ਪੰਜਾਬ ਵਿਚ ਅਜਾਇਬ ਘਰ 10 ਅਪ੍ਰੈਲ ਤੱਕ ਬੰਦ ਰਹਿਣਗੇ

ਚੰਡੀਗੜ੍ਹ, 25 ਮਾਰਚ: ਰਾਜ ਭਰ ਵਿੱਚ ਕੋਵਿਡ-19 ਮਾਮਲਿਆਂ ਵਿੱਚ ਅਚਾਨਕ ਹੋਏ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬ ਸਰਕਾਰ ਨੇ 10 ਅਪ੍ਰੈਲ, 2021 ਤੱਕ ਆਮ ਲੋਕਾਂ ਲਈ ਅਜਾਇਬ ਘਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਵਿਰਾਸਤ-ਏ-ਖਾਲਸਾ ਨੂੰ ਵੀ ਪ੍ਰਭਾਵਿਤ ਪ੍ਰਭਾਵ ਨਾਲ ਬੰਦ ਕੀਤਾ ਜਾਵੇਗਾ।
ਸਿੱਖ ਵਿਰਾਸਤ ਅਤੇ ਸਭਿਆਚਾਰ ਦੇ ਇਸ ਵਿਸ਼ਵ ਪ੍ਰਸਿੱਧ ਅਜਾਇਬ ਘਰ ਵਿੱਚ ਜਨਤਕ ਪ੍ਰਵੇਸ਼ ਕਰਨ ਤੇ ਸਖਤੀ ਨਾਲ ਪਾਬੰਦੀ ਹੋਵੇਗੀ।
ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਉਹ ਇਸ ਮਾਰੂ ਵਾਇਰਸ ਦੇ ਹੋਰ ਵਧਣ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀਆਂ ਸਿਹਤ ਸਬੰਧੀ ਸਲਾਹਾਂ/ਹਦਾਇਤਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਸਮਾਗਮਾਂ ਵਿਚ ਹਿੱਸਾ ਲੈਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਵੱਡੀ ਗਿਣਤੀ ਵਿਚ ਇਕ ਜਗ੍ਹਾ ਇਕੱਤਰ ਨਾ ਹੋਣ।ਉਹ ਨੂੰ ਹਰ ਸਮੇਂ ਮਾਸਕ ਲਗਾ ਕੇ ਰੱਖਣ, ਸਮਾਜਕ ਦੂਰੀ ਬਣਾਈ ਰੱਖਣ ਅਤੇ ਨਿਯਮਤ ਅੰਤਰਾਲਾਂ `ਤੇ ਆਪਣੇ ਹੱਥਾਂ ਨੂੰ ਸੈਨੀਟਾਈਜ ਕਰਦੇ ਰਹਿਣ।

Spread the love