ਅਧਿਆਪਕ ਦਿਵਸ ਮੌਕੇ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ ਦੇ 4 ਅਧਿਆਪਕਾਂ ਦਾ ਰਾਜ ਪੁਰਸਕਾਰ ਨਾਲ ਸਨਮਾਨ

ਜਿਲ੍ਹਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
ਅਧਿਆਪਕਾਂ ਦੀ ਮਿਹਨਤ ਸਦਕਾ ਸਿੱਖਿਆ ਵਿਭਾਗ ਨੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਇਆ- ਸਿੱਖਿਆ ਅਧਿਕਾਰੀ
ਅੰਮਿ੍ਤਸਰ , 5 ਸਤੰਬਰ 2021 ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਏ ਵਰਚੂਅਲ ਰਾਜ ਪੱਧਰੀ ਅਧਿਆਪਕ ਪੁਰਸਕਾਰ ਵੰਡ ਸਮਾਰੋਹ ਮੌਕੇ ਪੰਜਾਬ ਦੇ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅਧਿਆਪਕ ਦਿਵਸ ਮੌਕੇ ਅੰਮਿ੍ਤਸਰ ਜ਼ਿਲ੍ਹੇ ਦੇ 4 ਅਧਿਆਪਕਾਂ ਸਮੇਤ ਵੱਖ ਵੱਖ ਜਿਲਿਆਂ ਦੇ 80 ਅਧਿਆਪਕਾਂ ਨੂੰ ਮਾਣ ਮੱਤੀਆਂ ਸੇਵਾਵਾਂ ਬਦਲੇ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ।
ਅਧਿਆਪਕ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਸਨਮਾਨ ਸਮਾਰੋਹ ਦੌਰਾਨ ਐਸ.ਡੀ.ਐਮ. ਰਜੇਸ਼ ਸ਼ਰਮਾ, ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅੰਮ੍ਰਿਤਸਰ, ਸੁਸ਼ੀਲ ਕੁਮਾਰ ਤੁਲੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮ੍ਰਿਤਸਰ, ਹਰਭਗਵੰਤ ਸਿੰਘ, ਸ੍ਰੀਮਤੀ ਰੇਖਾ ਮਹਾਜਨ (ਦੋਵੇਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ) ਵਲੋਂ ਸਾਂਝੇ ਤੌਰ ਤੇ ਸਟੇਟ ਅਧਿਆਪਕ ਐਵਾਰਡ ਲਈ ਚੁਣੇ ਗਏ ਨਰਿੰਦਰ ਸਿੰਘ ਹੈੱਡਮਾਸਟਰ ਸਰਕਾਰੀ ਹਾਈ ਸਮਾਰਟ ਸਕੂਲ ਚਵਿੰਡਾ ਕਲਾਂ, ਪ੍ਰਿੰਸੀਪਲ ਗੁਰਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤਲਵੰਡੀ ਦਸੌੰਧਾ ਸਿੰਘ ਅਤੇ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਵੱਲੋਂ ਸਟੇਟ ਐਵਾਰਡ ਲਈ ਨਾਮਜ਼ਦ ਕੀਤੇ ਗਏ ਅਧਿਆਪਕ ਮੈਡਮ ਆਦਰਸ਼ ਸ਼ਰਮਾ ਅੰਗਰੇਜ਼ੀ ਲੈਕਚਰਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਅਤੇ ਸ੍ਰੀਮਤੀ ਗੁਰਜੀਤ ਕੌਰ ਪੰਜਾਬੀ ਅਧਿਆਪਕਾ ਸਰਕਾਰੀ ਹਾਈ ਸਮਾਰਟ ਸਕੂਲ ਪੁਤਲੀਘਰ ਨੇ ਸਰਟੀਫਿਕੇਟ ਸ਼ਾਲ ਅਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਤੋਂ ਪਹਿਲਾਂ ਵਰਚੁਅਲ ਸਨਮਾਨ ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿਚ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪਿਛਲੇ 4 ਸਾਲਾਂ ‘ਚ ਰਾਜ ਅੰਦਰ ਸਿੱਖਿਆ ਪ੍ਰਣਾਲੀ ਦੀ ਸਮੁੱਚੀ ਨੁਹਾਰ ਬਦਲ ਦਿੱਤੀ ਹੈ ਅਤੇ ਸਿੱਟੇ ਵਜੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਦੀ ਬਦੌਲਤ ਪੰਜਾਬ ਦੇਸ਼ ਭਰ ‘ਚ ਸਿੱਖਿਆ ਦੇ ਖੇਤਰ ‘ਚ ਮੋਹਰੀ ਹੋਕੇ ਉਭਰਿਆ ਹੈ।
