ਪੀੜਤਾਂ ਨੂੰ ਸਮੇਂ ਸਿਰ ਇਨਸਾਫ਼ ਤੇ ਮੁਆਵਜ਼ਾ ਯਕੀਨੀ ਬਣਾਇਆ ਜਾਵੇ – ਵਧੀਕ ਜ਼ਿਲ੍ਹਾ ਮੈਜਿਸਟਰੇਟ
ਫ਼ਿਰੋਜ਼ਪੁਰ, 10 ਜਨਵਰੀ 2024
ਅਨੁਸੂਚਿਤ ਜਾਤੀਆਂ ਦੇ ਅੱਤਿਆਚਾਰ ਰੋਕਥਾਮ ਐਕਟ 1989 ਦੇ ਰੂਲਜ਼ 1995 ਸਬੰਧੀ ਜ਼ਿਲ੍ਹਾ ਪੱਧਰ ਤੇ ਵਿਜੀਲੈਂਸ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਵਧੀਕ ਜ਼ਿਲ੍ਹਾ ਮੈਜਿਸਟਰੇਟ ਨਿਧੀ ਕੁਮਦ ਬਾਮਬਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਗਠਿਤ ਕਮੇਟੀ ਦੇ ਸਰਕਾਰੀ ਅਤੇ ਗੈਰ ਸਰਕਾਰੀ ਮੈਂਬਰ ਸ਼ਾਮਲ ਹੋਏ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਐਕਟ ਤਹਿਤ ਦਰਜ ਹੋਏ ਮੁਕੱਦਮੇ ਜੋ ਜੇਰੇ ਤਫਤੀਸ਼ ਹਨ, ਅੱਤਿਆਚਾਰ ਰੋਕਥਾਮ ਐਕਟ 1989 ਰੂਲਜ਼ 1995 ਸੋਧੇ ਰੂਲਜ਼ 2016 ਤਹਿਤ ਜਲਦ ਹੀ ਤਫਤੀਸ਼ ਮੁਕੰਮਲ ਕਰਕੇ ਰਿਪੋਰਟ ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜੋ ਇਸ ਸਕੀਮ ਤਹਿਤ ਪੀੜਤਾਂ ਨੂੰ ਸਮੇਂ ਸਿਰ ਇਨਸਾਫ ਦਿਵਾਇਆ ਜਾ ਸਕੇ। ਉਨਾਂ ਆਦੇਸ਼ ਦਿੱਤੇ ਕਿ ਜਿਲ਼੍ਹਾ ਅਟਾਰਨੀ ਨਾਲ ਤਾਲਮੇਲ ਕਰਨ ਉਪਰੰਤ ਅਤੇ ਕਾਨੂੰਨੀ ਰਾਏ ਲੈ ਕੇ ਐਕਟ ਤਹਿਤ ਪੀੜਤਾਂ ਨੂੰ ਸਮੇਂ ਸਿਰ ਮੁਆਵਜ਼ਾ ਮੁਹੱਈਆ ਕਰਵਾਇਆ ਜਾਵੇ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਗੁਰਮੀਤ ਸਿੰਘ ਬਰਾੜ ਵੱਲੋਂ ਜਿ਼ਲ੍ਹੇ ਅੰਦਰ ਅੱਤਿਆਚਾਰ ਰੋਕਥਾਮ ਐਕਟ 1989 ਦੇ ਰੂਲਜ਼ 1995 ਤਹਿਤ ਦਰਜ ਕੇਸਾਂ ਦੀ ਮੌਜੂਦਾ ਸਥਿਤੀ ਮਾਨਯੋਗ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਵਿੱਚ ਹੁਣ ਤੱਕ ਜਿ਼ਲ੍ਹੇ ਅੰਦਰ 37 ਮੁਕੱਦਮੇ ਦਰਜ ਹੋਏ, ਜਿਸ ਵਿੱਚ ਜੇਰੇ ਤਫਤੀਸ਼ ਕੇਸ 08, ਜੇਰੇ ਸਮਾਇਤ 09 ਕੇਸ ਅਤੇ ਅਖਰਾਜ/ਕੈਂਸਲ/ਬਰੀ/ਸਜ਼ਾ/ਫੈਸਲਾ ਹੋਏ 17 ਕੇਸਾਂ ਅਤੇ 03 ਮਾਨਯੋਗ ਅਦਾਲਤ ਵਿੱਚ ਸਿੱਧੇ ਤੌਰ ਤੇ ਦਰਖਾਸਤਾਂ ਦੇ ਆਧਾਰ ਤੇ ਚੱਲ ਰਹੇ ਕੇਸਾਂ ਬਾਰੇ ਦੱਸਿਆ ਗਿਆ।
ਮੀਟਿੰਗ ਵਿੱਚ ਸ਼੍ਰੀ ਬਲਕਾਰ ਸਿੰਘ ਉੱਪ ਪੁਲਿਸ ਕਪਤਾਨ (ਡੀ), ਉੱਪ ਜ਼ਿਲ੍ਹਾ ਅਟਾਰਨੀ ਸ਼੍ਰੀ ਲਖਵਿੰਦਰ ਸਿੰਘ, ਸ਼੍ਰੀ ਗੁਰਿੰਦਰ ਸਿੰਘ, ਸ਼੍ਰੀ ਵਿਜੈ ਸ਼ੈਰੀ, ਸ਼੍ਰੀ ਰਾਮ ਪ੍ਰਕਾਸ਼ ਅਤੇ ਹੋਰ ਸਰਕਾਰੀ ਅਤੇ ਗੈਰ ਸਰਕਾਰੀ ਮੈਂਬਰ ਹਾਜ਼ਰ ਸਨ।