ਪੀਏਯੂ ਸੈਨੇਟ ਦੀ ਚੋਣ ਚੌਥੀ ਵਾਰ ਨਿਲੰਬਿਤ ਕੀਤੇ ਜਾਣ ਦੀ ਐਮ.ਪੀ ਤਿਵਾੜੀ ਨੇ ਕੀਤੀ ਨਿੰਦਾ

ਮੁਹਾਲੀ, 23 ਅਗਸਤ 2021 ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗਡ਼੍ਹ ਦੀ ਸੀਨੇਟ ਦੀ ਚੋਣ ਨੂੰ ਚੌਥੀ ਵਾਰ ਨਿਲੰਬਿਤ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਜਿਨ੍ਹਾਂ ਨੇ ਇਸ ਕਦਮ ਨੂੰ ਦੇਸ਼ ਦੇ ਲੋਕਤਾਂਤਰਿਕ ਢਾਂਚੇ ਅਤੇ ਸਿੱਖਿਆ ਸੁਧਾਰਾਂ ਦੀ ਸੋਚ ਦੇ ਖ਼ਿਲਾਫ਼ ਦੱਸਿਆ ਹੈ।
ਇਥੇ ਜਾਰੀ ਇਕ ਬਿਆਨ ਚ ਐਮ.ਪੀ ਤਿਵਾੜੀ, ਜਿਹੜੇ ਖੁਦ ਵੀ ਯੂਨੀਵਰਸਿਟੀ ਦੇ ਐਲੂਮਨਾਈ ਮੈਂਬਰ ਹਨ, ਨੇ ਇਸ ਕਦਮ ਨੂੰ ਪੰਜਾਬ ਯੂਨੀਵਰਸਟੀ ਵਰਗੀ ਮਹਾਨ ਸੰਸਥਾ ਤੋਂ ਐਲੂਮਨਾਈ ਨੂੰ ਦੂਰ ਕਰਨ ਦੀ ਕੋਸ਼ਿਸ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਾਲ 1882 ਚ ਯੂਨੀਵਰਸਿਟੀ ਆਫ ਪੰਜਾਬ ਵਜੋਂ ਲਾਹੌਰ (ਹੁਣ ਪਾਕਿਸਤਾਨ) ਚ ਸਥਾਪਤ ਕੀਤੀ ਗਈ ਇਸ ਮਹਾਨ ਸੰਸਥਾ ਦਾ ਦੇਸ਼ ਦੀ ਚੌਥੀ ਸਭ ਤੋਂ ਵੱਡੀ ਸਿੱਖਿਆ ਸੰਸਥਾ ਵਜੋਂ ਮਹਾਨ ਇਤਿਹਾਸ ਹੈ। ਜਿਸਨੂੰ 1947 ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਨਵੇਂ ਸਥਾਪਿਤ ਸ਼ਹਿਰ ਚੰਡੀਗਡ਼੍ਹ ਚ ਮੁੜ ਗਠਿਤ ਕੀਤਾ ਗਿਆ ਅਤੇ ਪੰਜਾਬ ਦੇ 6 ਜ਼ਿਲ੍ਹਿਆਂ ਤੋਂ ਕਰੀਬ ਇੱਕ 188 ਕਾਲਜ ਇਸ ਤੋਂ ਮਾਨਤਾ ਪ੍ਰਾਪਤ ਹਨ।
ਉਨ੍ਹਾਂ ਖੁਲਾਸਾ ਕੀਤਾ ਕਿ ਯੂਨੀਵਰਸਿਟੀ ਦੀ ਆਖ਼ਰੀ ਸੀਨੇਟ ਦਾ ਕਾਰਜਕਾਲ 31 ਅਕਤੂਬਰ, 2020 ਅਤੇ ਸਿੰਡੀਕੇਟ ਦਾ ਕਾਰਜਕਾਲ 31 ਦਸੰਬਰ, 2020 ਸੀ। ਜਿਸ ਤੋਂ ਬਾਅਦ ਯੂਨੀਵਰਸਿਟੀ ਬੀਤੇ ਕਰੀਬ ਇਕ ਸਾਲ ਤੋਂ ਬਿਨਾਂ ਗਵਰਨਿੰਗ ਬਾਡੀ ਤੋਂ ਚੱਲ ਰਹੀ ਹੈ। ਜਿਸਦੀ ਚੋਣ ਨੂੰ ਕੋਰੋਨਾ ਮਹਾਂਮਾਰੀ ਦੇ ਨਾਂ ਤੇ ਨਿਲੰਬਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਭੂਮਿਕਾ ਤੇ ਵੀ ਸਵਾਲ ਖੜ੍ਹੇ ਕੀਤੇ ਹਨ ਅਤੇ ਯੂਨੀਵਰਸਿਟੀ ਦੇ ਕੁਲਪਤੀ ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਲੋਕਤਾਂਤਰਿਕ ਆਤਮਾ ਨੂੰ ਬਚਾਉਣ ਦੀ ਅਪੀਲ ਕੀਤੀ ਹੈ।

Spread the love