਗੋਪਾਲ ਸਰੀਨ, ਕੁਲਦੀਪ ਸਿੰਘ ਪੰਚ, ਮਦਨ ਸਿੰਘ ਸਰਪੰਚ ਮਨਿਕਪੁਰ, ਰਣਜੀਤ ਸਿੰਘ, ਰਾਣਾ ਰਾਏ ਸਿੰਘ, ਯਸ਼ਪਾਲ ਬਾਂਸਲ ਸ਼ਹਿਰੀ ਕਾਂਗਰਸ ਪ੍ਰਧਾਨ ਖਰੜ, ਰਾਜਬੀਰ ਸਿੰਘ ਰਾਜੀ ਕੌਂਸਲਰ ਖਰੜ ਵੀ ਮੌਜੂਦ ਰਹੇ।