ਮੰਡੀਆਂ ’ਚ ਕੋਵਿਡ ਟੀਕਾਕਰਨ ਸ਼ੁਰੂ, ਪਹਿਲੇ ਦਿਨ ਦਾਣਾ ਮੰਡੀ ਰਹੀਮਪੁਰ ’ਚ 60 ਵਿਅਕਤੀਆਂ ਦੇ ਲੱਗੀ ਵੈਕਸੀਨ : ਡਿਪਟੀ ਕਮਿਸ਼ਨਰ

ਹਰ ਮੰਡੀ ’ਚ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਆਦਿ ਦੇ ਲੱਗੇਗੀ ਵੈਕਸੀਨ
ਜ਼ਿਲ੍ਹੇ ’ਚ ਅੱਜ ਕਰੀਬ 9500 ਲਾਭਪਾਤਰੀਆਂ ਦਾ ਹੋਇਆ ਟੀਕਾਕਰਨ
ਹੁਸ਼ਿਆਰਪੁਰ, 16 ਅਪ੍ਰੈਲ: ਜ਼ਿਲ੍ਹੇ ਵਿੱਚ ਚੱਲ ਰਹੇ ਕੋਵਿਡ ਟੀਕਾਕਰਨ ਦਾ ਘੇਰਾ ਵਧਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸਥਾਨਕ ਦਾਣਾ ਮੰਡੀ ਰਹੀਮਪੁਰ ਤੋਂ ਮੰਡੀਆਂ ਵਿੱਚ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਅਤੇ ਹੋਰਨਾਂ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਜਿਸ ਤਹਿਤ ਜ਼ਿਲ੍ਹੇ ਦੀ ਹਰ ਮੰਡੀ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਆਉਂਦੇ ਦਿਨਾਂ ’ਚ ਟੀਕਾਕਰਨ ’ਚ ਤੇਜ਼ੀ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਦੀ ਅਗਵਾਈ ਵਿੱਚ ਸ਼ੁਕਰਵਾਰ ਨੂੰ ਦਾਣਾ ਮੰਡੀ ਰਹੀਮਪੁਰ ’ਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਗਿਆ ਜਿਥੇ ਆਪਣੀ ਫ਼ਸਲ ਲੈ ਕੇ ਆਏ ਕਿਸਾਨਾਂ ਤੋਂ ਇਲਾਵਾ ਆੜਤੀਆਂ ਅਤੇ ਹੋਰ 45 ਸਾਲ ਉਮਰ ਵਰਗ ਤੋਂ ਉਪਰ ਦੇ ਵਿਅਕਤੀਆਂ ਦੇ ਕੋਵਿਡ ਵੈਕਸੀਨ ਲਗਾਈ ਗਈ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਮੰਡੀ ਵਿੱਚ 60 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਅਤੇ ਇਹ ਮੁਹਿੰਮ ਇਸੇ ਤਰ੍ਹਾ ਬਾਕੀ ਮੰਡੀਆਂ ਵਿੱਚ ਵੀ ਜਾਰੀ ਰਹੇਗੀ ਜਿਸ ਤਹਿਤ ਆਉਂਦੇ ਦਿਨਾਂ ਵਿੱਚ ਮੰਡੀਆਂ ਅੰਦਰ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ।
ਜ਼ਿਲ੍ਹੇ ਵਿੱਚ ਚੱਲ ਰਹੇ ਟੀਕਾਕਰਨ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ 1.65 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਦੀਆਂ ਡੋਜ਼ਾਂ ਲੱਗ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਪੂਰੇ ਜ਼ਿਲ੍ਹੇ ਵਿੱਚ 9494 ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਲਗਾਈ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਖੇਤਰ ਨੂੰ ਕਵਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ 45 ਸਾਲ ਉਮਰ ਵਰਗ ਜਾਂ ਇਸ ਤੋਂ ਵੱਧ ਉਮਰ ਵਰਗ ਦੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਸਬ-ਡਵੀਜ਼ਨ ਵਿੱਚ ਬਣਾਈਆਂ ਵੱਖ-ਵੱਖ ਸੈਸ਼ਨ ਸਾਈਟਾਂ ਅਤੇ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਵਿੱਚ ਪਹੁੰਚ ਕੇ ਜਲਦ ਤੋਂ ਜਲਦ ਟੀਕਾਕਰਨ ਕਰਵਾਇਆ ਜਾਵੇ ਜੋ ਕਿ ਮੌਜੂਦਾ ਸਮੇਂ ਵਿੱਚ ਅਤਿ ਜ਼ਰੂਰੀ ਹੈ।
ਓਲਡ ਏਜ ਹੋਮ ਦੇ ਸਾਰੇ ਸਹਿਵਾਸੀਆਂ ਦਾ ਹੋਇਆ ਟੀਕਾਕਰਨ :
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਓਲਡ ਏਜ ਹੋਮ, ਰਾਮ ਕਲੋਨੀ ਕੈਂਪ ਦੇ ਸਾਰੇ ਸਹਿਵਾਸੀਆਂ ਨੂੰ ਵੀ ਵਿਸ਼ੇਸ਼ ਕੈਂਪ ਲਗਾ ਕੇ ਕੋਵਿਡ ਵੈਕਸੀਨ ਲਗਾਈ ਜਾ ਚੁੱਕੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨ ਲਗਵਾਉਣ ਲਈ ਬਿਨ੍ਹਾਂ ਕਿਸੇ ਵਹਿਮ-ਭਰਮ, ਡਰ ਅਤੇ ਝਿਜਕ ਤੋਂ ਆਪ ਮੁਹਾਰੇ ਅੱਗੇ ਆ ਕੇ ਵੈਕਸੀਨ ਦੀ ਡੋਜ਼ ਲਗਵਾਉਣ।

Spread the love