ਰਾਜ ਭਰ ਦੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੇਸ਼ ਦੇ ਮਰਹੂਮ ਰਾਸ਼ਟਰਪਤੀ, ਵਿਦਵਾਨ, ਦਾਰਸ਼ਨਿਕ ਅਤੇ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਉਨਾਂ ਦੇ ਜਨਮ ਦਿਨ ਤੇ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਰਾਸ਼ਟਰਪਤੀ ਹੋਣ ਦੇ ਬਾਵਜੂਦ ਇੱਕ ਅਧਿਆਪਕ ਅਖਵਾਉਣਾ ਵੱਧ ਪਸੰਦ ਕੀਤਾ ਸੀ।
ਇਸ ਸਮੇਂ ਜ਼ਿਲਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਗੱਲਬਾਤ ਕਰਦਿਆਂ ਸ੍ਰੀ ਰਾਜੇਸ਼ ਸ਼ਰਮਾ ਐਸਡੀਐਮ ਅੰਮ੍ਰਿਤਸਰ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਇਹ ਅਤੇ ਸੁਸ਼ੀਲ ਕੁਮਾਰ ਤੁੱਲੀ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਨੇ ਸਾਂਝੇ ਤੌਰ ਤੇ ਸਮੂਹ ਅਧਿਆਪਕ ਵਰਗ ਨੂੰ ਅਧਿਆਪਕ ਦਿਵਸ ਦੀਆਂ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਦੇ ਫੈਸਲਿਆਂ ਤੇ ਅਧਿਆਪਕਾਂ ਦੀ ਮਿਹਨਤ ਦੀ ਬਦੌਲਤ ਅੱਜ ਰਾਜ ਅੰਦਰ 7 ਲੱਖ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ‘ਚ ਦਾਖਲ ਹੋਏ ਹਨ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਦੇ ਸਹੀ ਰਾਹ ਦਸੇਰਾ ਬਣੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਅਧਿਆਪਕਾਂ ਦੀ ਕੋਰੋਨਾ ਕਾਲ ਸਮੇਂ ਮੁਹੱਈਆ ਕਰਵਾਈ ਆਨਲਾਈਨ ਸਿੱਖਿਆ, ਮਿਹਨਤ ਅਤੇ ਸਮਾਜ ਸੇਵਾ ਸਦਕਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਕੇ ਸਾਹਮਣੇ ਆਇਆ ਹੈ।
ਇਸ ਸਮੇਂ ਸਟੇਟ ਐਵਾਰਡ ਜੇਤੂ ਅਧਿਆਪਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਐਵਾਰਡ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਵਿੱਚ ਹੋਰ ਵਾਧਾ ਹੋਇਆ ਹੈ ਅਤੇ ਉਹ ਪੂਰੀ ਤਨਦੇਹੀ ਨਾਲ ਸਿੱਖਿਆ ਵਿਭਾਗ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਆਪਣੇ ਵੱਡ ਉਪਰਾਲੇ ਜਾਰੀ ਰੱਖਣਗੇ । ਇਸ ਸਮੇਂ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਅਮਨਦੀਪ ਸਿੰਘ ਬਲਾਕ ਨੋਡਲ ਅਫ਼ਸਰ ਖੇਡਾਂ ਰਾਜਦੀਪ ਸਿੰਘ ਸਟੈਨੋ , ਮੁਨੀਸ਼ ਕੁਮਾਰ ਮੇਘ ਸਹਾਇਕ ਕੋਆਰਡੀਨੇਟਰ ਹਾਜ਼ਰ ਸਨ।
ਕੈਪਸ਼ਨ :- ਸਟੇਟ ਐਵਾਰਡ ਜੇਤੂ ਅਧਿਆਪਕਾਂ ਨੂੰ ਸਨਮਾਨਤ ਕਰਦੀ ਹੋਈ ਰਜੇਸ਼ ਸ਼ਰਮਾ ਐਸਡੀਐਮ ਅੰਮ੍ਰਿਤਸਰ ਸਤਿੰਦਰਬੀਰ ਸਿੰਘ ਡੀ ਈ ਓ ਸੈਕੰਡਰੀ ਸੁਸ਼ੀਲ ਕੁਮਾਰ ਤੁਲੀ ਡੀ ਈ ਓ ਐਲੀਮੈਂਟਰੀ, ਹਰ ਭਗਵੰਤ ਸਿੰਘ ਸ੍ਰੀਮਤੀ ਰੇਖਾ ਮਹਾਜਨ ਅਤੇ ਹੋਰ ।

 

Spread the love