-ਮਿਸ਼ਨ ਫਤਿਹ ਪੰਜਾਬ ਤਹਿਤ ਪੰਡੋਰੀ ਗੰਗਾ ਸਿੰਘ ਦੇ ਅਗਾਂਹਵਧੂ ਕਿਸਾਨ ਝੋਨੇ ਦੀ ਪਰਾਲੀ ਦਾ ਕਰ ਰਿਹਾ ਹੈ ਸੁਚਾਰੂ ਪ੍ਰਬੰਧਨ
-ਡਿਪਟੀ ਕਮਿਸ਼ਨਰ ਨੇ ਪਿੰਡ ਦੇ ਅਗਾਂਹਵਧੂ ਕਿਸਾਨਾਂ ਦੀ ਕੀਤੀ ਸ਼ਲਾਘਾ
ਹੁਸ਼ਿਆਰਪੁਰ, 23 ਅਕਤੂਬਰ :
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿਥੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਦੀ ਸਿੱਧੀ ਬਿਜਾਈ ਲਈ ਜਾਗਰੂਕ ਕੀਤਾ ਜਾ ਰਹਿਾ ਹੈ ਉਥੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਨਿਗਰਾਨੀ ਵਿੱਚ ਜ਼ਿਲ੍ਹੇ ਦੇ ਪਿੰਡ ਪੰਡੋਰੀ ਗੰਗਾ ਸਿੰਘ ਦੇ ਜਾਗਰੂਕ ਕਿਸਾਨ ਕਈ ਸਾਲਾਂ ਤੋਂ ਆਧੁਨਿਕ ਖੇਤੀ ਨੂੰ ਅਪਣਾਉਂਦੇ ਹੋਏ ਵਾਤਾਵਰਣ ਦੀ ਰੱਖਿਆ ਵਿੱਚ ਯੋਗਦਾਨ ਦੇ ਰਿਹਾ ਹੈ। ਪਿੰਡ ਦੇ ਕਿਸਾਨਾਂ ਨੇ ਸਾਲ 2018-19 ਦੌਰਾਨ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ ਕੰਬਾਇਨ ਨਾਲ ਕਰਨ ਤੋਂ ਬਾਅਦ ਹੈਪੀ ਸੀਡਰ ਤਕਨੀਕੀ ਵਿਧੀ ਅਪਣਾ ਕੇ ਕਰੀਬ 200 ਏਕੜ ’ਤੇ ਸਫਲਤਾਪੂਰਵਕ ਕਣਕ ਦੀ ਬਿਜਾਈ ਕੀਤੀ ਸੀ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪਿੰਡ ਦੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫੈਲਾਈ ਜਾਗਰੂਕਤਾ ਕਾਰਨ ਪਿੰਡ ਪੰਡੋਰੀ ਗੰਗਾ ਸਿੰਘ ਦੇ ਕਿਸਾਨਾਂ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੇਹਤਰੀਨ ਕੰਮ ਕੀਤਾ ਹੈ ਜਿਸ ਦੇ ਲਈ ਉਹ ਵਧਾਈ ਦਾ ਪਾਤਰ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹੋਰ ਸਥਾਨਾਂ ਵਿੱਚ ਵੀ ਕਿਸਾਨ ਜਾਗਰੂਕ ਹੋ ਕੇ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਸਿੱਧੀ ਬਿਜਾਈ ਕਰ ਰਹੇ ਹਨ।
ਅਪਨੀਤ ਰਿਆਤ ਨੇ ਦੱਸਿਆ ਕਿ ਵਾਤਾਵਰਣ ਦੀ ਸ਼ੁੱਧਤਾ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ, ਬਲਕਿ ਇਸਦਾ ਪ੍ਰਬੰਧਨ ਖੇਤਾਂ ਵਿੱਚ ਹੀ ਕਰਨ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਿਸਾਨਾਂ ਨੇ ਵੱਡੇ ਪੱਧਰ ’ਤੇ ਸੁਪਰ ਐਸ.ਐਮ.