ਮਾਮਲਾ ਮੂੰਹ-ਖੁਰ ਦੀ ਬਿਮਾਰੀ ਨਾਲ ਮਰ ਅਤੇ ਨਕਾਰਾ ਹੋ ਰਹੇ ਪਸੂਆਂ ਦਾ
ਕਿਹਾ, ਸਰਕਾਰ ਦੇ ਏਜੰਡੇ ਤੇ ਨਹੀਂ ਹਨ ਪਸੂ ਪਾਲਕ ਕਿਸਾਨ: ਆਪ
ਪੀੜਤ ਪਸੂ ਪਾਲਕ ਕਿਸਾਨਾਂ ਲਈ 100 ਪ੍ਰਤੀਸਤ ਮੁਆਵਜ਼ੇ ਦੀ ਕੀਤੀ ਮੰਗ
ਚੰਡੀਗੜ, 8 ਅਗਸਤ 2021
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੂੰਹ ਖੁਰ ਦੀ ਬਿਮਾਰੀ ਨਾਲ ਮਰ ਰਹੇ ਅਤੇ ਨਕਾਰਾ ਹੋ ਰਹੇ ਪਸੂਆਂ ਲਈ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸਿੱਧੇ ਤੌਰ ਉੱਤੇ ਜੰਿਮੇਵਾਰ ਠਹਿਰਾਉਂਦੇ ਹੋਏ ਪਸੂ ਪਾਲਕ ਕਿਸਾਨਾਂ ਵਾਸਤੇ 100 ਪ੍ਰਤੀਸਤ ਮੁਆਵਜੇ ਦੀ ਮੰਗ ਕੀਤੀ ਹੈ।
ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਲੁਧਿਆਣਾ-ਸੰਗਰੂਰ ਜਿਲਿਆਂ ਸਮੇਤ ਰਾਜ ਦੇ ਵੱਖ-ਵੱਖ ਇਲਾਕਿਆਂ ਵਿਚ ਪਸੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਨੇ ਚਪੇਟ ਵਿਚ ਲੈ ਲਿਆ ਹੈ। ਜਿਸ ਕਾਰਨ ਸੈਂਕੜੇ ਦੁਧਾਰੂ ਪਸੂਆਂ ਦੇ ਮਰਨ ਅਤੇ ਨਕਾਰਾ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਜੋ ਦੁਖਦਾ ਹੈ, ਕਿਉਂਕਿ ਅੱਜ ਕੱਲ ਕਿਸੇ ਵੀ ਦੁਧਾਰੂ ਪਸੂ ਦੀ ਕੀਮਤ ਇੱਕ ਲੱਖ ਰੁਪਏ ਤੋਂ ਘੱਟ ਨਹੀਂ ਹੈ।
ਸੰਧਵਾਂ ਮੁਤਾਬਿਕ ਪਹਿਲਾਂ ਹੀ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਕਿਸਾਨ ਪਸੂ ਪਾਲਕਾਂ ਲਈ ਇਸ ਤਰਾਂ ਦੀ ਕਾਫੀ ਘਾਤਕ ਬਿਮਾਰੀ ਸਾਬਤ ਹੋ ਰਹੀ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਕੀ ਵਰਗਾਂ ਸਮੇਤ ਪਸੂ ਪਾਲਕ ਕਿਸਾਨ ਵੀ ਸਰਕਾਰ ਦੇ ਏਜੰਡੇ ਉੱਤੇ ਨਹੀਂ ਹਨ। ਸੰਧਵਾਂ ਮੁਤਾਬਿਕ ਜੇਕਰ ਸਰਕਾਰ ਦੇ ਏਜੰਡੇ ਉੱਤੇ ਕਿਸਾਨ ਖ਼ਾਸ ਕਰਕੇ ਪਸੂ ਪਾਲਕ ਕਿਸਾਨ ਹੁੰਦੇ ਤਾਂ ਦਹਾਕਿਆਂ ਤੋਂ ਖ਼ਾਲੀ ਪਈਆਂ ਵੈਟਰਨਰੀ ਡਿਸਪੈਂਸਰੀਆਂ ਅਤੇ ਹਸਪਤਾਲਾਂ ਵਿੱਚ ਲਗਾਤਾਰ ਭਰਤੀਆਂ ਜਾਰੀ ਰਹਿੰਦੀ ਹੈ।
ਸੰਧਵਾਂ ਨੇ ਕਿਹਾ ਕਿ ਵੈਟਰਨਰੀ ਅਫਸਰਾਂ, ਵੈਟਰਨਰੀ ਡਾਕਟਰਾਂ, ਵੈਟਰਨਰੀ ਇੰਸਪੈਕਟਰਾਂ/ ਫਾਰਮਾਸਿਸਟਾਂ ਅਤੇ ਚੌਥੇ ਦਰਜੇ ਦਾ 70 ਪ੍ਰਤੀਸਤ ਤੋਂ ਵੱਧ ਅਸਾਮੀਆਂ ਖ਼ਾਲੀ ਪਈਆਂ ਹਨ।
ਸੰਧਵਾਂ ਨੇ ਕਿਹਾ ਕਿ ਪਹਿਲਾਂ 10 ਸਾਲ ਅਕਾਲੀ-ਭਾਜਪਾ (ਬਾਦਲ) ਸਰਕਾਰ ਨੇ ਪਸੂ ਪਾਲਨ ਵਿਭਾਗ ਅਧੀਨ ਫ਼ੀਲਡ ਸਟਾਫ਼ ਦੀਆਂ ਖ਼ਾਲੀ ਪਈਆਂ ਅਸਾਮੀਆਂ ਨਹੀਂ ਭਰੀਆਂ, ਹੁਣ ਸਾਢੇ ਚਾਰ ਸਾਲਾਂ ਵਿੱਚ ਕਾਂਗਰਸ ਦੀ ਸਰਕਾਰ ਨੇ ਸੂਬੇ ਦੇ ਪਸੂ ਪਾਲਕਾਂ ਨੂੰ ਬੁਰੀ ਤਰਾਂ ਨਜਰਅੰਦਾਜ ਕੀਤਾ ਹੈ।
ਸੰਧਵਾਂ ਨੇ ਕਿਹਾ ਕਿ ਫ਼ੀਲਡ ਸਟਾਫ਼ ਦੀ ਕਮੀ ਦੂਰ ਕੀਤੇ ਬਿਨਾਂ ਪਸੂਆਂ ਲਈ ਮੂੰਹ ਖੋਰ ਅਤੇ ਗਲ਼-ਘੋਟੂ ਬਿਮਾਰੀਆਂ ਦੀ ਰੋਕਥਾਮ ਲਈ ਚਲਾਈਆਂ ਜਾਂਦੀਆਂ ਟੀਕਾਕਰਨ ਮੁਹਿੰਮਾਂ ਸਫਲ ਨਹੀਂ ਹੋ ਸਕਦੀਆਂ।
ਸੰਧਵਾਂ ਨੇ ਕਿਹਾ ਕਿ ਜੇਕਰ ਬਰਸਾਤ ਤੋਂ ਪਹਿਲਾਂ ਮੂੰਹ-ਖੁਰ ਦੀ ਬਿਮਾਰੀ ਰੋਕੂ ਟੀਕਾਕਰਨ ਮੁਹਿੰਮ ਸਮੇਂ ਸਿਰ ਨੇਪਰੇ ਚੜਾਈ ਹੁੰਦੀ ਤਾਂ ਪਸੂ ਪਾਲਕ ਇਸ ਭਾਰੀ ਨੁਕਸਾਨ ਤੋਂ ਬਚ ਜਾਂਦੇ।
ਸੰਧਵਾਂ ਨੇ ਕਿਹਾ ਕਿ 2022 ਵਿਚ ‘ਆਪ‘ ਦੀ ਸਰਕਾਰ ਬਣਨ ਉੱਤੇ ਪਸੂ ਪਾਲਨ ਦੇ ਧੰਦੇ ਨੂੰ ਸੂਬੇ ਦੀ ਕਿਸਾਨੀ ਦੀ ਰੀੜ ਦੀ ਹੱਡੀ ਵਜੋਂ ਵਿਕਸਿਤ ਕੀਤਾ ਜਾਵੇਗਾ।