ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਮੰਤਰੀ ਸੁੰਦਰ ਸ਼ਾਮ ਅਰੋੜਾ ਵਿਰੁੱਧ ਹੁਸ਼ਿਆਰਪੁਰ ’ਚ ‘ਆਪ’ ਨੇ ਕੀਤਾ ਰੋਸ ਪ੍ਰਦਰਸ਼ਨ

ਲੈਂਡ ਮਾਫ਼ੀਆ ਮੰਤਰੀ ਨੂੰ ਬਰਖਾਸਤ ਕਰਕੇ ਮੁਕੱਦਮਾ ਦਰਜ ਕੀਤਾ ਜਾਵੇ: ਬ੍ਰਹਮ ਸ਼ੰਕਰ ਜਿੰਪਾ
ਹੁਸ਼ਿਆਰਪਰ ਸਮੇਤ ਦਸੂਹਾ, ਮੁਕੇਰੀਆਂ, ਟਾਂਡਾ, ਚੱਬੇਵਾਲ ਅਤੇ ਹੋਰ ਹਲਕਿਆਂ ਦੇ ਆਗੂਆਂ ਨੇ ਕੀਤੀ ਸ਼ਿਰਕਤ
ਹੁਸ਼ਿਆਰਪੁਰ, 20 ਅਗਸਤ 2021
ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਕਾਂਗਰਸ ਦੇ ਭ੍ਰਿਸ਼ਟ ਮੰਤਰੀ ਸੁੰਦਰ ਸ਼ਾਮ ਅਰੋੜਾ ਖ਼ਿਲਾਫ਼ ਜਬਰਦਸਤ ਰੋਸ ਪ੍ਰਦਰਸ਼ਨ ਕਰਕੇ ਮੰਤਰੀ ਦਾ ਪੁਤਲਾ ਫੂਕਿਆ ਗਿਆ। ਵੱਡੀ ਗਿਣਤੀ ‘ਆਪ’ ਵਰਕਰਾਂ ਨੇ ਸੁੰਦਰ ਸ਼ਾਮ ਅਰੋੜਾ ਦੇ ਘਰ ਅੱਗੇ ਪ੍ਰਰਦਸ਼ਨ ਕਰਕੇ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਕਰਨ ਅਤੇ ਅਪਰਾਧਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀ ‘ਆਪ’ ਵਰਕਰਾਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਕਾਂਗਰਸ ਦੇ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਕੀਤੇ ਭ੍ਰਿਸ਼ਟਾਚਾਰ ਦੀ ਸੀ.ਬੀ.ਆਈ ਜਾਂਚ ਕਰਾਉਣ ਲਈ ਉਨ੍ਹਾਂ ਨਾਅਰਾ ਬੁਲੰਦ ਕੀਤਾ, ‘ਸੀ.ਬੀ.ਆਈ ਜਾਂਚ ਕਰਾਓ, ਮੰਤਰੀ ਅਰੋੜਾ ਫੜਾਓ ਅਤੇ ਪੰਜਾਬ ਬਚਾਓ।’ ਬ੍ਰਹਮ ਸ਼ੰਕਰ ਜਿੰਪਾ ਨੇ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਲਾਕਡਾਊਨ ਦੌਰਾਨ ਮੋਹਾਲੀ ਵਿਚਲੀ ਜੇਸੀਟੀ ਕੰਪਨੀ ਦੀ ਸਰਕਾਰੀ ਜਾਇਦਾਦ ਆਪਣੇ ਸਾਥੀਆਂ ਨੂੰ ਕੌਡੀਆ ਦੇ ਮੁੱਲ ਵੇਚ ਦਿੱਤੀ, ਜਿਸ ਕਾਰਨ ਸਰਕਾਰੀ ਖ਼ਜ਼ਾਨੇ 125 ਕਰੋੜ ਦਾ ਨੁਕਸਾਨ ਹੋਇਆ ਅਤੇ ਇਸ ਨੁਕਸਾਨ ਦੀ ਪੁਸ਼ਟੀ ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੰਤਰੀ ਨੇ ਉਦਯੋਗਿਕ ਪਲਾਟਾਂ ਦੀ ਵੰਡ ਵੇਲੇ ਵੀ ਵੱਡਾ ਘੁਟਾਲਾ ਕੀਤਾ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹਿੱਤਾਂ ਨੂੰ ਬਚਾਉਣ ਦੀ ਥਾਂ ਆਪਣੇ ਭ੍ਰਿਸ਼ਟ ਮੰਤਰੀ ਨੂੰ ਬਚਾਅ ਰਿਹਾ ਹੈ।
ਸੂਬਾ ਸੰਯੁਕਤ ਸਕੱਤਰ ਹਰਮਿੰਦਰ ਬਖ਼ਸ਼ੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਭ੍ਰਿਸ਼ਟਾਚਾਰੀਆਂ ਦਾ ਅੱਡਾ ਬਣ ਗਈ ਹੈ, ਜਿਸ ਦਾ ਹਰ ਮੰਤਰੀ ਕਿਸੇ ਨਾ ਕਿਸੇ ਘੋਟਾਲੇ ਵਿੱਚ ਸ਼ਾਮਲ ਹੈ। ਕਾਂਗਰਸ ਦੇ ਮੰਤਰੀ ਜਿੱਥੇ ਸਰਕਾਰੀ ਜਾਇਦਾਦਾਂ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਮੁੱਲ ਵੇਚ ਕੇ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟ ਰਹੇ ਹਨ, ਉਥੇ ਹੀ ਮੰਤਰੀ ਸਾਧੂ ਸਿੰਘ ਧਰਮਸੋਤ ਦਲਿਤ ਵਰਗ ਦੇ ਵਿਦਿਆਰਥੀਆਂ ਦੇ ਵਜ਼ੀਫ਼ੇ ਦਾ ਕਰੋੜਾਂ ਰੁਪਏ ਡਕਾਰ ਗਿਆ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਰੋਨਾ ਮਹਾਮਾਰੀ ਦੌਰਾਨ ਇਲਾਜ ਦੇ ਨਾਂ ਖ਼ਰੀਦੀਆਂ ‘ਫ਼ਤਿਹ ਕਿੱਟਾਂ’ ਵਿੱਚ ਆਪਣੇ ਹੱਥ ਰੰਗਦਾ ਰਿਹਾ ਅਤੇ ਹੁਣ ਪੰਚਾਇਤੀ ਜ਼ਮੀਨਾਂ ’ਤੇ ਕਬਜ਼ੇ ਕਰਨ ’ਤੇ ਲੱਗਾ ਹੋਇਆ ਹੈ।
ਇਸ ਮੌਕੇ ਹਲਕਾ ਇੰਚਾਰਜ ਦਸੂਹਾ ਕਰਮਬੀਰ ਸਿੰਘ ਘੁੰਮਣ, ਜਸਵੀਰ ਸਿੰਘ ਰਾਜਾ, ਹਲਕਾ ਇੰਚਾਰਜ ਚੱਬੇਵਾਲ ਹਰਵਿੰਦਰ ਸਿੰਘ ਸੰਧੂ, ਹਲਕਾ ਮੁਕੇਰੀਆ ਜੇ.ਐਸ ਮੁਲਤਾਨੀ, ਪ੍ਰਿੰਸ ਹਲਕਾ ਟਾਂਡਾ, ਹਰਮੀਤ ਸਿੰਘ ਔਲਖ, ਜ਼ਿਲ੍ਹਾ ਪ੍ਰਧਾਨ ਦਿਹਾਤੀ ਮੋਹਨ ਲਾਲ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦਲੀਪ ਉਰੀ, ਸਕੱਤਰ ਕਰਮਜੀਤ ਕੌਰ, ਜ਼ਿਲ੍ਹਾ ਪ੍ਰਧਾਨ ਲੇਡੀਜ਼ ਵਿੰਗ ਮਨਜੋਤ ਕੌਰ, ਬਲਾਕ ਪ੍ਰਧਾਨ ਰਾਜਿੰਦਰ ਕੁਮਾਰ, ਅੰਸ਼ੁਲ ਸ਼ਰਮਾ ਅਤੇ ਅਮਨਦੀਪ ਬਿੰਦਾ, ਮਨਦੀਪ ਕੌਰ, ਬਲਦੀਪ ਕੌਰ, ਸੰਤੋਸ਼ ਸੈਣੀ, ਵੀਨਾ ਕੌਸ਼ਲ, ਕਮਲਜੀਤ ਬਾਜਵਾ ਅਤੇ ਸ਼ਸ਼ੀ ਹਾਜ਼ਰ ਸਨ।

Spread the love