ਅਗਸਤ ਮਹੀਨੇ ’ਚ ਸੂਬੇ ਦੇ ਸਾਰੇ ਜ਼ਿਲਾ ਹਸਪਤਾਲਾਂ ’ਚੋਂ ਮੋਹਰੀ ਰਿਹਾ ਸਿਵਲ ਹਸਪਤਾਲ ਬਰਨਾਲਾ

ਸਰਬੱਤ ਸਿਹਤ ਬੀਮਾ ਯੋਜਨਾ
ਅਗਸਤ ਵਿਚ ਸਿਵਲ ਹਸਪਤਾਲ ਬਰਨਾਲਾ ’ਚ 599 ਮਰੀਜ਼ਾਂ ਦਾ ਇਲਾਜ
ਜ਼ਿਲੇ ਵਿਚ ਸਕੀਮ ਅਧੀਨ ਹੁਣ ਤੱਕ ਮਰੀਜ਼ਾਂ ਦਾ 14 ਕਰੋੜ ਦਾ ਮੁਫਤ ਇਲਾਜ
ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਦਾ ਜਾਇਜ਼ਾ
ਬਰਨਾਲਾ, 7 ਸਤੰਬਰ 2021
ਸਿਹਤ ਵਿਭਾਗ ਅਧੀਨ ਚੱਲ ਰਹੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਹਰ ਯੋਗ ਲਾਭਪਾਤਰੀ ਨੂੰ ਮਿਲਣਾ ਯਕੀਨੀ ਬਣਾਇਆ ਜਾਵੇ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ ਗਿਆ। ਇਸ ਮੌਕੇ ਉਨਾਂ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸਿਵਲ ਹਸਪਤਾਲ ਬਰਨਾਲਾ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਰਹੀ ਹੈ ਤੇ ਅਗਸਤ ਮਹੀਨੇ ’ਚ ਸਿਵਲ ਹਸਪਤਾਲ ਬਰਨਾਲਾ ਸੂਬੇ ਦੇ ਸਾਰੇ ਹਸਪਤਾਲਾਂ ’ਚੋਂ ਮੋਹਰੀ ਰਿਹਾ ਹੈ।
ਇਸ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਅਗਸਤ ਮਹੀਨੇ ਦੌਰਾਨ ਸਿਵਲ ਹਸਪਤਾਲ ਬਰਨਾਲਾ ਵਿਚ 599 ਮਰੀਜ਼ਾਂ ਦਾ 43 ਲੱਖ ਰੁਪਏ ਤੋਂ ਵੱਧ ਦਾ ਇਲਾਜ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਮੁਫਤ ਕੀਤਾ ਗਿਆ। ਇਸ ਮਹੀਨੇ ਦੌਰਾਨ ਜ਼ਿਲੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ 974 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ, ਜਦੋਂਕਿ ਪ੍ਰਾਈਵੇਟ ਹਸਪਤਾਲਾਂ ਨੇ 134 ਮਰੀਜ਼ਾਂ ਦਾ ਸਕੀਮ ਅਧੀਨ ਮੁਫਤ ਇਲਾਜ ਕੀਤਾ ਹੈ। ਉਨਾਂ ਦੱਸਿਆ ਕਿ ਸਾਲ 2019 ਵਿਚ ਸਕੀਮ ਸ਼ੁਰੂ ਹੋਣ ਤੋਂ ਹੁਣ ਤੱਕ ਜ਼ਿਲੇ ਵਿਚ ਸਰਕਾਰੀ ਹਸਪਤਾਲਾਂ ਵਿਚ ਕੁੱਲ 15077 ਮਰੀਜ਼ਾਂ ਦਾ 10 ਕਰੋੜ 82 ਲੱਖ ਰੁਪਏ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ 1737 ਮਰੀਜ਼ਾਂ ਦਾ 3 ਕਰੋੜ 65 ਲੱਖ ਰੁਪਏ ਦਾ ਇਲਾਜ ਕੀਤਾ ਗਿਆ ਹੈ।
ਉਨਾਂ ਦੱੱਸਿਆ ਕਿ ਜ਼ਿਲੇ ਵਿਚ ਤੰਬਾਕੂ ਵਿਰੁੱਧ ਗਤੀਵਿਧੀਆਂ ਤਹਿਤ ਤੰਬਾਕੂ ਕੰਟਰੋਲ ਸੈਲ ਸਥਾਪਿਤ ਕੀਤਾ ਹੋਇਆ ਹੈ, ਜਿਸ ਤਹਿਤ ਸਾਲ 2021 ਵਿਚ ਹੁਣ ਤੱਕ 527 ਚਲਾਨ ਕੀਤੇ ਹਨ।
ਉਨਾਂ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਜਿਹੀਆਂ ਮੌਸਮੀ ਬਿਮਾਰੀਆਂ ਵਿਰੁੱਧ ਫੀਲਡ ਟੀਮਾਂ ਵੱੱਲੋਂ ਗਤੀਵਿਧੀਆਂ ਜਾਰੀ ਹਨ, ਇਸ ਤਹਿਤ ਹਰ ਸ਼ੁੱਕਰਵਾਰ ਡਰਾਈ ਡੇਅ ਵਜੋਂ ਮਨਾਇਆ ਜਾਂਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਨਨੀ ਸੁਰੱਖਿਆ ਯੋਜਨਾ, ਰਾਸ਼ਟਰੀ ਬਾਲ ਸਵਾਸਥਯ ਕਾਰਿਆਕ੍ਰਮ, ਕੋਵਿਡ ਸੈਂਪਿਗ, ਕੋਵਿਡ ਵਿਰੁੱੱਧ ਟੀਕਾਕਰਨ ਸਬੰਧੀ, ਨਸ਼ਾ ਛੁਡਾਊ ਕੇਂਦਰ, ਓਟ ਕਲੀਨਿਕਾਂ, ਜਨ ਔਸ਼ਧੀ ਕੇਂਦਰ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ, ਐਸਡੀਐਮ ਸ੍ਰੀ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ (ਜ) ਸ੍ਰੀ ਦੇਵਦਰਸ਼ਦੀਪ ਸਿੰਘ, ਐਸਐਮਓ ਤਪਾ ਡਾ. ਪ੍ਰਵੇਸ਼, ਐਸਐਮਓ ਮਹਿਲ ਕਲਾਂ ਡਾ. ਜੈਦੀਪ ਚਹਿਲ, ਜ਼ਿਲਾ ਐਪਡੀਮੋਲੋਜਿਸਟ ਡਾ. ਮੁਨੀਸ਼, ਡੀਪੀਐਮ ਕੁਲਵੰਤ ਸਿੰਘ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।

Spread the love