ਟੀਬੀ ਮੁਕਤ ਭਾਰਤ 2025 ਤਹਿਤ…
ਫਾਜ਼ਿਲਕਾ, 13 ਫਰਵਰੀ 2024
ਸਿਵਲ ਸਰਜਨ ਫਾਜ਼ਿਲਕਾ ਡਾ: ਕਵਿਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਟੀ.ਬੀ ਅਫ਼ਸਰ ਡਾ: ਨੀਲੂ ਚੁੱਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਦੀ ਦੇਖ-ਰੇਖ ਹੇਠ ਟੀ.ਬੀ.ਮੁਕਤ ਭਾਰਤ 2025 ਦੇ ਤਹਿਤ ਬਲਾਕ ਖੂਈਖੇੜਾ ਅਧੀਨ ਪੈਂਦੇ ਪਿੰਡ ਲੱਖੇਵਾਲੀ ਢਾਬ ਵਿਖੇ ਸਰਪੰਚ ਕੁਲਦੀਪ ਸਿਆਗ ਦੇ ਸਹਿਯੋਗ ਨਾਲ ਇੱਕ ਰੋਜ਼ਾ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਟੀਬੀ ਮੁਕਤ ਭਾਰਤ ਤਹਿਤ ਬਲਾਕ ਖੂਈਖੇੜਾ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿੱਚ ਸਮੇਂ-ਸਮੇਂ ‘ਤੇ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਬਲਾਕ ਖੂਈਖੇੜਾ ਅਧੀਨ ਪੈਂਦੇ ਪਿੰਡ ਲੱਖੇਵਾਲੀ ਢਾਬ ਵਿਖੇ ਇੱਕ ਰੋਜ਼ਾ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਦੌਰਾਨ ਐਸ.ਟੀ.ਐਸ ਜੋਤੀ ਰਾਣੀ ਨੇ ਪਿੰਡ ਦੇ ਲੋਕਾਂ ਨੂੰ ਟੀ.ਬੀ ਦੇ ਲੱਛਣਾਂ ਅਤੇ ਇਸ ਤੋਂ ਬਚਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਦੇ ਨਾਲ ਹੀ ਕੈਂਪ ਦੌਰਾਨ ਪਿੰਡ ਦੇ ਸੀਐਚਓ ਸੰਜੇ ਮਧਾਣੀਆਂ , ਏਐਨਐਮ ਰਜਨੀ ਬਾਲਾ, ਸਿਹਤ ਕਰਮਚਾਰੀ ਵਿਨੋਦ ਕੁਮਾਰ ਵੱਲੋਂ ਪਿੰਡ ਦੇ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦੌਰਾਨ 42 ਦੇ ਕਰੀਬ ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 9 ਵਿਅਕਤੀਆਂ ਵਿੱਚ ਟੀਬੀ ਦੇ ਲੱਛਣ ਪਾਏ ਗਏ ਜਿਨ੍ਹਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਰੈਫਰ ਕੀਤਾ ਗਿਆ।