ਐਸ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਨ ਉਪਰੰਤ ਹੈਪੀ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਕੀਤੀ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ) ਹੁਸ਼ਿਆਰਪੁਰ ਦੇ ਡਿਪਟੀ ਡਾਇਰੈਕਟਰ (ਟਰੇਨਿੰਗ) ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਕੇ.ਵੀ.ਕੇ. ਵਲੋਂ ਪਿੰਡ ਪੰਡੋਰੀ ਗੰਗਾ ਸਿੰਘ ਨੂੰ ਸਾਲ ਨੂੰ ਸਾਲ 2018-19 ਦੌਰਾਨ ਝੋਨੇ ਦੀ ਪਰਾਲੀ ਪ੍ਰਬੰਧਨ ਦੇ ਕੰਮ ਲਈ ਅਪਣਾਇਆ ਗਿਆ ਸੀ ਅਤੇ ਇਸ ਬਾਬਤ ਸਿਖਲਾਈ ਕੋਰਸ, ਜਾਗਰੂਕਤਾ ਮੁਹਿੰਮਾਂ, ਪ੍ਰਦਰਸ਼ਨੀਆਂ, ਖੇਤ ਦਿਵਸ, ਖੇਤੀ ਸਾਹਿਤ, ਦਿਵਾਰਾਂ ’ਤੇ ਪੇਂਟਿੰਗ ਆਦਿ ਰਾਹੀਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਨ ਅਤੇ ਜ਼ਰੂਰੀ ਮਸ਼ੀਨਰੀ ਵੀ ਉਪਲਬੱਧ ਕਰਵਾਈ ਗਈ। ਇਸਦੇ ਸਿਟੇ ਵਜੋਂ ਪਿੰਡ ਦੇ ਅਗਾਂਹਵਧੂ ਕਿਸਾਨਾਂ ਸਰਪੰਚ ਮਨਜਿੰਦਰ ਸਿੰਘ, ਸੰਦੀਪ ਸਿੰਘ, ਮਨਜਿੰਦਰ ਸਿੰਘ ਭੰਗੂ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਕੁਲਵੰਤ ਸਿੰਘ, ਜਗਦੀਪ ਸਿੰਘ ਆਦਿ ਨੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਕੇ ਕਣਕ ਦੀ ਸਫਲਤਾਪੂਰਵਕ ਬਿਜਾਈ ਕੀਤੀ ਸੀ।
ਖੇਤੀਬਾੜੀ ਵਿਭਾਗ ਨੇ ਵੀ ਪਿੰਡ ਪੰਡੋਰੀ ਸਿੰਘ ਦੇ ਦੋ ਕਿਸਾਨਾਂ ਮਨਜਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਭੰਗੂ ਨੂੰ ਹੈਪੀ ਸੀਡਰ ਸਬੰਧੀ ਸਬਸਿਡੀ ਮੁਹੱਈਆ ਕਰਵਾਈ ਸੀ। ਇਨ੍ਹਾਂ ਅਗਾਂਹਵਧੂ ਕਿਸਾਨਾਂ ਵਲੋਂ ਆਪਣੇ ਖੇਤਾਂ ਤੋਂ ਇਲਾਵਾ ਨਜ਼ਦੀਕੀ ਪਿੰਡਾਂ ਵਿੱਚ ਵੀ ਕਿਰਾਏ ’ਤੇ ਬਿਜਾਈ ਕੀਤੀ ਸੀ। ਇਸਦੇ ਨਾਲ ਹੀ ਪਰਾਲੀ ਦੀਆਂ ਗੰਢਾਂ ਬਣਾਉਣ ਵਾਲੀ ਮਸ਼ੀਨ, ਬੇਲਰ ਦੇ ਨਾਲ ਹੀ ਕਰੀਬ 150 ਏਕੜ ਰਕਬੇ ’ਤੇ ਪਰਾਲੀ ਨੂੰ ਸੰਭਾਲਿਆ ਜਾਂਦਾ ਹੈ। ਇਨ੍ਹਾਂ ਪਰਾਲੀ ਦੀਆਂ ਗੰਢਾਂ ਦੀ ਖਪਤ ਨਜ਼ਦੀਕੀ ਪਿੰਡ ਬਿੰਝੋ ਵਿੱਚ ਹੋ ਜਾਂਦੀ ਹੈ ਜਿਥੇ ਇਸ ਸਬੰਧੀ ਬਾਇਓਮਾਸ ਪਲਾਂਟ ਲਗਾਇਆ ਹੋਇਆ ਹੈ। ਇਸ ਤੋਂ ਇਲਾਵਾ ਰੋਟਾਵੇਟਰ ਅਤੇ ਜੀਰੋ ਟਿਲ ਡਰਿਲ ਨਾਲ ਵੀ ਬਿਨ੍ਹਾਂ ਅੱਗ ਲਗਾਏ ਬਿਜਾਈ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਗੁੱਜਰ ਭਾਈਚਾਰੇ ਵਲੋਂ ਵੀ ਪਰਾਲੀ ਪਸ਼ੂ ਖੁਰਾਕ ਦੇ ਤੌਰ ’ਤੇ ਚੁੱਕੀ ਜਾਂਦੀ ਹੈ।