ਕੋਵਿਡ-19: ਜ਼ਿਲ੍ਹੇ ’ਚ ਅੱਜ ਲੈਵਲ 2 ਦੇ 42 ਅਤੇ ਲੈਵਲ 3 ਦੇ 9 ਬੈਡ ਖਾਲੀ: ਅਪਨੀਤ ਰਿਆਤ

ਜ਼ਿਲ੍ਹਾ ਹਸਪਤਾਲ ਸਮੇਤ 6 ਪ੍ਰਾਈਵੇਟ ਹਸਪਤਾਲਾਂ ’ਚ ਕੀਤਾ ਜਾ ਰਿਹੈ ਕੋਵਿਡ ਮਰੀਜਾਂ ਦਾ ਇਲਾਜ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਹਫਤਾਵਰੀ ਕਰਫਿਊ ਦੀ ਗੰਭੀਰਤਾ ਨਾਲ ਪਾਲਣਾ ਕਰਨ ਦੀ ਕੀਤੀ ਅਪੀਲ
ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨੂੰ ਸਖਤੀ ਨਾਲ ਹਫਤਾਵਰੀ ਕਰਫਿਊ ਦੀ ਪਾਲਣਾ ਯਕੀਨੀ ਬਨਾਉਣ ਦੇ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 30 ਅਪ੍ਰੈਲ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੇ 6 ਹਸਪਤਾਲਾਂ ਵਿੱਚ ਕੋਵਿਡ-19 ਦੇ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਿਸ ਵਿੱਚ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਸਮੇਤ 5 ਪ੍ਰਾਈਵੇਟ ਹਸਪਤਾਲ ਸ਼ਾਮਲ ਹਨ।  ਉਨ੍ਹਾਂ ਕਿਹਾ ਕਿ ਇਨ੍ਹਾਂ ਹਸਪਤਾਲਾਂ ਵਿੱਚ ਲੈਵਲ 2 ਅਤੇ ਲੈਵਲ 3 ਦੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਹਸਪਤਾਲਾਂ ਵਿੱਚ ਖਾਲੀ ਬੈਡਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਅਪੈ੍ਰਲ ਨੂੰ ਇਨ੍ਹਾਂ ਹਸਪਤਾਲਾਂ ਵਿੱਚ ਲੈਵਲ 2 ਦੇ 42 ਅਤੇ ਲੈਵਲ 3 ਦੇ 9 ਬੈਡ ਖਾਲੀ ਹਨ ਜਿਸ ਵਿੱਚ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਿੱਚ ਲੈਵਲ 2 ਦੇ 13 ਅਤੇ ਲੈਵਲ 3 ਦੇ 7 ਬੈਡ, ਆਈ.ਵੀ.ਵਾਈ. ਹਸਪਤਾਲ ਹੁਸ਼ਿਆਰਪੁਰ ਵਿੱਚ ਲੈਵਲ 2 ਦੇ 5 ਅਤੇ ਲੈਵਲ 3 ਦਾ 1 ਬੈਡ, ਪੀ.ਆਰ.ਕੇ.ਐਮ. ਮਾਰਡਨ ਹਸਪਤਾਲ ਹੁਸ਼ਿਆਰਪੁਰ ਵਿੱਚ ਲੈਵਲ 2 ਦੇ 5 ਅਤੇ ਸ਼ਿਵਮ ਹਸਪਤਾਲ ਹੁਸ਼ਿਆਰਪੁਰ ਵਿੱਚ ਲੈਵਲ 2 ਦੇ 14 ਬੈਡ ਖਾਲੀ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਹਸਪਤਾਲਾਂ ਵਿੱਚ ਬੈਡਾਂ ਦੀ ਖਾਲੀ ਗਿਣਤੀ ਸਬੰਧੀ ਰੋਜ਼ਾਨਾ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ ਪੇਜ, ਟਵੀਟਰ ’ਤੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਸ ਹਸਪਤਾਲ ਵਿੱਚ ਕਿੰਨੇ ਬੈਡ ਖਾਲੀ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਇਸ ਸਮੇਂ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਲੈਵਲ 2 ਦੇ 173 ਬੈਡ ਅਤੇ ਲੈਵਲ 3 ਦੇ 25 ਬੈਡ ਉਪਲਬੱਧ ਹਨ ਅਤੇ ਰੋਜ਼ਾਨਾ ਖਾਲੀ ਬੈਡਾਂ ਦੀ ਸੰਖਿਆ ਸਬੰਧੀ ਜ਼ਿਲ੍ਹਾ ਵਾਸੀਆਂ ਨੂੰ ਜਾਣੂ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਹਸਪਤਾਲਾਂ ਵਿੱਚ ਕੋਵਿਡ ਇਲਾਜ ਸਬੰਧੀ ਸਾਰੀਆਂ ਸੁਵਿਧਾਵਾਂ ਮੌਜੂਦ ਹਨ।
ਅਪਨੀਤ ਰਿਆਤ ਨੇ ਇਸ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਸੋਮਵਾਰ ਸਵੇਰੇ 5 ਵਜੇ ਤੱਕ ਲੱਗਣ ਵਾਲੇ ਹਫਤਾਵਰੀ ਕਰਫਿਊ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਫਤਾਵਰੀ ਕਰਫਿਊ ਦੌਰਾਨ ਸਾਰੇ ਗੈਰ ਜ਼ਰੂਰੀ ਗਤੀਵਿਧੀਆਂ ਬੰਦ ਰਹੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਿਰਫ ਹਸਪਤਾਲ ਤੇ ਕੈਮਿਸਟ ਦੀਆਂ ਦੁਕਾਨਾਂ ਹੀ ਖੁੱਲ੍ਹਣਗੀਆਂ। ਉਨ੍ਹਾਂ ਕਿਹਾ ਕਿ ਕਰਿਆਨਾ ਨਾਲ ਜੁੜੀਆਂ ਦੁਕਾਨਾਂ ਸੋਮਵਾਰ ਤੋਂ ਸ਼ੁਕਰਵਾਰ ਸਿਰਫ ਸ਼ਾਮ 5 ਵਜੇ ਤੱਕ ਹੀ ਖੁੱਲ੍ਹਣਗੀਆਂ ਅਤੇ ਹਫਤਵਾਰੀ ਕਰਫਿਊ ਵਿੱਚ ਇਹ ਦੁਕਾਨਾਂ ਵੀ ਬੰਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਹਫਤੇ ਦੇ ਸਤ ਦਿਨ ਉਦਯੋਗ ਅਤੇ ਇਸ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ, ਮਜ਼ਦੂਰਾਂ, ਵਾਹਨਾਂ ਜਿਨ੍ਹਾਂ ਦੇ ਪਾਸ ਸਬੰਧਤ ਉਦਯੋਗ ਦਾ ਪੱਤਰ ਹੋਣ ਤੋਂ ਇਲਾਵਾ ਰੇਲ, ਹਵਾਈ ਜਹਾਜ ਤੇ ਬੱਸਾਂ ਤੋਂ ਆਉਣ-ਜਾਣ ਵਾਲੇ ਯਾਤਰੀਆਂ ਨੂੰ ਆਵਾਜਾਈ ਤੋਂ ਛੋਟ ਰਹੇਗੀ। ਸ਼ਹਿਰਾਂ ਅਤੇ ਪਿੰਡਾਂ ਵਿੱਚ ਕੰਸਟ੍ਰਕਸ਼ਨ ਗਤੀਵਿਧੀਆਂ, ਖੇਤੀ, ਅਨਾਜ ਦੀ ਖਰੀਦ, ਬਾਗਬਾਨੀ, ਪਸ਼ੂ ਪਾਲਣ ਤੇ ਪਸ਼ੂ ਇਲਾਜ, ਈ-ਕਾਮਰਸ ਗਤੀਵਿਧੀ ਤੇ ਸਮਾਨ ਦੀ ਮੂਵਮੈਂਟ, ਵੈਕਸੀਨੇਸ਼ਨ ਆਊਟ ਰਿਚ ਕੈਂਪ ਆਦਿ ਨੂੰ ਵੀ ਛੋਟ ਰਹੇਗੀ। ਇਸ ਤੋਂ ਇਲਾਵਾ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਦੇ ਚੱਲਦਿਆਂ ਪੈਟਰੋਲ ਪੰਪਾਂ ਨੂੰ ਵੀ ਛੋਟ ਰਹੇਗੀ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਹਫਤਾਵਰੀ ਕਰਫਿਊ ਦਾ ਸਖਤੀ ਨਾਲ ਪਾਲਣਾ ਕਰਵਾਉਣ।

Spread the love