ਹਰ ਇੱਕ ਵਿਦਿਆਰਥੀ ਦੇ ਹੱਥ ਵਿੱਚ ਹੋਵੇਗੀ ਲਾਇਬਰੇਰੀ ਪੁਸਤਕ-ਜ਼ਿਲ੍ਹਾ ਅਧਿਕਾਰੀ
ਪਠਾਨਕੋਟ, 20 ਜੁਲਾਈ 2021 ਵੱਖ-ਵੱਖ ਸਹਿ-ਵਿੱਦਿਅਕ ਗਤੀਵਿਧੀਆਂ ਤੋਂ ਬਾਅਦ ਸਿੱਖਿਆ ਵਿਭਾਗ ਹੁਣ ਇੱਕ ਵਿਲੱਖਣ ਛਾਪ ਛੱਡਣ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਵਿਭਾਗ ਇੱਕ ਨਿਵੇਕਲੀ ਕਿਸਮ ਦੀ ਪਹਿਲ ਲਾਇਬ੍ਰੇਰੀ ਲੰਗਰ ਲਗਾ ਕੇ ਕਰ ਰਿਹਾ ਹੈ।
ਜ਼ਿਲ੍ਹਾ ਸਿੱਖਿਆ ਅਫਸਰ ਪਠਾਨਕੋਟ (ਸੈਕੰਡਰੀ) ਜਸਵੰਤ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪਠਾਨਕੋਟ ਬਲਦੇਵ ਰਾਜ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਇਹ ਉੱਦਮ 22 ਜੁਲਾਈ ਨੂੰ ਕੀਤਾ ਜਾ ਰਿਹਾ ਹੈ। ਘਰ ਬੈਠੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਅਤੇ ਉਨ੍ਹਾਂ ਨੂੰ ਕਿਤਾਬਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਅਧਿਆਪਕ ਪੱਬਾਂ ਭਾਰ ਹਨ।
ਉਹਨਾਂ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ 22 ਜੁਲਾਈ ਨੂੰ ਜ਼ਿਲ੍ਹਾ ਪਠਾਨਕੋਟ ਦੇ ਹਰ ਇਕ ਸਰਕਾਰੀ ਸਕੂਲ ਵੱਲੋਂ ਲਾਇਬਰੇਰੀ ਲੰਗਰ ਲਗਾਇਆ ਜਾਵੇਗਾ। ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਹਰ ਵਿਦਿਆਰਥੀ ਤੱਕ ਲਾਇਬ੍ਰੇਰੀ ਦੀ ਕਿਤਾਬ ਦਾ ਪਹੁੰਚਾਉਣਾ ਹੀ ਇਸ ਮੁਹਿੰਮ ਦਾ ਮਕਸਦ ਹੋਵੇਗਾ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਮਹੱਤਤਾ ਦੱਸਦੇ ਹੋਏ, ਸਾਹਿਤ ਨਾਲ ਜੋੜਨ ਲਈ ਪ੍ਰੇਰਿਆ ਜਾਵੇਗਾ।
ਉਪ ਜ਼ਿਲ੍ਹਾ ਸਿੱਖਿਆ ਅਫਸਰ ਪਠਾਨਕੋਟ (ਸੈਕੰਡਰੀ) ਰਾਜੇਸਵਰ ਸਲਾਰੀਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪਠਾਨਕੋਟ ਰਮੇਸ ਲਾਲ ਠਾਕੁਰ ਨੇ ਕਿਹਾ ਕਿ ਲਾਇਬ੍ਰੇਰੀ ਲੰਗਰ ਦੀ ਇਸ ਮੁਹਿੰਮ ਨੂੰ ਲੈ ਕੇ ਪਿ੍ਰੰਸੀਪਲ , ਹੈੱਡਮਾਸਟਰ, ਸੀਐਚਟੀਜ,ਐਚਟੀਜ ,ਸਕੂਲ ਇੰਚਾਰਜ਼ ਅਤੇ ਅਧਿਆਪਕਾਂ ਵਿੱਚ ਬੜਾ ਉਤਸ਼ਾਹ ਹੈ। ਉਹ ਵਿਦਿਆਰਥੀਆਂ ਨੂੰ ਕਿਤਾਬ ਸੱਭਿਆਚਾਰ ਵੱਲ ਲੈ ਕੇ ਜਾਣ ਲਈ ਉਤਾਵਲੇ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਦੇ ਭਵਿੱਖ ਵਿੱਚ ਸ਼ਾਨਦਾਰ ਸਿੱਟੇ ਨਿਕਲਣਗੇ।