ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ

ਅਸੀਂ ਅਮਨ, ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਪੰਜਾਬ ਸਿਰਜਾਂਗੇ: ਅਰਵਿੰਦ ਕੇਜਰੀਵਾਲ
ਮੇਰੇ ਜੀਵਨ ਦੇ ਬਾਕੀ ਰਹਿੰਦੇ ਸਾਹ ‘ਆਪ’ ਅਤੇ ਕੇਜਰੀਵਾਲ ਨੂੰ ਸਮਰਪਿਤ: ਸੇਵਾ ਸਿੰਘ ਸੇਖਵਾਂ
ਕਸ਼ਮੀਰ ਬਾਰੇ ਬੋਲੇ ਕੇਜਰੀਵਾਲ: ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇੱਕ ਹੈ ਭਾਰਤ
ਗੁਰਦਾਸਪੁਰ/ਅੰਮ੍ਰਿਤਸਰ, 26 ਅਗਸਤ 2021
ਅੱਜ ਆਮ ਆਦਮੀ ਪਾਰਟੀ (ਆਪ) ਨੂੰ ਮਾਝਾ ਸਮੇਤ ਪੂਰੇ ਪੰਜਾਬ ‘ਚ ਵੱਡੀ ਮਜ਼ਬੂਤੀ ਮਿਲੀ, ਜਦੋਂ ਪੰਜਾਬ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਗਏ। ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ਪਾਰਟੀ ਦੀ ਸਮੁੱਚੀ ਪੰਜਾਬ ਇਕਾਈ ਨੇ ਸੇਵਾ ਸਿੰਘ ਸੇਖਵਾਂ ਅਤੇ ਉਨਾਂ ਦੇ ਬੇਟੇ ਜਗਰੂਪ ਸਿੰਘ ਸੇਖਵਾਂ ਦੀ ਪਾਰਟੀ ‘ਚ ਰਸਮੀ ਸ਼ਮੂਲੀਅਤ ਕਰਵਾ ਕੇ ਸੇਖਵਾਂ ਪਰਿਵਾਰ ਅਤੇ ਸਾਰੇ ਸਾਥੀਆਂ- ਸਮਰਥਕਾਂ ਦਾ ਸਵਾਗਤ ਕੀਤਾ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘਵ ਚੱਢਾ ਨਾਲ ਵੀਰਵਾਰ ਸਵੇਰੇ ਨੂੰ ਦਿੱਲੀ ਤੋਂ ਸ਼੍ਰੀ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ ਅਤੇ ਉਥੋਂ ਪਾਰਟੀ ਪ੍ਰਧਾਨ ਭਗਵੰਤ ਮਾਨ ਸਮੇਤ ਪੰਜਾਬ ਦੇ ਆਗੂਆਂ ਨਾਲ ਕਾਫ਼ਲੇ ਦੇ ਰੂਪ ‘ਚ ਗੁਰਦਾਸਪੁਰ ਜ਼ਿਲੇ ਦੇ ਪਿੰਡ ਸੇਖਵਾਂ ‘ਚ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਘਰ ਪੁੱਜੇ। ਜਿਥੇ ਉਨਾਂ ਜਥੇਦਾਰ ਸੇਖਵਾਂ ਦਾ ਹਾਲ ਜਾਣਿਆ ਅਤੇ ਸੇਖਵਾਂ ਪਰਿਵਾਰ ਨੂੰ ਪਾਰਟੀ ‘ਚ ਸ਼ਾਮਲ ਕੀਤਾ।
ਅਰਵਿੰਦ ਕੇਜਰੀਵਾਲ ਨੇ ਕਿਹਾ, ‘ਪੰਜਾਬ ਦੇ ਵਿਕਾਸ ‘ਚ ਸੇਵਾ ਸਿੰਘ ਸੇਖਵਾਂ ਅਤੇ ਉਨਾਂ ਦੇ ਪਰਿਵਾਰ ਦਾ ਵੱਡਾ ਯੋਗਦਾਨ ਹੈ। ਸੇਵਾ ਸਿੰਘ ਸੇਖਵਾਂ ਸਾਡੇ ਬਜ਼ੁਰਗ ਹਨ ਅਤੇ ਅਸੀਂ ਇਨਾਂ ਤੋਂ ਅਸ਼ੀਰਵਾਦ ਲੈਣ ਲਈ ਆਏ ਹਾਂ। ਅਸੀਂ ਚਾਹੁੰਦੇ ਹਾਂ ਕਿ ਜਥੇਦਾਰ ਸੇਖਵਾਂ ਸਾਡਾ ਮਾਰਗ ਦਰਸ਼ਨ ਕਰਦੇ ਰਹਿਣ।’
ਕੇਜਰੀਵਾਲ ਨੇ ਅੱਗੇ ਕਿਹਾ ਕਿ ਉੁਹ ਰਾਜਨੀਤੀ ਨਹੀਂ ਕਰਨ ਆਏ ਸਗੋਂ ਇੱਕ ਮਿਸ਼ਨ ਲੈ ਕੇ ਚੱਲੇ ਹਾਂ ਕਿ ਅਮੀਰ- ਗਰੀਬ ਨੂੰ ਚੰਗਾ ਇਲਾਜ, ਬੱਚਿਆਂ ਨੂੰ ਚੰਗੀ ਸਿੱਖਿਆ, ਸਸਤੀ ਅਤੇ ਨਿਰਵਿਘਣ ਬਿਜਲੀ ਅਤੇ ਹੋਰ ਸਹੂਲਤਾਵਾਂ ਜ਼ਰੂਰ ਮਿਲਣ। ਭ੍ਰਿਸ਼ਟਾਚਾਰੀ ਅਤੇ ਮਾਫੀਆ ਰਾਜ ਤੋਂ ਮੁਕਤੀ ਅਤੇ ਸਭ ਨੂੰ ਇਨਸਾਫ਼ ਮਿਲੇ। ਉਨਾਂ ਕਿਹਾ ਕਿ ਸੇਵਾ ਸਿੰਘ ਸੇਖਵਾਂ ਦਾ ‘ਆਪ’ ਦੇ ਪਰਿਵਾਰ ਵਿੱਚ ਆਉਣ ਨਾਲ ਉਨਾਂ ਦੇ ਮਿਸ਼ਨ ਨੂੰ ਵੱਡਾ ਬੱਲ ਮਿਲੇਗਾ।
