ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਸਾਰਿਆਂ ਨੂੰ ਤੰਦਰੁਸਤ ਰਹਿਣਾ ਦਾ ਦਿੱਤਾ ਸੁਨੇਹਾ
ਐਸ.ਏ.ਐਸ. ਨਗਰ ( ਮੋਹਾਲੀ / ਚੰਡੀਗੜ੍ਹ ) 7 ਫਰਵਰੀ, 2024
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਜੀ ਵੱਲੋਂ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਬੋਨ ਐਂਡ ਜੁਆਇੰਟ ਕਲੀਨਿਕ, ਫੇਸ 11, ਮੋਹਾਲੀ ਤੋਂ ਆਏ ਡਾ. ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਮੁਲਾਜਮਾਂ ਦਾ ਚੈੱਕਅਪ ਕੀਤਾ। ਇਸ ਦੌਰਾਨ ਬਲੱਡ ਪ੍ਰੈਸ਼ਰ, ਬਲੱਡ ਸੂਗਰ ਸਮੇਤ ਸਰੀਰ ਨਾਲ ਜੁੜੇ ਹੋਰ ਵੀ ਕਈ ਤਰ੍ਹਾਂ ਦੇ ਟੈਸਟ ਕੀਤੇ ਗਏ। ਡਾਕਟਰਾਂ ਵੱਲੋਂ ਜਿੱਥੇ ਸਾਰੇ ਸਟਾਫ ਦੇ ਟੈਸਟ ਅਤੇ ਚੈੱਕਅਪ ਕੀਤਾ ਗਿਆ, ਉੱਥੇ ਹੀ ਦਵਾਈਆਂ ਦੇਣ ਦੇ ਨਾਲ-ਨਾਲ ਬਿਮਾਰੀਆਂ ਤੋਂ ਬਚਣ ਅਤੇ ਪਰਹੇਜ ਬਾਰੇ ਵਿਸਥਾਰ ਵਿੱਚ ਜਾਣਕਾਰੀ ਵੀ ਦਿੱਤੀ ਗਈ।
ਕੈਂਪ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਮਨੁੱਖ ਦਾ ਸ਼ਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣਾ ਬਹੁਤ ਜਰੂਰੀ ਹੈ। ਇਸ ਲਈ ਸਾਰੀਆਂ ਨੂੰ ਜਿੱਥੇ ਵੱਖ-ਵੱਖ ਸ਼ਰੀਰਕ ਗਤੀਵਿਧਿਆਂ ਵਿੱਚ ਭਾਗ ਲੈਣਾ ਚਾਹੀਦਾ ਹੈ, ਉੱਥੇ ਹੀ ਸਮੇਂ ਸਿਰ ਆਪਣੇ ਸ਼ਰੀਰ ਦਾ ਚੈੱਕਅਪ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ, ਤਾਂ ਜੋ ਇੱਕ ਖੁਸ਼ਹਾਲ ਸਮਾਜ ਦਾ ਨਿਰਮਾਣ ਹੋ ਸਕੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਿਹਤ ਨੂੰ ਮੁੱਖ ਰਖਦੀਆਂ ਅਜਿਹੇ ਕੈਂਪ ਭਵਿੱਖ ਵਿੱਚ ਵੀ ਲਗਵਾਏ ਜਾਂਦੇ ਰਹਿਣਗੇ। ਇਸ ਮੌਕੇ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਸਕੱਤਰ ਪੰਜਾਬ ਮੰਡੀ ਬੋਰਡ, ਸ. ਗੁਰਦੀਪ ਸਿੰਘ ਇੰਜੀਨੀਅਰ-ਇਨ-ਚੀਫ਼, ਸ. ਗੁਰਿੰਦਰ ਸਿੰਘ ਚੀਮਾ, ਮੁੱਖ ਇੰਜੀਨੀਆਰ, ਇਗਨਾਇਟੇਡ ਇੰਡੀਆ ਫਾਰਮਾਸੂਟਿਕਲ ਤੋਂ ਰਤਨ ਰਿਸ਼ੀ, ਸਨਫਾਰਮਾ ਲਿਮ. ਤੋਂ ਗੁਲਸ਼ਨ ਜੋਸ਼ੀ ਸਮੇਤ ਮੰਡੀ ਬੋਰਡ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।