ਕਿਹਾ- ਵਿਕਾਸ ਵਾਸਤੇ ਫੰਡਾਂ ਦੇ ਨਹੀਂ ਆਉਣ ਦਿੱਤੀ ਜਾਵੇਗੀ ਘਾਟ; ਸੂਬਾ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਵਾਸਤੇ ਵਚਨਬੱਧ: ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ
ਰੋਪੜ/ਸ੍ਰੀ ਚਮਕੌਰ ਸਾਹਿਬ, 26 ਮਈ 2021 ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਹਲਕੇ ਦੇ ਵਿਕਾਸ ਲਈ ਪਿੰਡਾਂ ਨੂੰ ਵਿਕਾਸ ਕਾਰਜਾਂ ਵਾਸਤੇ ਫੰਡ ਜਾਰੀ ਕਰਨ ਦਾ ਸਿਲਸਿਲਾ ਜਾਰੀ ਹੈ। ਜਿਨ੍ਹਾਂ ਵਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਦਾਣਾ ਮੰਡੀ, ਸ੍ਰੀ ਚਮਕੌਰ ਸਾਹਿਬ ਵਿਖੇ ਆਯੋਜਿਤ ਇਕ ਸਮਾਗਮ ਦੌਰਾਨ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਲਈ 52 ਲੱਖ ਰੁਪਏ ਦੇ ਫੰਡ ਤਕਸੀਮ ਕੀਤੇ ਗਏ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਮ.ਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਹਲਕੇ ਦੇ ਵਿਕਾਸ ਵਾਸਤੇ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿਤੀ ਜਾਵੇਗੀ। ਸੂਬੇ ਦੀ ਕਾਂਗਰਸ ਸਰਕਾਰ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ। ਇਸਦੇ ਤਹਿਤ ਹਲਕੇ ਦੇ ਵੱਖ-ਵੱਖ ਪਿੰਡਾਂ, ਜਿਨ੍ਹਾਂ ਵਿੱਚੋਂ ਪਿੰਡ ਖੋਖਰ ਨੂੰ 8 ਲੱਖ ਰੁਪਏ ਦੇ ਨਾਲ ਖੇਡ ਮੈਦਾਨ, ਪਿੰਡ ਮੋਹਨ ਮਾਜਰਾ ਨੂੰ 3 ਲੱਖ ਰੁਪਏ ਨਾਲ ਸ਼ਮਸ਼ਾਨਘਾਟ ਤੇ 7 ਲੱਖ ਰੁਪਏ ਨਾਲ ਗਲੀਆਂ, ਨਾਲੀਆਂ ਅਤੇ ਫਿਰਨੀ; ਪਿੰਡ ਜਗਤਪੁਰ ਨੂੰ 4 ਲੱਖ ਨਾਲ ਟੋਭੇ ਤੇ 4 ਲੱਖ ਰੁਪਏ ਨਾਲ ਐਸ.ਸੀ ਸ਼ਮਸ਼ਾਨਘਾਟ; ਪਿੰਡ ਸੁਰਤਾਪੁਰ ਨੂੰ 8 ਲੱਖ ਰੁਪਏ ਨਾਲ ਸ਼ਮਸ਼ਾਨਘਾਟ; ਪਿੰਡ ਦਾਊਦਪੁਰ ਕਲਾਂ ਨੂੰ 3 ਲੱਖ ਰੁਪਏ ਨਾਲ ਸ਼ਮਸ਼ਾਨਘਾਟ, 3 ਲੱਖ ਰੁਪਏ ਨਾਲ ਗਲੀਆਂ, ਨਾਲੀਆਂ ਤੇ ਫਿਰਨੀ ਅਤੇ 2 ਲੱਖ ਰੁਪਏ ਨਾਲ ਨਿਕਾਸੀ ਨਾਲੇ; ਪਿੰਡ ਭਾਓਵਾਲ ਨੂੰ 5 ਲੱਖ ਰੁਪਏ ਨਾਲ ਸ਼ਮਸ਼ਾਨਘਾਟ ਅਤੇ ਪਿੰਡ ਬਾਮਾ ਕੁਲੀਆ ਨੂੰ 5 ਲੱਖ ਰੁਪਏ ਨਾਲ ਗਲੀਆਂ-ਨਾਲੀਆਂ ਦੇ ਨਿਰਮਾਣ ਵਾਸਤੇ ਫੰਡ ਜਾਰੀ ਕੀਤੇ ਗਏ ਹਨ। ਇਸ ਮੌਕੇ ਉਹਨਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਹਦਾਇਤ ਦਿੱਤੀ ਕਿ ਫੰਡਾਂ ਦਾ ਇਸਤੇਮਾਲ ਸੁਚੱਜੇ ਤਰੀਕੇ ਨਾਲ ਕੀਤਾ ਜਾਵੇ ਅਤੇ ਵਰਤੋਂ ਸਬੰਧੀ ਸਰਟੀਫਿਕੇਟ ਜਲਦੀ ਤੋਂ ਜਲਦੀ ਜਮ੍ਹਾ ਕਰਵਾਏ ਜਾਣ, ਤਾਂ ਜੋ ਹੋਰ ਫੰਡ ਜਾਰੀ ਹੋ ਸਕਣ।
ਉਥੇ ਹੀ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਨੂੰ ਲੈ ਕੇ ਵਚਨਬੱਧ ਹੈ ਅਤੇ ਕੋਰੋਨਾ ਮਹਾਮਾਰੀ ਕਾਰਨ ਬਣੇ ਹਾਲਾਤਾਂ ਦੇ ਬਾਵਜੂਦ ਵਿਕਾਸ ਦੇ ਕੰਮ ਜਾਰੀ ਹਨ, ਤਾਂ ਜੋ ਪਿੰਡਾਂ ਵਿੱਚ ਵੀ ਸ਼ਹਿਰਾਂ ਵਾਂਗ ਸੁਵਿਧਾਵਾਂ ਮਿਲ ਸਕਣ।