ਹੈਪੀ ਸੀਡਰ ਦੀ ਵਰਤੋਂ ਕਰਦਿਆਂ ਝੋਨੇ ਦੀ ਪਰਾਲੀ ਜ਼ਮੀਨ ਵਿੱਚ ਰਲਾ ਕੇ ਕਰ ਰਹੇ ਹਨ ਕਣਕ ਦੀ ਬਿਜਾਈ
ਤਰਨ ਤਾਰਨ, 30 ਅਕਤੂਬਰ :
ਅਗਾਂਹਵਧੂ ਕਿਸਾਨ ਸ੍ਰ. ਗੁਰਵਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ ਠੱਠੀਆਂ ਮਹੰਤਾਂ ਪ੍ਰਗਤੀਸ਼ੀਲ ਅਤੇ ਆਧੁਨਿਕ ਕਿਰਸਾਨੀ ਦੇ ਹਾਮੀ ਹਨ। ਫਸਲੀ ਵਿਭਿੰਨਤਾ ਦੇ ਮਹੱਤਵ ਨੂੰ ਸਮਝਦਿਆਂ ਇਨ੍ਹਾਂ ਆਪਣੀ 15 ਏਕੜ ਦੀ ਵਾਹੀ ਹੇਠ ਕਣਕ, ਝੋਨੇ ਤੋਂ ਇਲਾਵਾ ਕਮਾਦ, ਮੱਕੀ ਫਲਦਾਰ ਦਰੱਖਤ ਅਤੇ ਘਰੇਲੂ ਵਰਤੋਂ ਲਈ ਸਬਜ਼ੀਆਂ ਵੀ ਲਗਾਈਆਂ ਹੋਈਆਂ ਹਨ। ਪਿਛਲੇ 5 ਸਾਲਾਂ ਤੋਂ 10 ਏਕੜ ਰਕਬੇ ਤੇ ਝੋਨੇ ਦੀ ਸਿੱਧੀ ਬਿਜਾਈ ਸਫਲਤਾਪੂਰਵਕ ਕਰ ਰਹੇ ਹਨ ਅਤੇ 1 ਸਾਲ ਤੋਂ ਹੈਪੀ ਸੀਡਰ ਦੀ ਵਰਤੋਂ ਕਰਦਿਆਂ ਝੋਨੇ ਦੀ ਪਰਾਲੀ ਜ਼ਮੀਨ ਵਿੱਚ ਰਲਾ ਕੇ ਕਣਕ ਦੀ ਬਿਜਾਈ ਕਰ ਰਹੇ ਹਨ।ਘਰੇਲੂ ਗੈਸ ਦੀ ਜਰੂਰਤ ਪੂਰੀ ਕਰਨ ਲਈ 2009 ਤੋਂ ਗੋਬਰ ਗੈਸ ਪਲਾਂਟ ਚਾਲੂ ਹੈ।
ਖੇਤੀ ਸਹਾਇਕ ਧੰਦੇ ਵਜੋਂ ਇਨਾਂ੍ਹ ਨੇ ਆਪਣਾ ਪਿਤਾ ਪੁਰਖੀ ਗੁੜ ਦੀ ਘੁਲਾੜੀ ਦਾ ਕੰਮ ਬਹੁਤ ਹੀ ਸੁਚੱਜਤਾ ਨਾਲ ਅੱਗੇ ਵਧਾਇਆ ਹੈ ਅਤੇ ਉਸ ਤੋਂ ਵਧੀਆ ਆਮਦਨ ਕਮਾ ਰਹੇ ਹਨ। ਘਰੇਲੂ ਵਰਤੋਂ ਲਈ ਕਰੀਬ 1 ਏਕੜ ਰਕਬੇ ਤੇ ਕਣਕ ਅਤੇ ਬਾਸਮਤੀ ਔਰਗੈਨਿਕ ਤਰੀਕੇ ਨਾਲ ਤਿਆਰ ਕਰਦੇ ਹਨ ਅਤੇ ਘਰੇਲੂ ਵਰਤੋਂ ਲਈ ਸਬਜ਼ੀਆਂ ਦੀ ਕਾਸ਼ਤ ਵੀ ਕਰਦੇ ਹਨ।
ਖੇਤੀ ਮਸ਼ੀਨਰੀ ਜਿਵੇਂ ਕਿ ਬੇਲਰ ਨਾਲ ਇਹਨਾਂ ਨੇ ਆਪਣੇ ਸਾਰੇ ਖੇਤਾਂ ਵਿੱਚ ਪਰਾਲੀ ਦੀਆਂ ਗੰਢਾਂ ਬਣਵਾਈਆਂ ਹਨ ਅਤੇ ਨੇੜੇ ਦੀ ਮਿੱਲ ਨਾਲ ਸੰਪਰਕ ਕਰ ਕੇ ਮਿੱਲ ਦੀ ਲੇਬਰ ਰਾਂਹੀ ਸਾਰੀਆਂ ਗੰਢਾਂ ਮਿੱਲ ਵਿੱਚ ਪਹੁੰਚਾਈਆਂ ਹਨ ।ਇਹਨਾਂ ਆਪਣੇ ਇਲਾਕੇ ਦੇ ਹੋਰਨਾਂ ਕਿਸਾਨਾਂ ਦੀਆ ਵੀ ਬੇਲਰ ਨਾਲ ਬੇਲਾਂ ਬਣਵਾਈਆਂ ਹਨ
ਇਸ ਕਿਸਾਨ ਵਲੋਂ ਹੋਰਨਾਂ ਕਿਸਾਨਾਂ ਦੇ ਖੇਤਾਂ ਵਿੱਚ ਸੁਪਰ ਸੀਡਰ ਨਾਲ ਬਿਜਾਈ ਕਰਵਾਈ ਜਾਣੀ ਹੈ ਅਤੇ ਇਹ ਹਮੇਸ਼ਾ ਕਿਸਾਨਾਂ ਨੂੰ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਮੀਨ ਵਿਚ ਹੀ ਵਾਹੁਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਅਤੇ ਖੇਤੀ ਮਸ਼ੀਨਰੀ ਦੇ ਉਪਯੋਗ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ।