ਨਵੇਂ ਟਰੇਡ ਲਾਇਸੈਂਸ ਅਤੇ ਟਰੇਡ ਲਾਇਸੈਂਸ ਰੀਨਿਊ ਕਰਵਾਉਣ ਲਈ ਸੇਵਾ ਕੇਂਦਰਾਂ ਵਿੱਚ ਕੀਤਾ ਜਾ ਸਕਦੈ ਅਪਲਾਈ : ਡਿਪਟੀ ਕਮਿਸ਼ਨਰ
ਜਲੰਧਰ, 26 ਅਗਸਤ 2021
ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ ਦੋ ਨਵੀਂਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿਚ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ ਨਵੇਂ ਟਰੇਡ ਲਾਇਸੈਂਸ ਜਾਰੀ ਕਰਨ ਅਤੇ ਟਰੇਡ ਲਾਇਸੈਂਸ ਰੀਨਿਊ ਕਰਨ ਸਬੰਧੀ ਸੇਵਾਵਾਂ ਜ਼ਿਲ੍ਹੇ ਦੇ ਸਮੁੱਚੇ ਸੇਵਾ ਕੇਂਦਰਾਂ ਵਿੱਚ ਸ਼ੁਰੂ ਹੋ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਵਿਚੋਂ ਇਹ ਸੇਵਾਵਾਂ ਲੈਣ ਲਈ 610 ਰੁਪਏ ਸੇਵਾ ਕੇਂਦਰ ਫੀਸ ਤੈਅ ਕੀਤੀ ਗਈ ਹੈ ਅਤੇ ਜ਼ਿਲ੍ਹੇ ਵਿੱਚ ਕੋਈ ਵੀ ਵਿਅਕਤੀ ਆਪਣੇ ਨਜ਼ਦੀਕੀ ਸੇਵਾ ਕੇਂਦਰ ਵਿਚ ਇਨ੍ਹਾਂ ਸੇਵਾਵਾਂ ਲਈ ਅਪਲਾਈ ਕਰ ਸਕਦਾ ਹੈ।
ਸ਼੍ਰੀ ਥੋਰੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੁੱਲ 33 ਸੇਵਾ ਕੇਂਦਰ ਹਨ, ਜਿਨ੍ਹਾਂ ਵਿੱਚੋਂ 18 ਜਲੰਧਰ ਸ਼ਹਿਰ ਵਿੱਚ ਚੱਲ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸੇਵਾ ਕੇਂਦਰਾਂ ਵਿਚ ਆਧਾਰ ਕਾਰਡ ਨਾਲ ਸਬੰਧਤ, ਜਨਮ ਤੇ ਮੌਤ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਵਿਆਹ ਰਜਿਸਟ੍ਰੇਸ਼ਨ ਸਰਟੀਫਿਕੇਟ, ਐਨ.ਆਰ.ਆਈ. ਸੈੱਲ, ਪੰਜਾਬ ਤੋਂ ਦਸਤਾਵੇਜ਼ਾਂ ਦੀ ਤਸਦੀਕ ਸਮੇਤ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 332 ਤੋਂ ਵੱਧ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 9 ਤੋਂ 5 ਵਜੇ ਤੱਕ ਲੋਕਾਂ ਲਈ ਖੁੱਲ੍ਹੇ ਰਹਿੰਦੇ ਹਨ, ਜੋ ਕਿ ਵੱਖ-ਵੱਖ ਸੇਵਾਵਾਂ ਨੂੰ ਵਧੇਰੇ ਪਾਰਦਰਸ਼ੀ ਅਤੇ ਕਾਰਗਰ ਬਣਾਉਣ ਲਈ ਬੇਹੱਦ ਸਹਾਈ ਸਾਬਤ ਹੋ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸੇਵਾ ਕੇਂਦਰ ਵਿੱਚ ਆਪਣਾ ਕੰਮ ਕਰਵਾਉਂਦੇ ਸਮੇਂ ਮਾਸਕ ਪਹਿਨਣਾ, ਸਮਾਜਿਕ ਵਿੱਥ ਰੱਖਣਾ ਅਤੇ ਹੱਥਾਂ ਦੀ ਸਫ਼ਾਈ ਸਮੇਤ ਕੋਵਿਡ-19 ਸਬੰਧੀ ਜਾਰੀ ਹੋਰ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ।