ਅਫਵਾਹਾਂ ਤੋਂ ਬਚੋ, ਕੋਰੋਨਾ ਟੀਕਾ ਜਰੂਰ ਲਗਵਾਓ – ਐੱਸ.ਡੀ.ਐੱਮ. ਬਟਾਲਾ

ਬਟਾਲਾ, 13 ਮਈ , 2021 – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਦੀ ਦੂਜੀ ਲਹਿਰ ਨੂੰ ਬੇਅਸਰ ਕਰਨ ਲਈ ਟੀਕਾਕਰਨ ਮੁਹਿੰਮ ਤੇਜੀ ਨਾਲ ਚਲਾਈ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਵੈਕਸੀਨੇਸ਼ਨ ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚ ਟੀਕਾਕਰਨ ਦੇ ਸਪੈਸ਼ਲ ਕੈਂਪ ਲਗਾ ਕੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨ ਸਬੰਧੀ ਕੁਝ ਸ਼ਰਾਰਤੀ ਤੱਤਾਂ ਵੱਲੋਂ ਬੇਫਜੂਲ ਅਫਵਾਹਾਂ ਫੈਲਾਈਆਂ ਗਈਆਂ ਸਨ ਜੋ ਕਿ ਬਿਲਕੁਲ ਝੂਠੀਆਂ ਸਨ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਕੋਰੋਨਾ ਮਹਾਂਮਾਰੀ ਤੋਂ ਬਚਣ ਦਾ ਕਾਰਗਰ ਸਾਧਨ ਹੈ।
ਐੱਸ.ਡੀ.ਐੱਮ. ਬਟਾਲਾ ਨੇ 45 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਵੈਕਸੀਨ ਜਰੂਰ ਲਗਵਾਉਣ। ਉਨ੍ਹਾਂ ਦੱਸਿਆ ਕਿ ਵੈਕਸੀਨ ਲਗਾਉਣ ਨਾਲ ਵਿਅਕਤੀ ਦੀ ਸਰੀਰਕ ਸ਼ਕਤੀ ਵਿੱਚ ਕਾਫੀ ਵਾਧਾ ਹੁੰਦਾ ਹੈ ਅਤੇ ਇਸ ਮਹਾਂਮਾਰੀ ਨਾਲ ਲੜਨ ਲਈ ਪੂਰੀ ਤਰ੍ਹਾਂ ਸਮਰੱਥ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਖੁਦ ਅੱਗੇ ਆਈਏ ਅਤੇ ਸਿਹਤ ਵਿਭਾਗ ਦੁਆਰਾ ਦਿੱਤੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਕਰਕੇ ਇਸ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰੀਏ। ਐੱਸ.ਡੀ.ਐੱਮ. ਬਟਾਲਾ ਨੇ ਵੱਖ ਵੱਖ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਹੈ ਜੋ ਕੋਵਿਡ ਮਹਾਂਮਾਰੀ ਦੀ ਆਈ ਖਤਰਨਾਕ ਲਹਿਰ ਦਾ ਮੁਕਾਬਲਾ ਕਰਨ ਲਈ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੇ ਹਨ।
Spread the love