ਆਖਰ ਸੱਚ ਦੀ ਹੋਈ ਜਿੱਤ, ਆਪ ਦੇ ਸੀਨੀਅਰ ਆਗੂ ਸ੍ਰੀ ਮਨੀਸ਼ ਸਿਸੋਦੀਆ ਨੂੰ ਮਿਲੀ ਜਮਾਨਤ ਤੇ ਸੁਪਰੀਮ ਕੋਰਟ ਦਾ ਕੀਤਾ ਧੰਨਵਾਦ
ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਜਲਦ ਇੰਨਸਾਫ ਮਿਲਣ ਦੀ ਪ੍ਰਗਟਾਈ ਆਸ
ਭਾਰਤੀ ਜਨਤਾ ਪਾਰਟੀ ਬਦਲਾਅ ਦੀ ਨਹੀਂ, ਬਦਲੇ ਦੀ ਕਰ ਰਹੀ ਹੈ ਰਾਜਨੀਤੀ
ਮੋਹਾਲੀ / ਚੰਡੀਗੜ੍ਹ, 10 ਅਗਸਤ, 2024
ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਮਨੀਸ਼ ਸਿਸੋਦੀਆ ਨੂੰ ਜਮਾਨਤ ਮਿਲਣ ਤੇ ਖੁਸ਼ੀ ਜਾਹਰ ਕਰਦਿਆਂ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ। ਇਸ ਨੂੰ ਸੱਚ ਦੀ ਜਿੱਤ ਕਰਾਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਮਾਨਯੋਗ ਸੁਪਰੀਮ ਕੋਰਟ ਤੇ ਪੂਰਾ ਯਕੀਨ ਸੀ, ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਦਲੇ ਦੀ ਭਾਵਨਾ ਅਤੇ ਵਿਰੋਧੀਆਂ ਨੂੰ ਦਬਾਉਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਹੋਇਆ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਜੇਲ ਭੇਜਿਆ ਜਾ ਰਿਹਾ ਹੈ ਅਤੇ ਸੁਪਰੀਮ ਕੋਰਟ ਦੇ ਫੈਸਲੇ ਨੇ ਕੇਂਦਰ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਇਆ ਨੂੰ ਕਰਾਰਾ ਜਵਾਬ ਦਿੱਤਾ ਹੈ। ਇਹ ਫੈਸਲਾ ਨਿਆਂ ਪ੍ਰਣਾਲੀ ਅਤੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਤੇ ਵਿਸ਼ਵਾਸ ਦੀ ਜਿੱਤ ਹੈ।
ਉਨ੍ਹਾਂ ਕਿਹਾ ਕਿ ਸੱਚ ਨੂੰ ਸਾਹਮਣੇ ਆਉਣ ਵਿੱਚ ਸਮਾਂ ਤਾ ਲੱਗ ਸਕਦਾ ਹੈ, ਪਰ ਇਸ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸਰਕਾਰੀ ਏਜੰਸੀਆਂ ਦਾ ਗਲਤ ਇਸਤੇਮਾਲ ਕਰਦੇ ਹੋਏ 17 ਮਹੀਨਿਆਂ ਤੱਕ ਸ੍ਰੀ ਮਨੀਸ਼ ਸਿਸੋਦਿਆ ਨੂੰ ਜੇਲ ਵਿੱਚ ਬੰਦ ਕਰ ਕੇ ਰੱਖਿਆ ਗਿਆ। ਜੇਕਰ ਉਨ੍ਹਾਂ ਵੱਲੋਂ ਕੋਈ ਘੁਟਾਲਾ ਕੀਤਾ ਹੁੰਦਾ, ਤਾਂ ਇਨ੍ਹੇਂ ਸਮੇਂ ਵਿੱਚ ਕੋਈ ਨਾ ਕੋਈ ਸਬੂਤ ਤਾ ਮਿਲਦਾ। ਪਰ ਇਨ੍ਹਾਂ ਸਮਾਂ ਬੀਤ ਜਾਣ ਮਗਰੋਂ ਵੀ ਕੇਂਦਰੀ ਜਾਂਚ ਏਜੰਸੀਆਂ ਨੂੰ ਉਨ੍ਹਾਂ ਖਿਲਾਫ਼ ਕੋਈ ਸਬੂਤ ਨਹੀਂ ਮਿਲਿਆ। ਇਹ ਸਭ ਕਾਰਵਾਈ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਨੂੰ ਜਾਹਰ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਲਗਾਤਾਰ ਵਿਰੋਧੀਆਂ ਪਾਰਟੀਆਂ ਖਿਲਾਫ਼ ਝੂਠੇ ਕੇਸ ਦਰਜ਼ ਕਰਕੇ ਜਾਂਚ ਨੂੰ ਲੰਮਾ ਖਿੱਚਿਆ ਜਾਂਦਾ ਹੈ, ਤਾਂ ਜੋ ਲੋਕਾਂ ਨੂੰ ਵਰਗਲਾਇਆ ਜਾ ਸਕੇ।
ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਕਿਹਾ ਕਿ ਸ੍ਰੀ ਮਨੀਸ਼ ਸਿਸੋਦੀਆ ਵੱਲੋਂ ਬੱਚਿਆ ਨੂੰ ਚੰਗੀ ਸਿੱਖਿਆ ਦੇਣ ਲਈ ਦਿੱਲੀ ਵਿੱਚ ਕੀਤੇ ਗਏ ਮਿਸਾਲੀ ਕੰਮਾ ਬਾਰੇ ਪੂਰਾ ਦੇਸ਼ ਜਾਣਦਾ ਹੈ। ਉਨ੍ਹਾਂ ਵੱਲੋਂ ਸਿੱਖਿਆ ਪ੍ਰਣਾਲੀ ਵਿੱਚ ਲਿਆਂਗੇ ਗਏ ਕ੍ਰਾਂਤੀਕਾਰੀ ਬਦਲਾਅ ਦਾ ਨਤੀਜਾ ਹੈ ਕਿ ਅੱਜ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਕਾਫੀ ਸੁਧਾਰ ਹੋ ਗਿਆ ਹੈ ਅਤੇ ਬੱਚਿਆ ਦੇ ਨਤੀਜੇ ਵੀ ਚੰਗੇ ਆ ਰਹੇ ਹਨ। ਸ. ਬਰਸਟ ਨੇ ਆਸ ਪ੍ਰਗਟਾਈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਵੀ ਜਲਦ ਹੀ ਇਨਸਾਫ ਮਿਲੇਗਾ ਅਤੇ ਭਾਜਪਾ ਦਾ ਲੋਕ ਵਿਰੋਧੀ ਅਸਲੀ ਚਹਿਰਾ ਲੋਕਾਂ ਸਾਹਮਣੇ ਆਵੇਗਾ।