ਇੱਕ ਸਵਾਲ ਦੇ ਜਵਾਬ ‘ਚ ਅਰਵਿੰਦ ਕੇਜਰੀਵਾਲ ਨੇ ਕਿਹਾ, ”ਪੰਜਾਬ ਦੇਸ਼ ਦਾ ਨੰਬਰ ਇੱਕ ਸੂਬਾ ਸੀ। ਇਸ ਲਈ ਅਸੀਂ ਅਮਨ, ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਪੰਜਾਬ ਮੁੜ ਸਿਰਜਾਂਗੇ। ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਇੱਥੇ ਦੇਸ਼ ਨੂੰ ਤੋੜਨ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ ਕਿਉਂਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਭਾਰਤ ਇੱਕ ਹੈ।”
ਇਸ ਮੌਕੇ ‘ਆਪ’ ਸੁਪਰੀਮੋਂ ਕੇਜਰੀਵਾਲ ਦਾ ਸਵਾਗਤ ਕਰਦਿਆਂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ, ”ਕੇਜਰੀਵਾਲ ਦਰਵੇਸ਼ ਵਿਅਕਤੀ ਹਨ, ਜਿਨਾਂ ਮੇਰਾ ਹਾਲ ਜਾਣਨ ਲਈ ਐਨਾ ਲੰਮਾ ਪੈਂਡਾ ਤੈਅ ਕੀਤਾ। ਮੇਰੇ ਜੀਵਨ ਦੇ ਬਾਕੀ ਰਹਿੰਦੇ ਸਾਹ ‘ਆਪ’ ਅਤੇ ਕੇਜਰੀਵਾਲ ਨੂੰ ਸਮਰਪਿਤ ਹਨ। ਮੈਂ ਕਿਸੇ ਵੀ ਰੂਪ ‘ਚ ਆਮ ਆਦਮੀ ਪਾਰਟੀ ਲਈ ਜੋ ਕੁੱਝ ਵੀ ਕਰ ਸਕਦਾ ਹਾਂ ਉਹ ਜ਼ਰੂਰ ਕਰਾਂਗਾ।” ਉਨਾਂ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨਾਂ ਦਾ ਹਾਲ- ਚਾਲ ਪੁੱਛਣ ਆਏ ਹਨ। ਜਦੋਂ ਕਿ ਉਨਾਂ ਦਾ ਕੇਜਰੀਵਾਲ ‘ਤੇ ਕੋਈ ਅਹਿਸਾਨ ਨਹੀਂ ਹੈ। ਸੇਖਵਾਂ ਨੇ ਉਦਾਸੀ ਦਾ ਪ੍ਰਗਟਾਵਾ ਕਰਦਿਆਂ ਕਿਹਾ, ” ਮੈਂ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਅਕਾਲੀ ਦਲ ਦੀ ਸੇਵਾ ‘ਚ ਲਾਇਆ ਹੈ, ਪ੍ਰੰਤੂ ਮੇਰੇ ਪੁਰਾਣੇ ਸਾਥੀਆਂ ਵਿਚੋਂ ਕੋਈ ਵੀ ਮੈਨੂੰ ਅੱਜ ਤੱਕ ਮਿਲਣ ਨਹੀਂ ਆਇਆ।”
ਬਾਕਸ ਲਈ – ਪਿੰਡ ਸੇਖਵਾਂ ਦੌਰੇ ਉਪਰੰਤ ਦਿੱਲੀ ਵਾਪਸੀ ‘ਤੇ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਗੈਸਟ ਹਾਊਸ ‘ਚ ਪੰਜਾਬ ਦੇ ਆਗੂਆਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਬੈਠਕ ਵਿੱਚ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸਮੇਤ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ, ਕੁੰਵਰ ਵਿਜੈ ਪ੍ਰਤਾਪ ਸਿੰਘ, ਵਿੱਧਾਇਕ ਕੁਲਤਾਰ ਸਿੰਘ ਸੰਧਵਾਂ, ਸਰਬਜੀਤ ਕੌਰ ਮਾਣੂੰਕੇ, ਪ੍ਰਿੰਸੀਪਲ ਬੁੱਧਰਾਮ, ਪ੍ਰੋ. ਬਲਜਿੰਦਰ ਕੌਰ, ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ, ਅਮਰਜੀਤ ਸਿੰਘ ਸੰਦੋਆ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸਕੱਤਰ ਗਗਨਦੀਪ ਸਿੰਘ ਚੱਢਾ ਸਮੇਤ ਹੋਰ ਆਗੂ ਹਾਜ਼ਰ ਸਨ।

Spread the love