ਜੇਕਰ ਅਸੀਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਵਿੱਚ ਕਾਮਯਾਬ ਹੋ ਜਾਂਦੇ ਹਾ ਤਾਂ ਸਾਡੇ ਵਿਦਿਆਰਥੀ ਸਮਾਜਿਕ ਅਲਾਮਤਾਂ ਤੋਂ ਬਚਦੇ ਹੋਏ ਆਪਣੇ ਭਵਿੱਖ ਵੱਲ ਵਧਣਗੇ ਅਤੇ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਸਾਬਤ ਹੋਣਗੇ।
ਉਨ੍ਹਾਂ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਸਮੂਹ ਪਿ੍ਰੰਸੀਪਲ, ਸਕੂਲ ਮੁਖੀ, ਅਧਿਆਪਕ ਅਤੇ ਲੈਕਚਰਾਰ ਆਪਣਾ ਯੋਗਦਾਨ ਦੇਣ ਅਤੇ ਵਿਦਿਆਰਥੀਆਂ ਤੱਕ ਲਾਇਬ੍ਰੇਰੀ ਪੁਸਤਕਾਂ ਪਹੁੰਚਾਉਣ ਦੇ ਯਤਨ ਕਰਨ। ਜ਼ਿਲ੍ਹਾ ਮੈਂਟਰ ਪੰਜਾਬੀ ਵਿਨੋਦ ਅੱਤਰੀ ਅਤੇ ਜਿਲ੍ਹਾ ਮੈਂਟਰ ਹਿੰਦੀ ਰਮੇਸ ਕੁਮਾਰ ਨੇ ਦੱਸਿਆ ਕਿ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੀਆਂ ਟੀਮਾਂ ਨਾਲ ਤਾਲਮੇਲ ਕਰਕੇ ਲਾਇਬ੍ਰੇਰੀ ਲੰਗਰ ਦੀ ਮੁਹਿੰਮ ਨੂੰ ਸਫਲ ਬਣਾਉਣ ਲਈ ਤਿਆਰੀਆਂ ਆਰੰਭ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੀ ਕਾਮਯਾਬੀ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਪੰਜਾਬੀ ਪਠਾਨਕੋਟ ਅਤੇ ਟੀਮ ਹਿੰਦੀ, ਅਧਿਆਪਕਾਂ ਦੀ ਸਹਾਇਤਾ ਲਈ ਤਿਆਰ-ਬਰ-ਤਿਆਰ ਹਨ। ਸਾਡਾ ਸਿਰਫ਼ ਇਹੋ ਮਕਸਦ ਹੈ ਕਿ ਹਰ ਘਰ ਤਕ, ਹਰ ਵਿਦਿਆਰਥੀ ਤੱਕ ਲਾਇਬ੍ਰੇਰੀ ਦੀ ਪੁਸਤਕ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਹੋਰ ਪੁਸਤਕਾਂ ਪੜ੍ਹਨ ਦੀ ਚੇਟਕ ਲੱਗੇ।
ਉਹਨਾਂ ਨੇ ਦੱਸਿਆ ਕਿ ਇਸ ਮੁਹਿੰਮ ਦੇ ਲਈ ਅਧਿਆਪਕਾਂ ਵਿਚ ਵੀ ਕਾਫੀ ਉਤਸ਼ਾਹ ਹੈ। ਵੱਖਰੇ- ਵੱਖਰੇ ਸਕੂਲਾਂ ਨੇ ਆਪਣੇ -ਆਪਣੇ ਪੋਸਟਰ ਬਣਾ ਕੇ ਸ਼ੇਅਰ ਕੀਤੇ ਹਨ ਜੋ ਕਾਬਲੇ ਤਾਰੀਫ਼ ਹਨ। ਉਨ੍ਹਾਂ ਸਮੂਹ ਲਾਇਬ੍ਰੇਰੀ ਇੰਚਾਰਜ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਇਸ ਮੁਹਿੰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਯੋਗਦਾਨ ਪਾਉਣ।
ਇਸ ਮੌਕੇ ਤੇ ਡੀਐਸਐਮ ਬਲਵਿੰਦਰ ਸੈਣੀ, ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।
ਫੋਟੋ ਕੈਪਸਨ:- ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਧਿਕਾਰੀ।