ਅੰਡਰ ਟ੍ਰਾਇਲ ਰਿਵੀਊ ਕਮੇਟੀ ਦੀ ਮੀਟਿੰਗ ਦੌਰਾਨ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ

ਨਵਾਂਸ਼ਹਿਰ, 8 ਸਤੰਬਰ 2021 ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੰਡਰ ਟ੍ਰਾਇਲ ਰਿਵੀਊ ਕਮੇਟੀ ਦੀ ਮੀਟਿੰਗ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕੰਵਲਜੀਤ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸਹਾਇਕ ਕਮਿਸ਼ਨਰ ਅਨਿਲ ਗੁਪਤਾ, ਸੀ. ਜੇ. ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹਰਪ੍ਰੀਤ ਕੌਰ, ਐਸ. ਪੀ ਵਜ਼ੀਰ ਸਿੰਘ ਖਹਿਰਾ ਅਤੇ ਹੋਰ ਅਧਿਕਾਰੀ ਹਾਜ਼ਰ ਹੌਏ। ਇਸ ਦੌਰਾਨ ਜ਼ਿਲਾ ਤੇ ਸੈਸ਼ਨ ਜੱਜ ਨੇ ਪ੍ਰੀ-ਲਿਟੀਗੇਟਿਵ ਮੈਟਰੀਮੋਨੀਅਲ ਡਿਸਪਿਊਟ ਹੈਲਪ ਡੈਸਕ ਵਿਚ ਐਨ. ਆਰ. ਆਈ ਥਾਣਾ ਅਤੇ ਹਿਊਮਨ ਸੈੱਲ ਵੱਲੋਂ ਕੇਸ ਭੇਜੇ ਜਾਣ ਦੀ ਹਦਾਇਤ ਕੀਤੀ, ਤਾਂ ਜੋ ਅਦਾਲਤੀ ਕਾਰਵਾਈ ਤੋਂ ਪਹਿਲਾਂ ਉਨਾਂ ਦਾ ਯੋਗ ਨਿਪਟਾਰਾ ਹੋ ਸਕੇ। ਉਨਾਂ ਕਿਹਾ ਕਿ ਤਿੰਨ ਸਾਲ ਪੁਰਾਣੇ ਕੇਸਾਂ ਦੀ ਸੂਚੀ ਜ਼ਿਲਾ ਕਾਨੂੰਨੀ ਸੇਵਾਵਾ ਅਥਾਰਟੀ ਦੇ ਦਫ਼ਤਰ ਵਿਚ ਜਲਦ ਤੋਂ ਜਲਦ ਭੇਜੀ ਜਾਵੇ, ਤਾਂ ਜੋ ਪੀੜਤਾਂ ਨੂੰ ਪੀੜਤ ਮੁਆਵਜ਼ਾ ਸਕੀਮ ਤਹਿਤ ਮੁਆਵਜ਼ਾ ਦਿਵਾਇਆ ਜਾ ਸਕੇ। ਉਨਾਂ ਕਿਹਾ ਕਿ ਧਾਰਾ 304-ਏ, 376 ਅਤੇ ਹੋਰਨਾਂ ਕੇਸਾਂ ਦੀ ਇਕ-ਇਕ ਐਫ. ਆਈ. ਆਰ ਕਾਪੀ ਵੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਭੇਜੀ ਜਾਵੇ। ਉਨਾਂ ਕਿਹਾ ਕਿ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਧਾਰਾ 138 ਦੇ ਕੇਸਾਂ ਵਿਚ ਦੋਸ਼ੀਆਂ ਲਈ ਹੈਲਪ ਡੈਸਕ ਵੀ ਖੋਲਿਆ ਜਾਵੇ। ਉਨਾਂ ਇਹ ਵੀ ਕਿਹਾ ਕਿ ਸਖੀ ਵੱਨ ਸਟਾਪ ਸੈਂਟਰ ਵਿਖੇ ਸਟਾਫ ਦੀ ਘਾਟ ਕਾਰਨ ਕਾਊਂਸਲਿੰਗ ਵਿਚ ਮੁਸ਼ਕਲ ਪੇਸ਼ ਆ ਰਹੀ ਹੈ। ਉਨਾਂ ਜ਼ਿਲਾ ਪ੍ਰੋਗਰਾਮ ਅਫ਼ਸਰ ਨੂੰ ਹਦਾਇਤ ਕੀਤੀ ਕਿ ਸਟਾਫ ਦੀ ਭਰਤੀ ਜਲਦ ਤੋਂ ਜਲਦ ਕਰਵਾਈ ਜਾਵੇ। ਉਨਾਂ 11 ਸਤੰਬਰ ਨੂੰ ਜ਼ਿਲਾ ਪੱਧਰ ’ਤੇ ਲੱਗ ਰਹੀ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਪ੍ਰਚਾਰ ਕਰਵਾਉਣ ਦੇ ਵੀ ਆਦੇਸ਼ ਦਿੱਤੇ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਲੋਕ ਅਦਾਲਤ ਦਾ ਲਾਭ ਲੈ ਸਕਣ।
ਕੈਪਸ਼ਨ :-ਅੰਡਰ ਟ੍ਰਾਇਲ ਰਿਵੀਊ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ।

 

Spread the love