ਜ਼ਿਲੇ ਦੀਆਂ ਨਵ-ਨਿਯੁਕਤ 12 ਅਧਿਆਪਕਾਵਾਂ ਨੂੰ ਡਿਪਟੀ ਕਮਿਸ਼ਨਰ ਨੇ ਸੌਂਪੇ ਨਿਯੁਕਤੀ ਪੱਤਰ
ਵਰਚੂਅਲ ਸਮਾਗਮ ਦੌਰਾਨ ਅਧਿਆਪਕਾਂ ਦੇ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ
ਬਰਨਾਲਾ, 16 ਜੁਲਾਈ 2021
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਅਧੀਨ ਮਾਸਟਰ ਕੇਡਰ ਦੀਆਂ ਅਸਾਮੀਆਂ ’ਤੇ ਕੀਤੀ ਭਰਤੀ ਤਹਿਤ ਚੁਣੇ ਸੂਬੇ ਭਰ ਦੇ 2392 ਮਾਸਟਰ ਕੇਡਰ ਉਮੀਦਵਾਰਾਂ ਨੂੰ ਨਿਯੁਕਤੀ ਪੱਧਰ ਦੇਣ ਲਈ ਅੱਜ ਸੂਬਾ ਪੱਧਰੀ ਵਰਚੁਅਲ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਜ਼ਿਲਾ ਬਰਨਾਲਾ ਵਿਚ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜ਼ਿਲੇ ਦੇ 12 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਜ਼ਿਲਾ ਬਰਨਾਲਾ ਵਿਚੋਂ ਮਾਸਟਰ ਕੇਡਰ ਤਹਿਤ ਭਰਤੀ ਹੋਈਆਂ ਸਾਰੀਆਂ ਉਮੀਦਵਾਰ ਲੜਕੀਆਂ ਹਨ। ਉਨਾਂ ਨਵ-ਨਿਯੁਕਤ ਅਧਿਆਪਕਾਵਾਂ ਨੂੰ ਬਿਹਤਰੀਨ ਕਰੀਅਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸ. ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੱਜ ਸੂਬੇ ਵਿਚ 2392 ਮਾਸਟਰ ਕੇਡਰ ਅਤੇ 569 ਲੈਕਚਰਾਰ ਕੇਡਰ ਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ ਗਏ ਹਨ। ਉਨਾਂ ਆਖਿਆ ਕਿ ਇਨਾਂ ਵਿਚੋਂ ਜ਼ਿਲਾ ਬਰਨਾਲਾ ਦੀਆਂ 12 ਅਧਿਆਪਕਾਵਾਂ ਨੂੰ ਵੀ ਨਿਯੁੁਕਤੀ ਪੱਤਰ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਇਹ ਉਮੀਦਵਾਰ ਮਾਸਟਰ ਕੇਡਰ ਟੈਸਟ ਪਾਸ ਕਰਨ ਮਗਰੋਂ ਮੈਰਿਟ ਦੇ ਆਧਾਰ ’ਤੇ ਭਰਤੀ ਹੋਏ ਹਨ।
ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਵਰਚੂਅਲ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸੂਬੇ ਦੇ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਜਾਣਕਾਰੀ ਦਿੱਤੀ ਹੈ ਕਿ ਸੂਬਾ ਸਰਕਾਰ 5896 ਹੋਰ ਅਧਿਆਪਕਾਂ ਦੀ ਭਰਤੀ ਜਲਦ ਕਰਨ ਜਾ ਰਹੀ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ 12461 ਅਧਿਆਪਕਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ, ਜਦੋਂਕਿ 13768 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਅਧੀਨ ਹੈ। ਉਨਾਂ ਇਸ ਮੌਕੇ ਇੰਡੀਅਨ ਸਕੂਲ ਆਫ ਬਿਜ਼ਨਸ, ਮੁਹਾਲੀ ਦੇ ਟ੍ਰਨਿੰਗ ਮਡਿਊਲ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਸੂਬੇ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਨਵ-ਨਿਯੁਕਤ ਅਧਿਆਪਕ ਸ਼ਿਲਪਾ ਰਾਣੀ ਅਤੇ ਰਮਨਦੀਪ ਕੌਰ (ਇੰਗਲਿਸ਼ ਮਿਸਟ੍ਰੈਸ) ਨੇ ਕਿਹਾ ਕਿ ਉਹ ਮਾਸਟਰ ਕੇਡਰ ਭਰਤੀ ਪ੍ਰਕਿਰਿਆ ਅਧੀਨ ਭਰਤੀ ਹੋਈਆਂ ਹਨ ਅਤੇ ਅੱੱਜ ਨਿਯੁਕਤੀ ਪੱਤਰ ਪ੍ਰਾਪਤ ਕਰ ਕੇ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ।
ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਹਰਕੰਵਲਜੀਤ ਕੌਰ, ਸਿਮਰਦੀਪ ਸਿੰਘ ਤੇ ਸਿੱਖਿਆ ਵਿਭਾਗ ਤੋਂ ਹੋਰ ਸਟਾਫ ਮੌਜੂਦ ਸੀ।