ਪੰਜਾਬ ਅਨੁਸੂਚਿਤ ਜਾਤੀਆਂ ਤੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਆਯੋਜਿਤ ਕੀਤਾ ਗਿਆ ਕਰਜਾ ਵੰਡ ਸਮਾਰੋਹ

ਮਨੀਸ਼ ਤਿਵਾੜੀ ਵਲੋਂ ਤਕਸੀਮ ਕੀਤੇ ਗਏ 75.50 ਲੱਖ ਰੁ: ਦੇ ਕਰਜਿਆਂ ਦੇ ਮਨਜੂਰੀ / ਅਦਾਇਗੀ ਦੇ ਪੱਤਰ
ਕਿਹਾ, ਮੁੱਖ ਮੰਤਰੀ ਪੰਜਾਬ ਨਾਲ ਗੱਲ ਕਰਕੇ ਐੱਸਸੀ ਭਾਈਚਾਰੇ ਦੇ ਲੋਕਾਂ ਨੂੰ ਸੁਸਾਇਟੀਆਂ ਵੱਲੋਂ ਦਿੱਤੇ 2 ਲੱਖ ਤੱਕ ਦੇ ਕਰਜ਼ੇ ਨੂੰ ਵੀ ਮੁਆਫ ਕਰਨ ਦੀ ਅਪੀਲ ਕਰਾਂਗੇ
ਮੋਹਾਲੀ: 24 ਜੁਲਾਈ 2021
ਪੰਜਾਬ ਅਨੁਸੂਚਿਤ ਜਾਤੀਆਂ ਤੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵਲੋਂ ਆਪਣੀ ਗੋਲਡਨ ਜੁਬਲੀ ਵਰਾ ਮਨਾਉਣ ਦੀ ਲੜੀ ਵਿਚ ਰੂਪਨਗਰ ਵਿਖੇ ਕਰਜਾ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ 39 ਲਾਭਪਾਤਰੀਆਂ ਨੂੰ ਕਾਰਪੋਰੇਸ਼ਨ ਦੀਆਂ ਵੱਖ ਵੱਖ ਸਕੀਮਾਂ ਅਧੀਨ 75.50 ਲੱਖ ਰੁ: ਦੇ ਕਰਜਿਆਂ ਦੇ ਮਨਜੂਰੀ / ਅਦਾਇਗੀ ਦੇ ਪੱਤਰ ਸ੍ਰੀ ਮਨੀਸ਼ ਤਿਵਾੜੀ, ਐਮ.ਪੀ. ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਲੋਂ ਵੰਡੇ ਗਏ। ਇਸ ਸਮਾਗਮ ਵਿਚ ਸ੍ਰੀ ਪਵਨ ਦੀਵਾਨ, ਚੇਅਰਮੈਨ, ਪੰਜਾਬ ਲਾਰਜ ਇੰਡਸਟਰੀ ਡਿਵੈਪਲਮੈਂਟ ਬੋਰਡ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ
ਸ੍ਰੀ ਮਨੀਸ਼ ਤਿਵਾੜੀ, ਐਮ.ਪੀ ਵਲੋਂ ਆਪਣੇ ਸੰਬੋਧਨ ਵਿਚ ਕਿਹਾ ਕਿ ਕਾਰਪੋਰੇਸ਼ਨ ਵਲੋਂ ਸਮਾਜ ਦੇ ਗਰੀਬ ਵਰਗ ਦੀ ਭਲਾਈ ਅਤੇ ਉਨਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਕਰਜੇ ਦੇ ਕੇ ਰੁਜਗਾਰ ਸਥਾਪਤ ਕਰਨ ਵਿਚ ਸਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਅੱਜ ਪੰਜਾਬ ਦੇ ਮੈਂਬਰ ਪਾਰਲੀਮੈਂਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਰਹੇ ਹਨ ।ਇਸ ਮੀਟਿੰਗ ਵਿੱਚ ਅਸੀਂ ਗੱਲ ਕਹਾਂਗੇ ਕਿ ਐੱਸਸੀ ਭਾਈਚਾਰੇ ਦੇ ਲੋਕਾਂ ਨੂੰ ਸੁਸਾਇਟੀਆਂ ਵੱਲੋਂ ਦਿੱਤੇ 2 ਲੱਖ ਤੱਕ ਦੇ ਕਰਜ਼ੇ ਨੂੰ ਵੀ ਮੁਆਫ ਕੀਤਾ ਜਾਵੇ l ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨਾਂ ਵੱਲੋਂ ਬੈਂਕਾਂ ਤੋਂ ਲਏ ਕਰਜ਼ਿਆਂ ਨੂੰ ਕਾਂਗਰਸ ਸਰਕਾਰ ਨੇ ਮੁਆਫ਼ ਕੀਤਾ ਹੈ ਪਰ ਅੱਜ ਮੁੱਖ ਮੰਤਰੀ ਨੂੰ ਇਹ ਅਪੀਲ ਵੀ ਕੀਤੀ ਜਾਵੇਗੀ ਕਿ ਕਿਸਾਨਾਂ ਵੱਲੋ ਸੁਸਾਇਟੀਆਂ ਤੋਂ ਲਏ ਗਏ ਕਰਜ਼ਿਆਂ ਤੇ ਲੀਕ ਮਾਰਨ ਲਈ ਵੀ ਗੌਰ ਕੀਤੀ ਜਾਵੇ l ਸ੍ਰੀ ਮਨੀਸ਼ ਤਿਵਾੜੀ ਵਲੋਂ ਲਾਭਪਾਤਰੀਆਂ ਨੂੰ ਕਰਜੇ ਦੀ ਸੁਯੋਗ ਵਰਤੋਂ ਕਰਕੇ ਆਪਣੇ ਰੁਜਗਾਰ ਨੂੰ ਕਾਮਯਾਬ ਕਰਨ ਦੀ ਪ੍ਰੇਰਨਾ ਦਿੱਤੀ ਗਈ। ਸ੍ਰੀ ਤਿਵਾੜੀ ਵਲੋਂ ਕਾਰਪੋਰੇਸ਼ਨ ਦੇ ਚੇਅਰਮੈਨ, ਸ੍ਰੀ ਸੂਦ ਦੀ ਉਨਾਂ ਵਲੋਂ ਕਾਰਪੋਰੇਸ਼ਨ ਵਿਚ ਕੀਤੇ ਗਏ ਨਵੇਂ ਸੁਧਾਰਾਂ ਦੀ ਵੀ ਪ੍ਰਸੰਸਾ ਕੀਤੀ ਗਈ।
ਕਾਰਪੋਰੇਸ਼ਨ ਦੇ ਚੇਅਰਮੈਨ, ਇੰਜ: ਮੋਹਨ ਲਾਲ ਸੂਦ ਨੇ ਦੱਸਿਆ ਕਿ ਮੁੱਖ ਮੰਤਰੀ ਜੀ ਵਲੋਂ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਅਨੁਸਾਰ ਸਭ ਤੋਂ ਪਹਿਲਾਂ ਅਨੁਸੂਚਿਤ ਜਾਤੀਆਂ ਦੇ ਕਰਜਦਾਰਾਂ ਦਾ 50,000/- ਰੁ: ਤੱਕ ਦਾ ਕਰਜਾ ਮਾਫ ਕਰਕੇ 14260 ਲਾਭਪਾਤਰੀਆਂ ਨੂੰ 45.41 ਕਰੋੜ ਰੁ: ਦੀ ਵੱਡੀ ਰਾਹਤ ਦੇ ਕੇ ਇਕ ਸ਼ਲਾਘਾਯੋਗ ਕੰਮ ਕੀਤਾ ਹੈ। ਉਨਾਂ ਨੇ ਇਹ ਵੀ ਦੱਸਿਆ ਕਿ ਸਾਲ 2019-20 ਦੌਰਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ੇਸ਼ ਕਰਜਾ ਮੁਹਿੰਮ ਚਲਾ ਕੇ 1779 ਲਾਭਪਾਤਰੀਆਂ ਨੂੰ 15.35 ਕਰੋੜ ਰੁ: ਦੇ ਕਰਜੇ (ਸਮੇਤ ਸਬਸਿਡੀ) ਵੰਡੇ ਗਏ। ਉਨਾਂ ਨੇ ਦੱਸਿਆ ਕਿ ਸਾਲ 2020-21 ਦੌਰਾਨ ਕੋਵਿਡ ਦੀ ਮਹਾਂਮਾਰੀ ਦੌਰਾਨ ਲਾਕਡਾਊਨ ਹੋਣ ਦੇ ਬਾਵਜੂਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕਰਜਾ ਵੰਡ ਮੁਹਿੰਮ ਅਧੀਨ 2116 ਲਾਭਪਾਤਰੀਆਂ ਨੂੰ 22.94 ਕਰੋੜ ਦਾ ਕਰਜਾ (ਸਮੇਤ ਸਬਸਿਡੀ) ਉਪਲਬਧ ਕਰਵਾ ਕੇ ਗਰੀਬ ਅਨੁਸੂਚਿਤ ਜਾਤੀਆਂ ਦੇ ਕਾਰੋਬਾਰ ਸ਼ੁਰੂ ਕਰਵਾਉਣ ਵਿਚ ਮਹੱਤਵਪੂਰਨ ਰੋਲ ਅਦਾ ਕੀਤਾ ਗਿਆ।
ਚੇਅਰਮੈਨ ਸ੍ਰੀ ਸੂਦ ਨੇ ਅੱਗੇ ਹੋਰ ਦੱਸਿਆ ਕਿ ਚਾਲੂ ਮਾਲੀ ਵਰੇ ਦੌਰਾਨ ਕਾਰਪੋਰੇਸ਼ਨ ਦੀ ਸਥਾਪਨਾ ਦਾ ਗੋਲਡਨ ਜੁਬਲੀ ਵਰਾ ਮਨਾਉਂਦੇ ਹੋਏ 6400 ਲਾਭਾਪਾਤਰੀਆਂ ਨੂੰ ਲੱਗਭੱਗ 40.00 ਕਰੋੜ ਰੁ: ਦਾ ਕਰਜਾ / ਸਬਸਿਡੀ ਵੰਡਣ ਦਾ ਟੀਚਾ ਰੱਖਿਆ ਗਿਆ ਹੈ ਜਿਸ ਵਿਚ ਸਿੱਧਾ ਕਰਜਾ ਸਕੀਮ ਅਧੀਨ ਕਰਜੇ ਵੰਡਣ ਦਾ ਟੀਚਾ 500.00 ਲੱਖ ਰੁ: ਤੋਂ ਵਧਾ ਕੇ 1000.00 ਲੱਖ ਰੁ: ਕਰ ਦਿੱਤਾ ਗਿਆ।
ਇਸ ਮੌਕੇ ਤੇ ਸ੍ਰੀ ਅਵਤਾਰ ਸਿੰਘ, ਜਿਲਾ ਮੈਨੇਜਰ, ਸ੍ਰੀ ਮਹਿੰਦਰ ਸਿੰਘ, ਜਿਲਾ ਮੈਨੇਜਰ, ਸ੍ਰੀ ਰਾਜਿੰਦਰ ਸਿੰਘ ਨਿਜੀ ਸਕੱਤਰ/ਚੇਅਰਮੈਨ, ਬੁੱਧ ਸਿੰਘ, ਸਹਾਇਕ ਜਿਲਾ ਮੈਨੇਜਰ, ਸੁਖਰਾਮ, ਸਹਾਇਕ ਜਿਲਾ ਮੈਨੇਜਰ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ l

Spread the love